'ਤਿੰਨੇ ਆਰਡੀਨੈਂਸ ਖ਼ਤਮ ਕਰੋ' ਅੰਦੋਲਨ ਪ੍ਰਤੀ ਕਿਸਾਨਾਂ ਦੇ ਸੰਘਰਸ਼ ਨੂੰ ਕਬੂਲ ਕਰੇ ਸਰਕਾਰ: ਰਾਮੂਵਾਲੀਆ

ਏਜੰਸੀ

ਖ਼ਬਰਾਂ, ਪੰਜਾਬ

'ਤਿੰਨੇ ਆਰਡੀਨੈਂਸ ਖ਼ਤਮ ਕਰੋ' ਅੰਦੋਲਨ ਪ੍ਰਤੀ ਕਿਸਾਨਾਂ ਦੇ ਸੰਘਰਸ਼ ਨੂੰ ਕਬੂਲ ਕਰੇ ਸਰਕਾਰ: ਰਾਮੂਵਾਲੀਆ

image

ਨਵੀਂ ਦਿੱਲੀ, 25 ਸਤੰਬਰ (ਸੁਖਰਾਜ ਸਿੰਘ): ਲੋਕ ਭਲਾਈ ਮਿਸ਼ਨ ਦੇ ਕੌਮੀ  ਪ੍ਰਧਾਨ ਅਤੇ ਐਮ.ਐਲ.ਸੀ ਉੱਤਰ ਪ੍ਰਦੇਸ਼ ਬਲਵੰਤ ਸਿੰਘ ਰਾਮੂਵਾਲੀਆ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਪੌਣੀ ਸਦੀ ਦੀ ਰਾਜਨੀਤੀ ਦੇ ਮੰਥਨ ਉਪਰੰਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਲਾਹ ਦਿੰਦਾ ਹਾਂ ਕਿ, 'ਤਿੰਨ ਆਰਡੀਨੈਂਸ ਖ਼ਤਮ ਕਰੋ' ਅੰਦੋਲਨ ਪ੍ਰਤੀ ਇਮਾਨਦਾਰੀ ਦਿਖਾਉਂਦਿਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਅਗਵਾਈ ਕਬੂਲ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਕਈਆਂ ਸਾਲਾ ਤੋਂ ਸਿਰਫ਼ ਤੇ ਸਿਰਫ਼ ਕਿਸਾਨੀ ਹਿਤਾਂ, ਕਸ਼ਟਾਂ ਅਤੇ ਕੁਰਬਾਨੀਆਂ ਭਰਿਆ ਸੰਘਰਸ਼ ਕਰ ਰਹੀਆਂ ਹਨ ਜਦਕਿ ਸਿਆਸੀ ਪਾਰਟੀਆਂ ਉੱਤੇ ਸੰਘਰਸ਼ਾਂ ਵਿਚ ਵੋਟਾਂ ਦੀ ਖ਼ੁਦਗਰਜ਼ੀ ਦੇ ਦੋਸ਼ ਝੂਠੇ ਨਹੀਂ ਹਨ, ਹਰ ਪਾਰਟੀ ਦੇ ਕਈ ਪਾਸੀ ਵੋਟਾਂ ਖ਼ਾਤਰ ਪੈਰ ਫ਼ਸੇ ਹਨ।
   ਭਾਵੇਂ ਕਿਰਲੀ ਹਜ਼ਾਰ ਸੌਹਾਂ ਖ਼ਾ ਕੇ ਕਹੇ ਕਿ ਉਹ ਰੌਸ਼ਨੀ ਦੀ ਮੁਹੱਬਤ ਵਿਚ ਆਈ ਹੈ ਸਦਾ ਸੱਚ ਇਹ ਹੈ ਕਿ ਉਸ ਦੀ ਅੱਖ ਭਮੱਕੜ ਖਾਣ ਵਿਚ ਹੀ ਹੁੰਦੀ ਹੈ। ਸ. ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਜ਼ੋਰਦਾਰ ਸਲਾਹ ਦਿੰਦਿਆਂ ਕਿਹਾ ਹੈ ਕਿ ਜੇ ਇਹ ਤਿੰਨੋਂ ਆਰਡੀਨੈਂਸ ਸਰਬ ਰੋਗਾਂ ਦੀ ਔਸ਼ਧੀ ਹਨ ਤਾਂ  ਇਕੱਲੇ ਗੁਜਰਾਤ ਵਿਚ ਇਹ ਤਿੰਨੋਂ ਆਰਡੀਨੈਂਸ ਪੰਜ ਸਾਲ ਲਈ ਲਾਗੂ ਕਰ ਕੇ ਤਜ਼ਰਬਾ ਕਰੋ। ਜੇਕਰ ਗੁਜਰਾਤੀ ਕਿਸਾਨ ਇਨ੍ਹਾਂ ਆਰਡੀਨੈਂਸਾਂ ਨੂੰ ਸਵਰਗਾਂ ਦੇ ਮਾਲਕ ਭਗਵਾਨ ਇੰਦਰ ਤੇ ਤੇਤੀ ਕਰੋੜ ਦੇਵਤਿਆਂ ਦਾ ਭੇਜਿਆ ਤੋਹਫ਼ਾ ਕਹਿਣ ਤਾਂ ਪਿੱਛੋਂ ਸਾਰੇ ਦੇਸ਼ ਵਿੱਚ ਇਸ ਨੂੰ  ਲਾਗੂ ਕਰ ਦਿਉ।