ਮੁੱਖ ਮੰਤਰੀ ਮਾਨ ਨੇ ਰਾਜਪਾਲ ਦੀਆਂ 9 ਚਿੱਠੀਆਂ ਦਾ ਦਿੱਤਾ ਜਵਾਬ, ਦਿੱਤੀ ਇਹ ਸਲਾਹ
ਮੈਂ ਰਾਜਪਾਲ ਦੀਆਂ ਜਿੰਨੀਆਂ ਵੀ ਚਿੱਠੀਆਂ ਪੜ੍ਹੀਆਂ ਉਸ ਤੋਂ ਇੰਝ ਲੱਗਦਾ ਕਿ ਰਾਜਪਾਲ ਨੂੰ ਸੱਤਾ ਤੇ ਆਰਡਰ ਦੇਣ ਦੀ ਭੁੱਖ ਹੈ - ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਲਿਖੀਆਂ ਚਿੱਠੀਆਂ ਦਾ ਜਵਾਬ ਦੇ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਪੰਜਾਬ ਗਵਰਨਰ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕਰਾਂਗਾ ਕਿਉਂਕਿ ਉਹਨਾਂ ਨੇ ਕੱਲ੍ਹ ਪੰਜਾਬ ਦੇ ਲੋਕਾਂ ਨੂੰ ਰਾਸ਼ਟਰਪਤੀ ਸਾਸ਼ ਲਗਾਉਣ ਦੀ ਧਮਕੀ ਦਿੱਤੀ ਹੈ।
ਮੁੱਖ ਮੰਤਰੀ ਨੇ ਸਵਾਲ ਪੁੱਛਦਿਆਂ ਕਿਹਾ ਕਿ ਕੀ ਗਵਰਨਰ ਸਾਬ੍ਹ ਕਦੇ ਪੰਜਾਬ ਦੇ ਲੋਕਾਂ ਨਾਲ ਖੜੇ ਹਨ? ਉਹ ਹਮੇਸ਼ਾ ਪੁੱਠੇ ਸਿੱਧੇ ਸਵਾਲ ਕਰਦੇ ਰਹਿੰਦੇ ਹਨ। ਉਹਨਾਂ ਨੇ ਕਦੇ ਪੰਜਾਬ ਦੀ ਪੈਰਵੀ ਕੇਂਦਰ ਕੋਲ ਨਹੀਂ ਕੀਤੀ ਹਾਲਾਂਕਿ ਉਹਨਾਂ ਨੇ ਕਦੇ ਵੀ ਸਾਨੂੰ ਆ ਕੇ ਇਹ ਨਹੀਂ ਕਿਹਾ ਕਿ ਚੱਲੋ ਪੰਜਾਬ ਦੇ ਮੁੱਦਿਆਂ ਬਾਰੇ ਕੇਂਦਰ ਨਾਲ ਗੱਲਬਾਤ ਕਰੀਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕੀ ਯੂਟੀ ਮਤਲਬ ਬੀਜੇਪੀ, ਤੁਸੀਂ ਕੇਂਦਰ ਦੀ ਪੈਰਵੀ ਕਰ ਹਹੇ ਹੋ।
ਮੁੱਖ ਮੰਤਰੀ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ‘ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ ਵਿਚ ਜਾ ਕੇ ਉਹ ਵੀ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ਼ ਉਤਾਰ ਰਹੇ ਹਾਂ ਗਵਰਨਰ ਸਾਬ੍ਹ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਰਾਜਪਾਲ ਮੈਨੂੰ ਚਿੱਠੀ ਲਿਖਣ ਤੇ ਉਹ ਦੇ ਵਿਚ ਕੋਈ ਆਰਡਰ ਦੇਣ ਜਾਂ ਕੋਈ ਅਜਿਹੀ ਭਾਸ਼ਾ ਲਿਖਣ ਜਿਸ ਨਾਲ ਪੰਜਾਬੀਆਂ ਦੀ ਹੇਠੀ ਹੁੰਦੀ ਹੋਵੇ। ਅਸੀਂ ਸੋਚਦੇ ਹਾਂ ਕਿ ਚਲੋਂ ਕੋਈ ਗੱਲ ਨਹੀਂ ਠੀਕ ਹੋ ਜਾਣਗੇ ਪਰ ਨਹੀਂ ਉਨ੍ਹਾਂ ਨੂੰ ਉਪਰੋਂ ਹੁਕਮ ਆ ਰਹੇ ਹਨ, ਇਕੱਲਾ ਪੰਜਾਬ ਹੀ ਨਹੀਂ ਹੋਰ ਸੂਬੇ ਵੀ ਇਸ ਤੋਂ ਪੀੜਤ ਹਨ। ਕੱਲ੍ਹ ਜੋ ਮਾਨਯੋਗ ਰਾਜਪਾਲ ਨੇ ਪੰਜਾਬ ਦੇ ਬਾਸ਼ਿੰਦਿਆਂ, ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ ਮੈਂ ਤੁਹਾਡੇ ’ਤੇ ਰਾਸ਼ਟਰਪਤੀ ਸ਼ਾਸਨ ਲਗਾ ਦੇਵਾਂਗਾ ਇਹ ਠੀਕ ਨਹੀਂ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ 'ਤੇ ਤੰਜ਼ ਕੱਸਦਿਆਂ ਕਿਹਾ ਕਿ ਸ਼ਾਇਦ ਰਾਜਪਾਲ ਨੂੰ ਸੱਤਾ ਤੇ ਆਰਡਰ ਦੇਣ ਦੀ ਭੁੱਖ ਹੈ ਕਿਉਂਕਿ ਉਹਨਾਂ ਵੱਲੋਂ ਰਾਜਪਾਲ ਦੀਆਂ ਜਿੰਨੀਆਂ ਵੀ ਚਿੱਠੀਆਂ ਪੜ੍ਹੀਆਂ ਗਈਆਂ ਹਨ ਉਸ ਵਿਚੋਂ ਸੱਤਾ ਦੀ ਭੁੱਖ ਝਲਕਦੀ ਹੈ। ਉਹਨਾਂ ਨੇ ਰਾਜਪਾਲ ਨੂੰ ਸਲਾਹ ਦਿੰਦਿਆਂ ਕਿਹਾ ਕਿ ਰਾਜਪਾਲ ਨੂੰ ਭਾਜਪਾ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਚੋਣ ਲੜਨੀ ਚਾਹੀਦੀ ਹੈ ਤੇ ਫਿਰ ਉਹਨਾਂ ਨੂੰ ਪਾਵਰ ਮਿਲ ਜਾਵੇਗੀ ਤੇ ਉਹਨਾਂ ਆਰਡਰ ਵੀ ਦੇ ਸਕਿਆ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗਵਰਨਰ ਸਾਬ੍ਹ ਪੰਜਾਬੀਆਂ ਦੇ ਜਜ਼ਬਾਤਾਂ ਦਾ ਇਮਤਿਹਾਨ ਨਾ ਲਓ, ਦੇਸ਼ ਨੂੰ ਆਜ਼ਾਦੀ ਅਸੀਂ ਲੈ ਕੇ ਦਈਏ, ਦੇਸ਼ ਦਾ ਢਿੱਡ ਭਰਨ ਲਈ ਅਸੀਂ ਅੱਗੇ ਰਹੀਏ ਤੇ ਤੁਸੀਂ ਸਾਨੂੰ ਮਹੀਨੇ ਬਾਅਦ ਚਿੱਠੀ ਕੱਢ ਕੇ ਰਾਸ਼ਟਰਪਤੀ ਰਾਜ ਲਗਾਉਣ ਦੀ ਧਮਕੀ ਦਿੰਦੇ ਹੋ ਕਿ ਸਰਕਾਰ ਤੋੜ ਦੇਵਾਂਗੇ। ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਰਾਜਪਾਲ ਸਾਡੇ ਜਖ਼ਮਾਂ 'ਤੇ ਲੂਣ ਨਾ ਛਿੜਕਣ।
ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਵਲੋਂ ਵਨ ਵੇਅ ਚਿੱਠੀਆਂ ਰਹੀਆਂ ਹਨ ਤੇ ਰਾਜਪਾਲ ਥੋੜ੍ਹੇ ਸਮੇਂ ਬਾਅਦ ਹੀ ਚਿੱਠੀ ਲਿਖ ਕੇ ਜਵਾਬ ਮੰਗ ਲੈਂਦੇ ਹਨ ਪਰ ਅਸੀਂ ਰਾਜਪਾਲ ਦੀਆਂ ਸਾਰੀਆਂ ਚਿੱਠੀਆਂ ਦਾ ਜਵਾਬ ਦੇਵਾਂਗੇ ਪਰ ਉਹ ਪਹਿਲਾਂ ਜੋ 6 ਬਿੱਲ ਪੈਡਿੰਗ ਪਏ ਹਨ ਉਹਨਾਂ 'ਤੇ ਤਾਂ ਦਸਤਖ਼ਤ ਕਰ ਦੇਣ। ਇਸ ਦੇ ਨਾਲ ਹੀ ਦੱਸ ਦਈਏ ਕਿ ਰਾਜਪਾਲ ਨੇ ਮੁੱਖ ਮੰਤਰੀ ਤੋਂ ਕੱਲ੍ਹ ਵਾਲੀ ਚਿੱਠੀ ਵਿਚ ਨਸ਼ਿਆਂ ਸਬੰਧੀ ਰਿਪੋਰਟ ਵੀ ਮੰਗੀ ਸੀ ਜਿਸ ਦਾ ਜਵਾਬ ਵੀ ਮੁੱਖ ਮੰਤਰੀ ਨੇ ਦਿੱਤਾ ਹੈ।
ਅਪਣੀ ਰਿਪੋਰਟ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲਾਅ ਐਂਡ ਆਰਡਰ ਦੀ ਰੈਂਕਿੰਗ ਵਿਚ 140 ਨੰਬਰਾਂ ਵਿਚੋਂ 90.5 ਨੰਬਰ ਲੈ ਕੇ ਪਹਿਲੇ ਸਥਾਨ ’ਤੇ ਗੁਜਰਾਤ ਹੈ ਜਦਕਿ 85.1 ਨੰਬਰਾਂ ਨਾਲ ਦੂਜੇ ਨੰਬਰ ’ਤੇ ਪੰਜਾਬ ਹੈ। ਇਸ ਦੇ ਉਲਟ ਗੁਆਂਢੀ ਸੂਬਾ ਹਰਿਆਣਾ 37 ਨੰਬਰਾਂ ਨਾਲ 19ਵੇਂ ਨੰਬਰ ’ਤੇ ਅਤੇ ਰਾਜਸਥਾਨ 46 ਨੰਬਰਾਂ ਨਾਲ 16ਵੇਂ ਨੰਬਰ ’ਤੇ ਹੈ।
ਜਿਹੜਾ ਸੂਬਾ ਲਾਅ ਐਂਡ ਆਰਡਰ ਰੈਂਕਿੰਗ ਵਿਚ ਦੂਜੇ ਨੰਬਰ ’ਤੇ ਹੈ ਤੁਹਾਡੇ ਵਲੋਂ ਉਥੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਹੋਣ ਦਾ ਬਿਆਨ ਦੇਣਾ ਸਹੀ ਨਹੀਂ ਹੈ। ਮੁੱਖ ਮੰਤਰੀ ਨੇ ਰਾਜਪਾਲ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਮਨੀਪੁਰ ਦੀ ਘਟਨਾ ’ਤੇ ਕਦੇ ਕੋਈ ਬਿਆਨ ਦਿੱਤਾ। ਕੀ ਉਥੇ ਸੰਵਿਧਾਨ ਨਹੀਂ ਲਾਗੂ ਹੁੰਦਾ। ਯੂਪੀ ਵਿਚ ਕੀ ਕੁੱਝ ਹੋ ਰਿਹਾ।
ਇਸ ਦੇ ਬਾਵਜੂਦ ਵੀ ਯੂਪੀ ਦਾ ਗਵਰਨਰ ਪੱਤਰ ਨਹੀਂ ਲਿਖ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਗਵਰਨਰ ਨੇ 16 ਚਿੱਠੀਆਂ ਲਿਖੀਆਂ ਜਿਸ ਵਿਚੋਂ 9 ਦੇ ਸਰਕਾਰ ਨੇ ਜਵਾਬ ਦੇ ਦਿੱਤੇ ਹਨ ਅਤੇ ਬਾਕੀਆਂ ਦੇ ਜਵਾਬ ਵੀ ਦੇ ਦੇਵਾਂਗੇ। ਕੁੱਝ ਜਾਣਕਾਰੀ ਅਜਿਹੀ ਹੁੰਦੀ ਜਿਸ ਦੇ ਜਵਾਬ ਦੇਣ ਨੂੰ ਸਮਾਂ ਲੱਗਦਾ ਹੈ। ਜਦਕਿ ਇਸ ਦੇ ਉਲਟ ਗਵਰਨਰ ਕੋਲ ਪੰਜਾਬ ਦੇ ਪਿਛਲੇ ਡੇਢ ਸਾਲ ਦੇ 6 ਬਿੱਲ ਪੈਡਿੰਗ ਪਏ ਹਨ ਜਿਸ ’ਤੇ ਅਜੇ ਤਕ ਦਸਤਖ਼ਤ ਨਹੀਂ ਕੀਤੇ ਗਏ। ਦੋ ਬਿੱਲ ਤਾਂ ਕੈਪਟਨ ਸਰਕਾਰ ਦੇ ਸਮੇਂ ਦੇ ਹਨ, ਪਹਿਲਾਂ ਬਿੱਲਾਂ 'ਤੇ ਸਾਈਨ ਕਰ ਦੇਣ ਚਿੱਠੀਆਂ ਦੇ ਜਵਾਬ ਵੀ ਦੇ ਦਵਾਂਗੇ।