ਵਿਰੋਧੀ ਧਿਰ ਅਫ਼ਵਾਹਾਂ ਫੈਲਾਅ ਕੇ ਕਿਸਾਨਾਂ ਨੂੰ ਭਰਮਾ ਰਹੀ ਹੈ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਵਿਰੋਧੀ ਧਿਰ ਅਫ਼ਵਾਹਾਂ ਫੈਲਾਅ ਕੇ ਕਿਸਾਨਾਂ ਨੂੰ ਭਰਮਾ ਰਹੀ ਹੈ : ਮੋਦੀ

image

ਬਿਲਾਂ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਜੀਵਨ 'ਚ ਤਬਦੀਲੀ ਲਿਆਉਣ ਵਾਲਾ ਦਸਿਆ

ਨਵੀਂ ਦਿੱਲੀ, 25 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਸੰਘ ਦੇ ਪ੍ਰਧਾਨ ਰਹੇ ਪੰਡਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਮੌਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੂੰ ਵੀਡੀਊ ਕਾਨਫ਼ਰੰਸ ਦੇ ਮਾਧਿਅਮ ਨਾਲ ਸੰਬੋਧਨ ਕਰਦੇ ਮੋਦੀ ਨੇ ਸੰਸਦ 'ਚ ਪਾਸ ਹੋਏ ਖੇਤੀਬਾੜੀ ਅਤੇ ਮਜ਼ਦੂਰਾਂ ਦੇ ਕਲਿਆਣ ਨਾਲ ਸਬੰਧਤ ਬਿਲਾਂ ਨੂੰ ਉਨ੍ਹਾਂ ਦੇ ਜੀਵਨ 'ਚ ਵਿਆਪਕ ਤਬਦੀਲੀ ਲਿਆਉਣ ਵਾਲਾ ਕਰਾਰ ਦਿਤਾ। ਮੋਦੀ ਨੇ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦਹਾਕਿਆਂ ਤਕ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਂ ਸਿਰਫ਼ ਨਾਹਰੇ ਲਗਾਏ ਅਤੇ ਵੱਡੇ-ਵੱਡੇ ਐਲਾਨ ਕੀਤੇ ਜੋ 'ਖੋਖਲੇ' ਸਾਬਤ ਹੋਏ।
          ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਸੁਧਾਰ ਬਿਲਾਂ ਬਾਰੇ ਵਿਰੋਧੀ ਧਿਰਾਂ ਅਫ਼ਵਾਹਾਂ ਫੈਲਾ ਕੇ ਕਿਸਾਨਾਂ ਨੂੰ ਭਰਮ 'ਚ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੋਦੀ ਨੇ ਕਿਹਾ,''ਬਹੁਤ ਹੀ ਘੱਟ ਸਮੇਂ ਦੇ ਅੰਦਰ ਅਸੀਂ ਦਹਾਕਿਆਂ ਤੋਂ ਚਲੇ ਆ ਰਹੇ ਮਾਮਲਿਆਂ ਨੂੰ ਨਿਪਟਾਇਆ ਹੈ ਜਿਵੇਂ ਧਾਰਾ 370, ਅਯੁਧਿਆ 'ਚ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਵਰਗੇ ਉਹ ਵਾਅਦੇ ਵੀ ਸ਼ਾਮਲ ਹੈ।
ਕਾਂਗਰਸ ਅਤੇ ਕਿਸੇ ਹੋਰ ਦਲ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ,''ਝੂਠ ਬੋਲਣ ਵਾਲੇ ਕੁਝ ਲੋਕ ਇੰਨੀਂ ਦਿਨੀਂ ਕਿਸਾਨਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾ ਰਹੇ ਹਨ, ਉਨ੍ਹਾਂ ਨਾਲ ਝੂਠ ਬੋਲ ਰਹੇ ਹਨ ਅਤੇ ਅਫ਼ਵਾਹਾਂ ਫੈਲਾ ਰਹੇ ਹਨ। ਉਨ੍ਹਾਂ ਨੇ ਕਿਹਾ,''ਦੇਸ਼ ਦੇ ਕਿਸਾਨਾਂ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਬਚਾਉਣਾ ਅਤੇ ਖੇਤੀਬਾੜੀ ਸੁਧਾਰ ਦਾ ਮਹੱਤਵ ਸਮਝਾਉਣਾ ਭਾਜਪਾ ਦੇ ਸਾਰੇ ਵਰਕਰਾਂ ਦਾ ਬਹੁਤ ਵੱਡਾ ਕਰਤੱਵ ਹੈ। ਸਾਡੀ ਜ਼ਿੰਮੇਵਾਰੀ ਹੈ, ਕਿਉਂਕਿ ਅਸੀਂ ਕਿਸਾਨ ਦੇ ਭਵਿੱਖ ਨੂੰ ਉਜਵਲ ਬਣਾਉਣਾ ਹੈ। ਅਸੀਂ ਕਿਸਾਨਾਂ ਨੂੰ ਖੇਤੀਬਾੜੀ ਸੁਧਾਰ ਦੀਆਂ ਬਾਰੀਕੀਆਂ ਬਾਰੇ ਜਿੰਨਾ ਸਮਝਾਵਾਂਗੇ, ਉਨਾ ਹੀ ਕਿਸਾਨ ਜਾਗਰੂਕ ਹੋਣਗੇ। ਕਿਰਤ ਸੁਧਾਰ ਕਾਨੂੰਨਾਂ ਦੇ ਅਧੀਨ ਰਾਜਗ ਦੀ ਸਰਕਾਰ ਨੇ ਮਜ਼ਦੂਰਾਂ ਦੀ ਸਿਹਤ, ਉਨ੍ਹਾਂ ਦੀ ਸੁਰੱਖਿਆ, ਉਨ੍ਹਾਂ ਦੀ ਤਨਖ਼ਾਹ ਨੂੰ ਲੈ ਕੇ ਕਾਨੂੰਨਾਂ ਨੂੰ ਸਰਲ ਬਣਾਇਆ ਹੈ। ਨਵੇਂ ਕਾਨੂੰਨਾਂ ਦੇ ਮਾਧਿਅਮ ਨਾਲ ਲਗਭਗ 50 ਕਰੋੜ ਸੰਗਠਤ ਅਤੇ ਅਸੰਗਠਤ ਖੇਤਰ ਦੇ ਮਜ਼ਦੂਰਾਂ ਨੂੰ ਤਨਖ਼ਾਹ ਮਿਲੇ, ਉਹ ਵੀ ਸਮੇਂ 'ਤੇ, ਇਸ ਨੂੰ ਕਾਨੂੰਨੀ ਰੂਪ ਨਾਲ ਜ਼ਰੂਰੀ ਕਰ ਦਿਤਾ ਗਿਆ ਹੈ। (ਏਜੰਸੀ)