ਪੰਜਾਬ ਨੇ ਗੰਧਲੇ ਪਾਣੀ ਦੀ ਸੁਚੱਜੀ ਵਰਤੋਂ ਲਈ ਕੌਮੀ ਐਵਾਰਡ ਜਿਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਦੇ ਅੰਨਦਾਤਾ ਮੰਨੇ ਜਾਂਦੇ ਪੰਜਾਬ ਵਿਚ ਵੀ ਜ਼ਮੀਨੀ ਪਾਣੀ ਦਾ ਸੰਕਟ ਪਾਣੀ ਦੇ ਪੱਧਰ ਦੇ ਵਾਂਗ ਹੀ ਡੂੰਘਾ ਹੁੰਦਾ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਦੇ ਸਾਹ ..

6ਵੇਂ ਇੰਡੀਆ ਵਾਟਰ ਵੀਕ-2019 ਦੌਰਾਨ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਸਨਮਾਨ ਪ੍ਰਾਪਤ ਕਰਦੇ ਪੰਜਾਬ ਦੇ ਅਧਿਕਾਰੀ।

ਚੰਡੀਗੜ੍ਹ  (ਸਸਸ): ਭਾਰਤ ਦੇ ਅੰਨਦਾਤਾ ਮੰਨੇ ਜਾਂਦੇ ਪੰਜਾਬ ਵਿਚ ਵੀ ਜ਼ਮੀਨੀ ਪਾਣੀ ਦਾ ਸੰਕਟ ਪਾਣੀ ਦੇ ਪੱਧਰ ਦੇ ਵਾਂਗ ਹੀ ਡੂੰਘਾ ਹੁੰਦਾ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਦੇ ਸਾਹ ਕੁੜਿਕੀ ਵਿਚ ਆਏ ਹੋਏ ਹਨ। ਸੂਬਾ ਸਰਕਾਰ ਵੱਲੋਂ ਪਾਣੀ ਦੀ ਸੰਭਾਲ ਲਈ ਕਈ ਕਾਰਗਰ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਵਲੋਂ ਹਰੇਕ ਪਿੰਡ ਵਿਚ 550 ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਸਿਰਫ਼ ਵਾਤਾਵਰਣ ਹੀ ਹਰਿਆਵਲ ਨਹੀਂ ਹੋਵੇਗਾ, ਸਗੋਂ ਪਾਣੀ ਦੇ ਹੇਠਾਂ ਡਿੱਗ ਰਹੇ ਪੱਧਰ ਵਿਚ ਵੀ ਸੁਧਾਰ ਹੋਵੇਗਾ।

ਇਸ ਤੋਂ ਇਲਾਵਾ ਗੰਧਲੇ ਪਾਣੀ ਨੂੰ ਟਰੀਟਮੈਂਟ ਪਲਾਂਟਾਂ ਨਾਲ ਸਾਫ਼ ਕਰ ਕੇ ਮੁੜ ਵਰਤੋਂ 'ਚ ਵੀ ਲਿਆਉਣ ਲਈ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਜਿਸ ਵਜੋਂ ਪੰਜਾਬ ਸਰਕਾਰ ਨੂੰ ਨੈਸ਼ਨਲ ਵਾਟਰ ਮਿਸ਼ਨ (ਐਨ.ਡਬਲਯੂ.ਐਮ.) ਵਾਟਰ ਐਵਾਰਡਜ਼ ਵੱਲੋਂ ਸਨਮਾਨਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਐਵਾਰਡ ਨੈਸ਼ਨਲ ਵਾਟਰ ਮਿਸ਼ਨ ਦੇ 5 ਟੀਚਿਆਂ ਦੇ 10 ਵੱਖੋ-ਵੱਖ ਵਰਗਾਂ ਅਧੀਨ ਦਿੱਤੇ ਗਏ।

ਨੈਸ਼ਨਲ ਵਾਟਰ ਮਿਸ਼ਨ ਵਲੋਂ ਦੇਸ਼ ਭਰ ਲਈ ਘੋਸ਼ਿਤ ਕੁੱਲ 23 ਅਵਾਰਡਾਂ ਵਿਚੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਨੇ ਜ਼ਿਲ੍ਹਾ ਕਪੂਰਥਲਾ ਵਿਚ ਪੈਂਦੇ ਫਗਵਾੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਟ੍ਰੀਟਡ ਪਾਣੀ ਦੀ ਸੁਚੱਜੀ ਵਰਤੋਂ ਲਈ ਅਵਾਰਡ ਜਿੱਤਿਆ ਹੈ। ਇਹ ਐਵਾਰਡ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ 6ਵੇਂ ਇੰਡੀਆ ਵਾਟਰ ਵੀਕ-2019 ਦੌਰਾਨ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਦਿੱਤਾ ਗਿਆ।

ਇਸ ਮੌਕੇ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਜਲ ਸ਼ਕਤੀ ਰਾਜ ਮੰਤਰੀ ਰਤਨ ਲਾਲ ਕਟਾਰਿਆ ਅਤੇ ਜਲ ਸੋਮੇ ਵਿਭਾਗ ਦੇ ਸਕੱਤਰ ਯੂ.ਪੀ. ਸਿੰਘ ਵੀ ਹਾਜ਼ਰ ਸਨ। ਸੂਬੇ ਵੱਲੋਂ ਆਈ.ਐਫ.ਐਸ. ਮੁੱਖ ਭੂਮੀ ਪਾਲ ਪੰਜਾਬ ਧਰਮਿੰਦਰ ਸ਼ਰਮਾ ਨੇ ਐਵਾਰਡ ਪ੍ਰਾਪਤ ਕੀਤਾ। ਪੰਜਾਬ ਨੂੰ 'ਜਲ ਸੰਭਾਲ, ਵਾਧਾ ਅਤੇ ਸੁਰੱਖਿਆ ਲਈ ਨਾਗਰਿਕ ਅਤੇ ਰਾਜ ਪਧਰੀ ਉੱਦਮਾਂ ਨੂੰ ਉਤਸ਼ਾਹਤ ਕਰਨ' ਸ਼੍ਰੇਣੀ ਅਧੀਨ ਐਵਾਰਡ ਦਿੱਤਾ ਗਿਆ ਹੈ।

ਧਰਮਿੰਦਰ ਸ਼ਰਮਾ ਨੇ ਦਸਿਆ ਕਿ ਸਾਲ 2017 ਵਿਚ ਫਗਵਾੜਾ ਐਸ.ਟੀ.ਪੀ. ਤੋਂ ਟ੍ਰੀਟਡ ਪਾਣੀ ਦੇ ਸੰਚਾਰ ਲਈ ਲਗਭਗ 12 ਕਿਲੋਮੀਟਰ ਲੰਮਾਂ ਜਮੀਨਦੋਜ਼ ਪਾਈਪਲਾਈਨ ਨੈਟਵਰਕ ਮੁਕੰਮਲ ਕੀਤਾ ਗਿਆ ਸੀ। ਇਸ ਐਸ.ਟੀ.ਪੀ. ਦਾ ਡਿਸਚਾਰਜ 28 ਐਮ.ਐਲ.ਡੀ ਹੈ ਅਤੇ ਟ੍ਰੀਟਡ ਪਾਣੀ ਨਾਲ 260 ਕਿਸਾਨ ਪਰਵਾਰਾਂ ਦੇ ਲਗਭਗ 1050 ਏਕੜ ਰਕਬੇ ਦੀ ਸਿੰਚਾਈ ਹੋ ਰਹੀ ਹੈ।

ਧਰਮਿੰਦਰ ਸ਼ਰਮਾ ਨੇ ਦਸਿਆ ਕਿ ਇਸ ਪ੍ਰਾਜੈਕਟਰ ਨੇ ਗ਼ੈਰ-ਰਵਾਇਤੀ ਜਲ ਵਰਤਣ ਦੇ ਨਾਲ-ਨਾਲ ਖੇਤਾਂ ਵਿਚ ਪਾਣੀ ਦੀ ਵਰਤੋਂ ਵਿਚ ਕੁਸ਼ਲਤਾ ਦੇ ਦੋਹਰੇ ਉਦੇਸ਼ ਨੂੰ ਉਤਸ਼ਾਹਿਤ ਕੀਤਾ ਹੈ। ਅਜਿਹੇ ਪ੍ਰਾਜੈਕਟ ਉਸਾਰਣ ਵਾਲਾ ਪੰਜਾਬ ਇਕ ਮੋਢੀ ਸੂਬਾ ਹੈ ਅਤੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ 1700 ਐਮ.ਐਲ.ਡੀ. ਗੰਦੇ ਪਾਣੀ ਨੂੰ ਐਸ.ਟੀ.ਪੀ ਪਲਾਂਟਾਂ ਵਿਚ ਟਰੀਟ ਕਰ ਕੇ ਲਗਭਗ 60,000 ਹੈਕਟੇਅਰ ਰਕਬੇ ਨੂੰ ਗ਼ੈਰ-ਰਵਾਇਤੀ ਸਿੰਚਾਈ ਪਾਣੀ ਦਾ ਸਰੋਤ ਉਪਲੱਬਧ ਕਰਵਾਉਣ ਦੀ ਸਮੱਰਥਾ ਹੈ।

ਇਸ ਦਿਸ਼ਾ 'ਚ 40 ਐਸ.ਟੀ.ਪੀ ਪਲਾਂਟਾਂ ਵਿਚ 280 ਐਮ.ਐਲ.ਡੀ. ਟਰੀਟਡ ਪਾਣੀ ਨੂੰ 8500 ਹੈਕਟੇਅਰ ਰਕਬੇ ਦੀ ਸਿੰਚਾਈ ਲਈ ਵਰਤੋਂ ਲਈ ਬੁਨਿਆਦੀ ਢਾਂਚੇ ਦੀ ਉਸਾਰੀ ਮੁਕੰਮਲ ਕਰ ਲਈ ਗਈ ਹੈ। ਰਾਜ ਸਰਕਾਰ ਵੱਲੋਂ ਹਾਲ 'ਚ 25 ਕਸਬਿਆਂ ਲਈ ਅਜਿਹੇ ਸਿੰਚਾਈ ਢਾਂਚੇ ਦੀ ਉਸਾਰੀ ਲਈ ਇਕ ਨਵਾਂ ਪ੍ਰਾਜੈਕਟ ਪ੍ਰਵਾਨ ਕੀਤਾ ਗਿਆ ਹੈ। ਇਸ ਮੌਕੇ ਆਈ.ਏ.ਐਸ. ਵਧੀਕ ਮੁੱਖ ਸਕੱਤਰ (ਵਿਕਾਸ) ਪੰਜਾਬ ਵਿਸਵਾਜੀਤ ਖੰਨਾ ਨੇ ਕਿਹਾ ਕਿ ਦਿਨੋਂ-ਦਿਨ ਪਾਣੀ ਦਾ ਪੱਧਰਾ ਡਿੱਗ ਰਿਹਾ ਹੈ। ਇਸ ਲਈ ਜ਼ਿੰਮੇਵਾਰੀ ਅਤੇ ਕੁਸ਼ਲ ਢੰਗ ਨਾਲ ਪਾਣੀ ਦੀ ਵਰਤੋਂ ਅਤੇ ਦੁਬਾਰਾ ਵਰਤੋਂ ਯਕੀਨੀ ਬਣਾਉਣ ਲਈ ਅਜਿਹੇ ਮੋਢੀ ਪ੍ਰਾਜੈਕਟ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਖਾਸ ਪ੍ਰਾਜੈਕਟ ਅਜਿਹੇ ਬੁਹਤ ਸਾਰੇ ਪ੍ਰਾਜੈਕਟਾਂ ਦਾ ਹਿੱਸਾ ਹੈ ਜਿਨ੍ਹਾਂ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਟ੍ਰੀਟਡ ਪਾਣੀ ਨੂੰ ਸਿੰਚਾਈ ਲਈ ਵਰਤਣ ਵਿਚ ਸਫਲ ਹੋਏ ਹਾਂ। ਇਸ ਨਾਲ ਪੀਣ-ਯੋਗ ਵਰਤੋਂ ਲਈ ਤਾਜ਼ੇ ਪਾਣੀ ਦੀ ਬਚਤ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਵਿਭਾਗ ਨੇ ਸੂਬੇ 'ਚ ਅਜਿਹੇ ਬਹੁਤ ਸਾਰੇ ਪ੍ਰਾਜੈਕਟ ਲਾਗੂ ਕਰਨ ਦੀ ਯੋਜਨਾ ਬਣਾਈ ਗਈ ਹੈ।