ਸਾਂਪਲਾ ਦੇ ਬਿਆਨ ਨੇ ਅਕਾਲੀਆਂ ਵੱਲੋਂ ਕਿਸਾਨਾਂ ਨੂੰ ਵਰਗਲਾਉਣ ਦੀ ਕੋਸ਼ਿਸ ਦੀ ਪੋਲ ਖੋਲ੍ਹੀ- ਜਾਖੜ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਜਿੰਮੇਵਾਰੀ ਵਿਚ ਨਾਕਾਮ ਰਹਿਣ ਤੇ ਹੀ ਭਾਜਪਾ ਨੇ ਮੰਤਰੀਮੰਡਲ ਵਿਚੋਂ ਕੀਤੀ ਸੀ ਜਬਰੀ ਛੁੱਟੀ

Sunil Kumar Jakhar

ਚੰਡਗੜ, 26 ਸਤੰਬਰ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਇਸ ਝੂਠ ਕਿ ਉਨਾਂ ਨੂੰ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਸਬੰਧੀ ਹਨੇਰੇ ਵਿਚ ਰੱਖਿਆ ਸੀ, ਦਾ ਪਰਦਾਫਾਸ ਉਨਾਂ ਦੇ ਪੁਰਾਣੇ ਭਾਗੀਦਾਰਾਂ ਨੇ ਹੀ ਕਰ ਦਿੱਤਾ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਆਗੂ ਸ੍ਰੀ ਵਿਜੈ ਸਾਂਪਲਾ ਦੇ ਤਾਜਾ ਬਿਆਨ ਨੇ ਅਕਾਲੀ ਦਲ ਦੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਰਾਜਨੀਤੀ ਦਾ ਭਾਂਡਾ ਭੰਨ ਦਿੱਤਾ ਹੈ।

ਜਿਕਰਯੋਗ ਹੈ ਕਿ ਸ੍ਰੀ ਸਾਂਪਲਾ ਨੇ ਆਪਣੇ ਇਕ ਬਿਆਨ ਵਿਚ ਆਖਿਆ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ ਦੀ ਜਿੰਮੇਵਾਰੀ ਆਪਣੇ ਭਾਈਵਾਲ ਸ਼ੋ੍ਰਮਣੀ ਅਕਾਲੀ ਦਲ ਦੀ ਲਗਾਈ ਸੀ ਅਤੇ ਅਕਾਲੀ ਦਲ ਦੇ ਆਗੂ ਇਹ ਫਰਜ ਨਿਭਾਉਣ ਵਿਚ ਨਾਕਾਮਯਾਬ ਰਹੇ ਸਨ।  

ਇਸ ਬਿਆਨ ਤੇ ਟਿੱਪਣੀ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਆਗੂ ਦੇ ਇਸ ਬਿਆਨ ਨੇ ਅਕਾਲੀ ਦਲ ਦੇ ਉਸ ਝੂਠ ਨੂੰ ਬੇਨਕਾਬ ਕਰ ਦਿੱਤਾ ਹੈ ਜਿਸ ਰਾਹੀਂ ਉਹ ਆਖ ਰਹੇ ਸਨ ਕਿ ਕੇਂਦਰ ਸਰਕਾਰ ਨੇ ਕਾਲੇ ਖੇਤੀ ਕਾਨੂੰਨ ਅਤੇ ਆਰਡੀਨੈਂਸ ਸਬੰਧੀ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਉਨਾਂ ਨੇ ਕਿਹਾ ਕਿ ਜੇਕਰ ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨੂੰ ਇੰਨਾਂ ਕਾਨੂੰਨਾਂ ਦੇ ਮੁੱਦੇ ਦੇ ਸਮਝਾਉਣ ਜਾਂ ਸਹੀ ਅਰਥਾਂ ਵਿਚ ਵਰਗਲਾਉਣ ਅਤੇ ਗੁੰਮਰਾਹ ਕਰਨ ਦੀ ਜਿੰਮੇਵਾਰੀ ਹੀ ਅਕਾਲੀ ਦਲ ਨੂੰ ਦਿੱਤੀ ਸੀ ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਨਾਂ ਨੂੰ ਇੰਨਾਂ ਕਾਲੇ ਕਾਨੂੰਨਾਂ ਬਾਰੇ ਵਿਸਥਾਰ ਵਿਚ ਨਾ ਦੱਸਿਆ ਗਿਆ ਹੋਵੇ।

ਉਨਾਂ ਨੇ ਕਿਹਾ ਕਿ ਅਸਲ ਵਿਚ ਅਕਾਲੀ ਦਲ ਦੇ ਆਗੂ ਪੰਜਾਬ ਵਿਚ ਭਾਜਪਾ ਦੇ ਏਂਜਟ ਦੇ ਤੌਰ ਕੇ ਕੰਮ ਕਰ ਰਹੇ ਹਨ ਜੋ ਕਿਸਾਨਾਂ ਨੂੰ ਗੰੁਮਰਾਹ ਕਰਨ ਦੀ ਕੋਸ਼ਿਸ ਵਿਚ ਲੱਗੇ ਹੋਏ ਹਨ ਅਤੇ ਹੁਣ ਵੀ ਉਹ ਕਿਸਾਨ ਅੰਦੋਲਣ ਨੂੰ ਕਮਜੋਰ ਕਰਨ ਲਈ ਉਸ ਵਿਚ ਘੁਸਪੈਠ ਦੀ ਨਾਕਾਮ ਕੋਸ਼ਿਸ ਕਰ ਰਹੇ ਹਨ ਤਾਂ ਜੋ ਉਨਾਂ ਤੇ ਕੇਂਦਰ ਸਰਕਾਰ ਦੀ ਕ੍ਰਿਪਾ ਦ੍ਰਿਸ਼ਟੀ ਬਣੀ ਰਹੇ।

ਜਾਖੜ ਨੇ ਕਿਹਾ ਕਿ ਇਹ ਸੱਚ ਵੀ ਹੈ ਕਿਉਂਕਿ ਪਿੱਛਲੇ ਤਿੰਨ ਮਹੀਨੇ ਤੋਂ ਸ: ਸੁਖਬੀਰ ਸਿੰਘ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਸਮੇਤ ਸਮੂਚੀ ਅਕਾਲੀ ਲਿਡਰਸਿੱਪ ਇੰਨਾਂ ਕਾਲੇ ਕਾਨੂੰਨਾਂ ਨੂੰ ਕਿਸਾਨਾਂ ਲਈ ਵਰਦਾਨ ਦੱਸ ਰਹੇ ਸਨ। ਉਨਾਂ ਨੇ ਕਿਹਾ ਕਿ ਜਦ ਪੰਜਾਬ ਦੇ ਸੂਝਵਾਨ ਕਿਸਾਨ ਅਕਾਲੀ ਦਲ ਦੇ ਝੂਠ ਦੇ ਝਾਂਸੇ ਵਿਚ ਨਹੀਂ ਆਏ ਤਾਂ ਫਿਰ ਭਾਜਪਾ ਨੇ ਖੁਦ ਹੀ ਜਾਣ ਲਿਆ ਕਿ ਕਿਸਾਨਾਂ ਦੇ ਨਾਂਅ ਤੇ ਰਾਜਨੀਤੀ ਕਰਨ ਵਾਲੇ ਅਕਾਲੀਆਂ ਦਾ ਤਾਂ ਆਪਣਾ ਕਿਸਾਨਾਂ ਵਿਚ ਕੋਈ ਅਧਾਰ ਹੀ ਨਹੀਂ ਹੈ।

ਇਸ ਲਈ ਭਾਜਪਾ ਨੇ ਅਕਾਲੀ ਦਲ ਨੂੰ ਗਠਬੰਧਨ ਤੇ ਬੋਝ ਸਮਝਦਿਆਂ ਅਕਾਲੀ ਦਲ ਨੂੰ ਮੰਤਰੀਮੰਡਲ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ, ਜਿਸ ਨੂੰ ਸ਼ਰਮ ਦੇ ਮਾਰੇ ਅਕਾਲੀ ਹੁਣ ਤਿਆਗ ਪੱਤਰ ਦੀ ਕੁਰਬਾਨੀ ਦਾ ਨਾਂਅ ਦੇ ਰਹੇ ਹਨ। ਜਦ ਕਿ ਕੇਂਦਰ ਸਰਕਾਰ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨ ਦੀ ਝਾਕ ਵਿਚ ਅਕਾਲੀ ਦਲ ਹਾਲੇ ਵੀ ਆਪਣੇ ਵੱਲੋਂ ਮੋਦੀ ਸਰਕਾਰ ਨੂੰ ਸਮਰੱਥਨ ਜਾਰੀ ਰੱਖ ਕੇ ਪ੍ਰਮਾਣਿਤ ਕਰ ਰਿਹਾ ਹੈ ਕਿ ਉਹ ਅੱਜ ਵੀ ਮੋਦੀ ਸਰਕਾਰ ਦੇ ਏਂਜਟ ਵਜੋਂ ਕੰਮ ਕਰ ਰਿਹਾ ਹੈ।