Amritsar News : 350 ਸਾਲਾ ਸ਼ਹੀਦੀ ਸ਼ਤਾਬਦੀ, ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਆਸਨਸੋਲ ਤੋਂ ਜਮਸ਼ੇਦਪੁਰ ਟਾਟਾ ਨਗਰ ਲਈ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News : ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ ਸਜਾਏ ਗਏ

350 ਸਾਲਾ ਸ਼ਹੀਦੀ ਸ਼ਤਾਬਦੀ, ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਆਸਨਸੋਲ ਤੋਂ ਜਮਸ਼ੇਦਪੁਰ ਟਾਟਾ ਨਗਰ ਲਈ ਰਵਾਨਾ

Amritsar News in Punjabi : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਗੁਰੂ ਨਾਨਕ ਆਸਨਸੋਲ ਤੋਂ ਅਗਲੇ ਪੜਾਅ ਜਮਸ਼ੇਦਪੁਰ ਟਾਟਾ ਨਗਰ ਲਈ ਰਵਾਨਾ ਹੋਇਆ।

ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਦੇ ਪ੍ਰਬੰਧਕਾਂ ਵੱਲੋਂ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ ਗਏ।

ਅੱਜ ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਆਸਨਸੋਲ ਤੋਂ ਆਰੰਭ ਹੋ ਕੇ ਕੁਮਾਡੁਬੀ, ਬਰਾਕਰ, ਨਿਰਸਾ, ਧਨਬਾਦ, ਬੋਕਾਰੋ, ਚਾਂਡਿਲ ਤੋਂ ਹੁੰਦਾ ਹੋਇਆ ਜਮਸ਼ੇਦਪੁਰ ਟਾਟਾ ਨਗਰ ਪੁੱਜਾ। ਰਸਤੇ ਵਿਚ ਵੱਖ-ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਸਤਿਕਾਰ ਦਿੱਤਾ ਗਿਆ। ਨਗਰ ਕੀਰਤਨ ਵਿਚ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਤੇ ਗਤਕਾ ਪਾਰਟਰੀਆਂ ਵੱਲੋਂ ਵੀ ਹਾਜ਼ਰੀ ਭਰੀ ਗਈ। ਸੰਗਤਾਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ।

ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਨਾਲ ਚੱਲ ਰਹੀ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ ਵਾਲੀ ਬੱਸ ਅਤੇ ਵੱਡਅਕਾਰੀ ਸਕਰੀਨਾਂ ’ਤੇ ਗੁਰੂ ਸਾਹਿਬ ਨਾਲ ਸੰਬੰਧਿਤ ਪਾਵਨ ਅਸਥਾਨਾਂ ਅਤੇ ਇਤਿਹਾਸ ਬਾਰੇ ਦਿਖਾਈਆਂ ਜਾ ਰਹੀਆਂ ਦਸਤਾਵੇਜ਼ੀ ਵੀਡੀਓ ਪ੍ਰਤੀ ਵੀ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ। ਇਹ ਨਗਰ ਕੀਰਤਨ ਅੱਜ ਰਾਤ ਜਮਸ਼ੇਦਪੁਰ ਟਾਟਾ ਨਗਰ ਰੁਕੇਗਾ, ਜਿਥੋਂ 27 ਅਗਸਤ ਨੂੰ ਅਗਲੇ ਪੜਾਅ ਰਾਂਚੀ (ਝਾਰਖੰਡ) ਲਈ ਰਵਾਨਾ ਹੋਵੇਗਾ। 

 

ਇਸ ਮੌਕੇ ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਵਧੀਕ ਸਕੱਤਰ ਸ. ਬਿਜੈ ਸਿੰਘ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਰਾਮ ਸਿੰਘ ਰਾਠੌਰ ਮੁੰਬਈ, ਇੰਚਾਰਜ ਸ. ਦਵਿੰਦਰ ਸਿੰਘ ਖੁਸ਼ੀਪੁਰ, ਮੈਨੇਜਰ ਸ. ਸਤਿੰਦਰ ਸਿੰਘ, ਭਾਈ ਜਗਦੇਵ ਸਿੰਘ, ਸਥਾਨਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਅਮਰਜੀਤ ਸਿੰਘ ਪ੍ਰਧਾਨ, ਭਾਈ ਬਲਵਿੰਦਰ ਸਿੰਘ ਸਕੱਤਰ ਸਮੇਤ ਸੰਗਤਾਂ ਹਾਜ਼ਰ ਸਨ।

 (For more news apart from 350th Martyrdom Centenary, Martyr Nagar Kirtan started from Assam, left Jamshedpur Tata Nagar from Asansol News in Punjabi, stay tuned to Rozana Spokesman)