ਚੀਨ ਦੀ ਸਰਹੱਦ 'ਤੇ ਸ਼ਹੀਦ ਹੋਇਆ ਇਕ ਹੋਰ ਪੰਜਾਬੀ ਜਵਾਨ
ਡਿਊਟੀ ਦੌਰਾਨ ਆਉਂਦਿਆਂ ਡੂੰਘੀ ਖੱਡ 'ਚ ਡਿੱਗੀ ਗੱਡੀ
ਮਾਨਸਾ:ਪੰਜਾਬ ਦਾ ਇਕ ਹੋਰ ਪੁੱਤ ਜਸਵੰਤ ਸਿੰਘ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹੀਦੀ ਪਾ ਗਿਆ। ਮਾਨਸਾ ਦੇ ਕਸਬਾ ਭੀਖੀ ਦਾ ਰਹਿਣ ਵਾਲਾ ਇਹ ਜਵਾਨ ਆਈਟੀਬੀਪੀ ਵਿਚ ਨੌਕਰੀ ਕਰਦਾ ਸੀ ਅਤੇ ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੀ ਸਰਹੱਦ 'ਤੇ ਤਾਇਨਾਤ ਸੀ।
ਜਸਵੰਤ ਸਿੰਘ ਡਿਊਟੀ ਦੌਰਾਨ ਬਟਾਲੀਅਨ ਦੀ ਗੱਡੀ ਲੈ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਉਨ੍ਹਾਂ ਦੀ ਗੱਡੀ 250 ਮੀਟਰ ਡੂੰਘੀ ਖਾਈ ਵਿਚ ਡਿੱਗ ਗਈ ਅਤੇ ਜਸਵੰਤ ਸਿੰਘ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਜਸਵੰਤ ਸਿੰਘ ਅਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ ਛੱਡ ਗਿਆ, ਜਿਨ੍ਹਾਂ ਦਾ ਰੋ-ਰੋ ਬੁਰਾ ਹਾਲ ਹੈ।
ਜਸਵੰਤ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ 2008 ਵਿਚ ਆਈਟੀਬੀਪੀ ਵਿਚ ਭਰਤੀ ਹੋਇਆ ਸੀ, ਹੁਣ ਉਸ ਨੇ ਇਕ ਮਹੀਨੇ ਮਗਰੋਂ ਛੁੱਟੀ ਆਉਣਾ ਸੀ ਪਰ ਇਹ ਹਾਦਸਾ ਵਾਪਰ ਗਿਆ। ਉਹਨਾਂ ਕਿਹਾ ਕਿ ਪੂਰੇ ਇਲਾਕੇ ਨੂੰ ਮੇਰੇ ਭਰਾ 'ਤੇ ਮਾਣ ਹੈ, ਜਿਸ ਨੇ ਦੇਸ਼ ਲਈ ਅਪਣੀ ਜਾਨ ਕੁਰਬਾਨ ਕੀਤੀ ਹੈ।
ਭੀਖੀ ਦੇ ਹੀ ਇਕ ਸਾਬਕਾ ਫ਼ੌਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਬਹੁਤ ਹੀ ਚੰਗੇ ਸੁਭਾਅ ਦਾ ਮਾਲਕ ਸੀ ਅਤੇ ਪੈਨਸ਼ਨ ਲੈਣ ਦੇ ਸੁਪਨੇ ਦੇਖਦਾ ਸੀ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, ਚੀਨ ਦੇ ਬਾਰਡਰ ਨੇੜੇ ਉਸ ਦੀ ਸ਼ਹਾਦਤ ਹੋ ਗਈ। ਦੱਸ ਦਈਏ ਕਿ ਸ਼ਹੀਦ ਜਵਾਨ ਜਸਵੰਤ ਸਿੰਘ ਦਾ ਅੰਤਿਮ ਸੰਸਕਾਰ ਗੁਹਾਟੀ ਵਿਚ ਕੀਤਾ ਜਾਵੇਗਾ, ਜਿਸ ਦੇ ਲਈ ਸ਼ਨੀਵਾਰ ਸਵੇਰੇ ਪਰਿਵਾਰ ਰਵਾਨਾ ਹੋ ਗਿਆ।