Punjab News : ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਦੀ ਕਿਸਾਨ ਭਵਨ ਚੰਡੀਗੜ੍ਹ ’ਚ ਹੋਈ ਮੀਟਿੰਗ
Punjab News : ਕਿਸਾਨਾਂ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ, 'ਕਿਸਾਨ ਜਥੇਬੰਦੀਆਂ ਨੂੰ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ'- ਸਰਵਣ ਪੰਧੇਰ
Punjab News in Punjabi : ਕੇ. ਐੱਮ. ਐੱਮ. ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਏਕਤਾ ਮੀਟਿੰਗ ਕੀਤੀ ਅਤੇ ਦੋਹਾਂ ਫੋਰਮਾਂ ਵਿਚਕਾਰ ਏਕਤਾ ਦੇ ਸੰਭਾਵਨਾ ਪੱਖਾਂ ’ਤੇ ਵਿਚਾਰ ਚਰਚਾ ਕੀਤੀ । ਕੇ.ਐੱਮ.ਐੱਮ. ਨੇ ਇਸ ਮੀਟਿੰਗ ਨੂੰ ਸਕਾਰਾਤਮਕ ਅਤੇ ਰਚਨਾਤਮਕ ਕਹਿੰਦੇ ਹੋਏ ਵਿਸ਼ਵਾਸ ਜ਼ਾਹਰ ਕੀਤਾ ਕਿ ਨਜ਼ਦੀਕੀ ਭਵਿੱਖ ਵਿੱਚ ਦੋਵੇਂ ਪਲੇਟਫ਼ਾਰਮ ਘੱਟੋ-ਘੱਟ ਪ੍ਰੋਗਰਾਮ ਹੇਠ ਸਾਂਝੇ ਪ੍ਰੋਗਰਾਮ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਲੰਬੀ ਚਰਚਾ ਵਧੀਆ ਮਾਹੌਲ ਵਿੱਚ ਹੋਈ ਹੈ ਅਤੇ ਐਸ ਕੇ ਐਮ ਵੱਲੋਂ ਆਏ ਆਗੂਆਂ ਵੱਲੋਂ ਇਸ ਸਬੰਧੀ ਆਪਣੀ ਜਨਰਲ ਬਾਡੀ ਵਿੱਚ ਵਿਚਰਨ ਲਈ ਸਮਾਂ ਮੰਗਿਆ ਹੈ। ਕਿਸਾਨ ਮਜ਼ਦੂਰ ਮੋਰਚਾ ਵੱਲੋਂ ਆਪਣਾ ਪੱਖ ਲਿਖ਼ਤੀ ਰੂਪ ਵਿੱਚ ਵੀ ਐਸ ਕੇ ਐਮ ਨੂੰ ਮੁਹਈਆ ਕਰ ਦਿੱਤਾ ਜਾਵੇਗਾ।
ਕੇ.ਐੱਮ.ਐੱਮ. ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੱਖੀ ਆਲੋਚਨਾ ਕੀਤੀ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਰਾਜ ਭਰ ਦੇ ਕਿਸਾਨਾਂ ਨੂੰ ਵੱਡੇ ਨੁਕਸਾਨ ਝੱਲਣੇ ਪਏ ਹਨ, ਪਰ ਸਰਕਾਰ ਇਸ ਮੌਕੇ ਫੇਲ ਸਾਬਿਤ ਹੋਈ ਹੈ । ਉਹਨਾਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਅਤੇ ਮਜ਼ਦੂਰਾਂ ਨੂੰ 7 ਹਜ਼ਾਰ ਰੁਪਏ ਦਿੱਤੇ ਜਾਣ।
ਉਹਨਾਂ ਮੰਗ ਕੀਤੀ ਕਿ ਜਿੰਨਾ ਕਿਸਾਨਾਂ ਮਜਦੂਰਾਂ ਨੂੰ ਹੜ੍ਹ ਨਾਲ ਨੁਕਸਾਨ ਪਹੁੰਚਿਆ ਹੈ ਉਹਨਾਂ ਦੇ ਬੈਂਕ ਕਰਜ਼ਿਆਂ ਸਮੇਤ ਹਰ ਤਰ੍ਹਾਂ ਦੀਆਂ ਕਿਸ਼ਤਾਂ ਅਤੇ ਛਿਮਾਹੀ ਦਾ ਵਿਆਜ਼ ਮਾਫ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਟਰਾਲੀਆਂ ਦੀ ਚੋਰੀ ਦੀਆਂ ਘਟਨਾਵਾਂ ਬਾਰੇ ਕੇ.ਐੱਮ.ਐੱਮ. ਵੱਲੋਂ ਵੱਡੇ ਖੁਲਾਸੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਦੋ ਚੋਰੀ ਕੀਤੀਆਂ ਟਰਾਲੀਆਂ ਦੇ ਟਾਇਰ ਅਤੇ ਹੁੱਕ ਨਾਭਾ ਵਿਖੇ ਆਮ ਆਦਮੀ ਪਾਰਟੀ ਦੇ ਇਕ ਆਗੂ ਦੀ ਵਰਕਸ਼ਾਪ ਤੋਂ ਬਰਾਮਦ ਹੋਏ।
ਕੇ.ਐੱਮ.ਐੱਮ. ਦੇ ਅਨੁਸਾਰ ਪੂਰੇ ਸਬੂਤ ਇਕੱਠੇ ਕਰਨ ਤੋਂ ਬਾਅਦ, ਕੇ.ਐੱਮ.ਐੱਮ. ਦੀ ਜਥੇਬੰਦੀ ਬੀ ਕੇ ਯੂ ਏਕਤਾ ਅਜ਼ਾਦ ਦੇ ਕਾਰਕੁੰਨਾਂ ਨੇ ਪੁਲਿਸ ਦੇ ਨਾਲ ਮਿਲ ਕੇ ਛਾਪਾ ਮਾਰਿਆ, ਜਿੱਥੇ ਇਹ ਸਾਬਤ ਹੋਇਆ ਕਿ ਸੰਬੰਧਤ ਆਗੂ ਨੇ ਦੋ ਟਰਾਲੀਆਂ ਨੂੰ ਕੱਟ ਵੱਢ ਕੇ ਵੇਚ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਆਗੂ ਨਾਭਾ ਦੀ ਆਮ ਆਦਮੀ ਪਾਰਟੀ ਦੀ ਮਿਉਂਸਪਲ ਕਮੇਟੀ ਪ੍ਰਧਾਨ ਦਾ ਪਤੀ ਵੀ ਹੈ।
ਕੇ. ਐੱਮ. ਐੱਮ. ਨੇ ਐਲਾਨ ਕੀਤਾ ਕਿ ਇਸ ਘਿਨੌਣੇ ਕੰਮ ਵਿੱਚ ਸ਼ਾਮਲ ਆਗੂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਲਈ ਜਲਦੀ ਹੀ ਆਗੂਆਂ ਦਾ ਇਕ ਵਫ਼ਦ ਐੱਸ.ਐੱਸ.ਪੀ. ਪਟਿਆਲਾ ਨੂੰ ਮਿਲੇਗਾ। ਉਹਨਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਏਕਜੁੱਟ ਖੜ੍ਹਾ ਰਹੇਗਾ ਅਤੇ ਸੱਤਾ ਵਿਚ ਬੈਠੇ ਲੋਕਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਭ੍ਰਿਸ਼ਟ ਕਰਤੂਤਾਂ ਨੂੰ ਬੇਨਕਾਬ ਕਰਦਾ ਰਹੇਗਾ।
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ, ਡਾਕਟਰ ਦਰਸ਼ਨਪਾਲ, ਕੇ. ਪੀ. (ਕਿਸ਼ਨ ਪ੍ਰਸਾਦ) ਅਤੇ ਕੇ ਐਮ ਐਮ ਵੱਲੋਂ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਰਾਏ, ਬੀਬੀ ਸੁਖਵਿੰਦਰ ਕੌਰ, ਗੁਰਅਮਨੀਤ ਸਿੰਘ ਮਾਂਗਟ, ਬਲਦੇਵ ਸਿੰਘ ਜੀਰਾ, ਦਿਲਬਾਗ ਸਿੰਘ ਗਿੱਲ, ਮਨਜੀਤ ਸਿੰਘ ਨਿਆਲ਼, ਗੁਰਧਿਆਨ ਸਿੰਘ, ਬਲਕਾਰ ਸਿੰਘ ਬੈਂਸ, ਦਵਿੰਦਰ ਸਿੰਘ ਸੰਧੂ ਹਾਜ਼ਿਰ ਰਹੇ।
(For more news apart from Meeting of Kisan Mazdoor Morcha and Sanyukta Kisan Morcha at Kisan Bhawan, Chandigarh News in Punjabi, stay tuned to Rozana Spokesman)