ਕੈਪਟਨ ਸੰਦੀਪ ਸੰਧੂ ਵਲੋਂ ਕਰਵਾਏ ਜਾ ਰਹੇ ਕੰਮਾਂ ਦੀ ਹੋਣ ਲੱਗੀ ਚਰਚਾ
ਕੈਪਟਨ ਸੰਦੀਪ ਸੰਧੂ ਵਲੋਂ ਕਰਵਾਏ ਜਾ ਰਹੇ ਕੰਮਾਂ ਦੀ ਹੋਣ ਲੱਗੀ ਚਰਚਾ
ਹਲਕਾ ਦਾਖਾ ਦੇ ਸਿਆਸੀ ਸਮੀਕਰਨ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਹੋਣ ਲੱਗੇ
ਜਗਰਾਉਂ, 25 ਸਤੰਬਰ (ਪਰਮਜੀਤ ਸਿੰਘ ਗਰੇਵਾਲ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿਲਾਂ ਵਿਰੁਧ ਕਿਸਾਨ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ, ਜਿੱਥੇ ਇਨ੍ਹਾਂ ਬਿਲਾ ਵਿਰੁਧ ਪੰਜਾਬ ਦਾ ਕਿਸਾਨ ਸੜਕਾਂ 'ਤੇ ਉੱਤਰ ਆਇਆ ਹੈ, ਉੱਥੇ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੀ ਪਿੱਠ 'ਤੇ ਆ ਖਲੋਤੀਆਂ ਹਨ। ਸੱਭ ਤੋਂ ਔਖੀ ਸਥਿਤੀ ਅਕਾਲੀ ਦਲ ਲਈ ਬਣ ਗਈ ਹੈ, ਜੋ ਹੁਣ ਤਕ ਇਨ੍ਹਾਂ ਬਿਲਾਂ ਦੀ ਹਮਾਇਤ ਠੋਕ ਵਜਾ ਕੇ ਕਰਦਾ ਰਿਹਾ ਹੈ ਅਤੇ ਕਿਸਾਨਾਂ ਦੇ ਵੱਧਦੇ ਰੋਹ ਤੋਂ ਬਾਅਦ ਇਕਦਮ ਯੂ ਟਰਨ ਲੈਂਦਿਆਂ ਬਿੱਲਾਂ ਦੀ ਵਿਰੋਧਤਾ ਕਰਨ ਲੱਗਾ ਹੈ ।
ਤਾਲਾਬੰਦੀ ਦੌਰਾਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਲੋਕਾਂ ਨਾਲ ਪਿੰਡ-ਪਿੰਡ ਬਣਾਏ ਰਾਬਤੇ ਅਤੇ ਹਲਕੇ ਦੇ ਜੰਗੀ ਪੱਧਰ 'ਤੇ ਚੱਲਦੇ ਵਿਕਾਸ ਕਾਰਜਾਂ ਕਾਰਨ ਵਿਧਾਇਕ ਇਯਾਲੀ ਪਿਛਲੇ ਕਰੀਬ 2 ਹਫ਼ਤਿਆਂ ਤੋਂ ਹਲਕੇ ਦੇ ਅੱਧੀ ਦਰਜਨ ਪਿੰਡਾਂ ਵਿਚ ਜਾ ਕੇ ਗ੍ਰਾਂਟਾ ਲਈ ਮੋਦੀ ਸਰਕਾਰ ਦਾ ਧਨਵਾਦ ਕਰਦੇ ਨਹੀਂ ਸਨ ਥੱਕਦੇ ਪ੍ਰੰਤੂ ਹੁਣ ਹਰਸਿਮਰਤ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਇਯਾਲੀ ਨੇ ਅਪਣੇ ਸੁਰ ਬਦਲਦਿਆਂ 2 ਦਿਨ ਪਹਿਲਾ ਟਰੈਕਟਰ ਰੈਲੀ ਕੱਢੀ ਜਿਸ ਵਿਚ ਜੰਮ ਕੇ ਕੇਂਦਰ ਨੂੰ ਭੰਡਿਆ, ਉਸੇ ਦਿਨ ਹੀ ਕੈਪਟਨ ਸੰਦੀਪ ਸੰਧੂ ਵਲੋ ਦਾਖਾ ਦੇ ਕਿਸਾਨਾਂ ਨਾਲ ਭਰਵੀਂ ਟਰੈਕਟਰ ਰੈਲੀ ਬੱਦੋਵਾਲ ਤੋਂ ਕੱਢੀ ਗਈ ਜਿਸ ਵਿਚ ਹੋਏ ਰਿਕਾਰਡਤੋੜ ਇਕੱਠ ਨੇ ਹਲਕਾ ਦਾਖਾ ਦੇ ਪਿੱਛਲੇ ਰਿਕਾਰਡ ਤੋੜ ਦਿਤੇ।
ਇਸ ਸਬੰਧੀ ਜਦ ਆਮ ਲੋਕਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਲੋਕਾ ਦਾ ਕਹਿਣਾ ਸੀ ਕਿ ਅਕਾਲੀ ਦਲ ਕਿਸ ਮੂੰਹ ਨਾਲ ਕੇਂਦਰ ਵਿਰੁਧ ਇਹ ਰੈਲੀ ਕਰ ਰਿਹਾ ਹੈ ਜਦ ਕਿ ਕੁੱਝ ਦਿਨ ਪਹਿਲਾਂ ਇਹੀ ਲੋਕ ਪ੍ਰਧਾਨ ਮੰਤਰੀ ਦੀਆਂ ਸਿਫ਼ਤਾਂ ਕਰਦੇ ਨਹੀਂ ਸੀ ਥੱਕਦੇ। ਹੁਣ ਅੱਗੇ ਹਲਕਾ ਦਾਖਾ ਦੀ ਸਿਆਸਤ ਕੀ ਰੁੱਖ ਅਪਣਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਪ੍ਰੰਤੂ ਹਲਕਾ ਦਾਖਾ ਦੇ ਅੱਜ ਦੇ ਸਿਆਸੀ ਸਮੀਕਰਨ ਹਲਕੇ ਦੀ ਬਦਲਦੀ ਸਿਆਸੀ ਤਸਵੀਰ ਪੇਸ਼ ਕਰ ਰਹੇ ਹਨ ।
ਫੋਟੋ ਫਾਈਲ : ਜਗਰਾਉਂ ਗਰੇਵਾਲ-5
ਕੈਪਸ਼ਨ : ਕੈਪਟਨ ਸੰਦੀਪ ਸੰਧੂ।