ਭਾਰਤ-ਬੰਦ ਲਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਪੂਰੀ ਤਿਆਰੀ, ਵਿਸ਼ੇਸ਼ ਨਾਹਰੇ ਕੀਤੇ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ-ਬੰਦ ਲਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਪੂਰੀ ਤਿਆਰੀ, ਵਿਸ਼ੇਸ਼ ਨਾਹਰੇ ਕੀਤੇ ਜਾਰੀ

image

‘ਮੋਦੀ ਕਰੇਗਾ ਮੰਡੀ ਬੰਦ-ਕਿਸਾਨ ਕਰਨਗੇ ਭਾਰਤ ਬੰਦ, ਨਰਿੰਦਰ ਮੋਦੀ-ਕਿਸਾਨ ਵਿਰੋਧੀ’
 

ਚੰਡੀਗੜ੍ਹ, 25 ਸਤੰਬਰ (ਨਰਿੰਦਰ ਸਿੰਘ ਝਾਂਮਪੁਰ): ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਨੇ 27 ਸਤੰਬਰ ਦੇ ਭਾਰਤ-ਬੰਦ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਥੇਬੰਦੀਆਂ ਵਲੋਂ 3 ਖੇਤੀ ਕਾਨੂੰਨਾਂ, ਪਰਾਲੀ ਆਰਡੀਨੈਂਸ ਅਤੇ ਬਿਜਲੀ ਸੋਧ ਬਿਲ-2020 ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ ’ਚ 100 ਤੋਂ ਵੱਧ ਥਾਵਾਂ ’ਤੇ ਲਾਏ ਪੱਕੇ-ਧਰਨੇ 360ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ। ਜਿਉਂ ਜਿਉਂ 27 ਸਤੰਬਰ ਨਜ਼ਦੀਕ ਆ ਰਹੀ ਹੈ, ਭਾਰਤ-ਬੰਦ ਨਾਲ ਸਬੰਧਤ ਸਰਗਰਮੀਆਂ ਵਿਚ ਤੇਜ਼ੀ ਆ ਰਹੀ ਹੈ। 
ਸੜਕਾਂ ਅਤੇ ਰੇਲਾਂ ਜਾਮ ਕੀਤੇ ਜਾਣ ਵਾਲੀਆਂ ਥਾਵਾਂ ਨਿਸ਼ਚਿਤ ਕਰ ਕੇ ਜਥੇਬੰਦੀਆਂ ਦੀਆਂ ਡਿਊਟੀਆਂ ਲਾ ਦਿਤੀਆਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਬੰਦ ਲਈ ਵਿਸ਼ੇਸ਼ ਨਾਹਰੇ ਜਾਰੀ ਕੀਤੇ ਹਨ ਜਿਸ ਵਿਚ ‘‘ਕਿਸਾਨ ਵਿਰੋਧੀ ਮੋਦੀ ਸਰਕਾਰ ਵਿਰੁਧ-ਭਾਰਤ ਬੰਦ, ਮੋਦੀ ਕਰੇਗਾ ਮੰਡੀ 
ਬੰਦ-ਕਿਸਾਨ ਕਰਨਗੇ ਭਾਰਤ-ਬੰਦ’’, ‘‘ਨਰਿੰਦਰ ਮੋਦੀ-ਕਿਸਾਨ ਵਿਰੋਧੀ।’’ 
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਦਸਿਆ ਕਿ  ਸ਼ਹਿਰਾਂ ਅਤੇ ਪਿੰਡਾਂ ਵਿਚ ਜਨਤਕ ਜਥੇਬੰਦੀਆਂ ਅਤੇ ਵੱਖ ਵੱਖ ਸਮਾਜਕ ਸਮੂਹਾਂ ਦੀਆਂ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਮੋਟਰਸਾਈਕਲਾਂ, ਕਾਰਾਂ, ਜੀਪਾਂ ਅਤੇ ਟ੍ਰੈਕਟਰਾਂ ਦੇ ਕਾਫ਼ਲੇ ਪਿੰਡਾਂ ਵਿਚ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਸ਼ਹਿਰਾਂ ਅਤੇ ਬਾਜ਼ਾਰਾਂ ’ਚ ਮਿਲ ਕੇ ਆਮ ਲੋਕਾਂ  ਤੋਂ ਭਾਰਤ ਬੰਦ ਲਈ ਸਹਿਯੋਗ ਮੰਗਿਆ ਜਾ ਰਿਹਾ ਹੈ। ਲੋਕਾਂ ਵਿਚ ਪਾਏ ਜਾ ਰਹੇ ਉਤਸ਼ਾਹ ਅਤੇ ਜੋਸ਼ ਤੋਂ ਪਤਾ ਚਲਦਾ ਹੈ ਕਿ ਇਹ ਭਾਰਤ ਬੰਦ ਇਤਿਹਾਸਕ ਹੋਣ ਜਾ ਰਿਹਾ ਹੈ। ਕਿਸਾਨ-ਆਗੂਆਂ ਨੇ ਕਿਹਾ ਕਿ ਅਮਰੀਕਾ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਮੋਦੀ ਵਿਰੁਧ ਅਮਰੀਕਾ ’ਚ ਵਸਦੇ ਪ੍ਰਵਾਸੀ ਪੰਜਾਬੀ ਭਰਾਵਾਂ ਨੇ ਖੇਤੀ-ਕਾਨੂੰਨ ਰੱਦ ਕਰਵਾਉਣ ਲਈ ਰੋਹ-ਭਰਪੂਰ ਪ੍ਰਦਰਸ਼ਨ ਕੀਤੇ ਹਨ। ਸਾਡਾ ਕਿਸਾਨ ਅੰਦੋਲਨ ਵਿਸ਼ਵ-ਵਿਆਪੀ ਬਣ ਚੁੱਕਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ 27 ਸਤੰਬਰ ਨੂੰ ਭਾਰਤ-ਬੰਦ ਲਈ ਦਿਸ਼ਾ ਨਿਰਦੇਸ਼ ਅਤੇ ਅਪੀਲ ਜਾਰੀ ਕੀਤੀ ਹੈ। ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗਾ। ਭਾਰਤ-ਬੰਦ ਦੌਰਾਨ ਦੇਸ਼ ਵਿਚ ਹਰ ਜਨਤਕ ਗਤੀਵਿਧੀ ਬੰਦ ਰਹੇਗੀ, ਜਿਸ ਵਿਚ  ਕੇਂਦਰ ਅਤੇ ਰਾਜ ਸਰਕਾਰ ਦੇ ਸਾਰੇ ਦਫ਼ਤਰ ਅਤੇ ਅਦਾਰੇ, ਬਾਜ਼ਾਰ, ਦੁਕਾਨ ਅਤੇ ਉਦਯੋਗ, ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਹਰ ਪ੍ਰਕਾਰ ਦੇ ਵਿਦਿਅਕ ਅਦਾਰੇ,੍ਹ ਹਰ ਕਿਸਮ ਦੇ ਜਨਤਕ ਆਵਾਜਾਈ ਅਤੇ ਪ੍ਰਾਈਵੇਟ ਵਾਹਨ, ਕਿਸੇ ਵੀ ਕਿਸਮ ਦਾ ਸਰਕਾਰੀ ਜਾਂ ਗ਼ੈਰ-ਸਰਕਾਰੀ ਜਨਤਕ ਸਮਾਗਮ, ਭਾਰਤ-ਬੰਦ ਦੌਰਾਨ  ਹਸਪਤਾਲ, ਮੈਡੀਕਲ ਸਟੋਰ, ਐਂਬੂਲੈਂਸ ਅਤੇ ਕੋਈ ਵੀ ਮੈਡੀਕਲ ਸੇਵਾ, ਕਿਸੇ ਵੀ ਕਿਸਮ ਦੀ ਜਨਤਕ (ਫ਼ਾਇਰ ਬ੍ਰਿਗੇਡ, ਆਪਦਾ ਰਾਹਤ ਆਦਿ) ਜਾਂ ਨਿਜੀ ਐਮਰਜੈਂਸੀ (ਮੌਤ, ਬੀਮਾਰੀ, ਵਿਆਹ ਆਦਿ),ਸਥਾਨਕ ਜਥੇਬੰਦੀਆਂ ਦੁਆਰਾ ਕੀਤੀ ਗਈ ਕੋਈ ਹੋਰ ਨੂੰ ਛੋਟ ਦਿਤੀ ਜਾਵੇਗੀ ।

ਵਲੰਟੀਅਰਾਂ ਲਈ ਨਿਰਦੇਸ਼
 1. ਬੰਦ ਤੋਂ ਪਹਿਲਾਂ, ਮੀਡੀਆ ਰਾਹੀਂ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਸ ਦਿਨ ਜਨਤਾ ਨੂੰ ਪ੍ਰੇਸ਼ਾਨੀ ਨਾ ਹੋਵੇ।  ਟਰੇਡ ਯੂਨੀਅਨਾਂ ਅਤੇ ਵਪਾਰੀ ਜਥੇਬੰਦੀਆਂ ਆਦਿ ਨੂੰ ਸਮੇਂ ਸਿਰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
 2. ਬੰਦ ਤੋਂ ਪਹਿਲਾਂ ਸਥਾਨਕ ਪੱਧਰ ’ਤੇ ਸਾਰੇ ਜਨ ਅੰਦੋਲਨਾਂ, ਜਨਤਕ ਸੰਗਠਨਾਂ ਨੂੰ ਬੰਦ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
 3. ਬੰਦ ਦੌਰਾਨ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਸਭ ਕੁਝ ਬੰਦ ਕਰਨ ਦੀ ਅਪੀਲ ਕੀਤੀ ਜਾਣੀ ਚਾਹੀਦੀ ਹੈ।  ਕਿਸੇ ਕਿਸਮ ਦੀ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ। ਇਸ ਅੰਦੋਲਨ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਤੋੜਫੋੜ ਲਈ ਕੋਈ ਥਾਂ ਨਹੀਂ ਹੈ। 
 4. ਬੰਦ ਦੇ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦ ਦੇ ਸਮਰਥਨ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਾ ਸਕਦਾ ਹੈ। ਕੋਈ ਵੀ ਸਿਆਸੀ ਆਗੂ ਨੂੰ ਮੋਰਚੇ ਦੀ ਸਟੇਜ ਤੋਂ ਭਾਸ਼ਣ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ। ਪਰ ਕੋਈ ਵੀ ਸੰਗਠਨ ਜਾਂ ਪਾਰਟੀ ਬੰਦ ਦੇ ਸਮਰਥਨ ਵਿੱਚ ਇੱਕ ਵੱਖਰਾ ਪਲੇਟਫਾਰਮ ਲਗਾ ਕੇ ਆਪਣੇ ਆਪ ਨੂੰ ਸੰਗਠਿਤ ਕਰਕੇ ਪ੍ਰੋਗਰਾਮ ਕਰ ਸਕਦੀ ਹੈ।
 5. ਯਾਦ ਰੱਖੋ ਇਹ ਬੰਦ ਕਿਸਾਨ ਵਿਰੋਧੀ ਸਰਕਾਰ ਦੇ ਖਿਲਾਫ ਹੈ, ਜਨਤਾ ਦੇ ਖਿਲਾਫ ਨਹੀਂ।  ਇਸ ਬੰਦ ਦੇ ਦੌਰਾਨ, ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਜਨਤਾ ਨੂੰ ਘੱਟੋ ਘੱਟ ਅਸੁਵਿਧਾ ਹੋਵੇ।
ਐਸਏਐਸ-ਨਰਿੰਦਰ-25-2