ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਹਨ ਬਾਦਲ ਅਤੇ ਕਾਂਗਰਸ: ਕੁਲਤਾਰ ਸੰਧਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲਾਂ ਅਤੇ ਕਾਂਗਰਸੀਆਂ ਵਿਰੁੱਧ ਲੋਕਾਂ ਦਾ ਦਹਾਕਿਆਂ ਪੁਰਾਣਾ ਗੁੱਸਾ ਫੁੱਟਣ ਲੱਗਾ : ਆਪ

Kultar Singh Sandhwan

 

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਨਰਮਾ ਪੱਟੀ ਵਿੱਚ ਦੌਰਿਆਂ ਨੂੰ ਨਿਰੋਲ ਡਰਾਮਾ ਕਰਾਰ ਦਿੱਤਾ ਹੈ। ਆਪ ਨੇ ਦਲੀਲ ਦਿੱਤੀ, ਚਿੱਟੀ ਮੱਖੀ ਦੇ ਨਿਰਮਾਤਾ ਤੇ ਜਨਮਦਾ ਬਾਦਲ ਕਿਸ ਨੈਤਿਕਤਾ ਨਾਲ ਕਾਂਗਰਸ ਦੀ ਗੁਲਾਬੀ ਸੁੰਡੀ ਬਾਰੇ ਬੋਲ ਰਹੇ ਹਨ। ਅਜਿਹੇ ਡਰਾਮੇ ਉਨ੍ਹਾਂ ਪੀੜਤ ਪਰਿਵਾਰਾਂ ਦੇ ਅਜੇ ਤੱਕ ਅੱਲੇ ਪਏ ਜ਼ਖ਼ਮਾਂ ਉੱਤੇ ਲੂਣ ਛਿੜਕਣ ਵਰਗੇ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਿਸਾਨ 2015 ਵਿਚ ਚਿੱਟੀ ਮੱਖੀ ਨਾਲ ਬਰਬਾਦ ਹੋਈ ਨਰਮੇ ਦੀ ਫਸਲ ਵੇਖ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਗਏ ਸਨ।"

 

 

ਐਤਵਾਰ ਨੂੰ ਪਾਰਟੀ ਹੈਡਕੁਆਰਟਰ ਤੋਂ ਜਾਰੀ ਬਿਆਨ ਰਾਹੀ ਕੁਲਤਾਰ ਸਿੰਘ ਸੰਧਵਾਂ ਕਿਹਾ, ਜਿਵੇਂ ਸੁੰਡੀਆਂ ਆਪਣਾ ਰੰਗ-ਰੂਪ ਬਦਲ ਕੇ ਫ਼ਸਲਾਂ ਦਾ ਨੁਕਸਾਨ ਕਰ ਰਹੀਆਂ ਹਨ,  ਠੀਕ ਉਸੇ ਤਰ੍ਹਾਂ ਕਾਂਗਰਸ, ਭਾਜਪਾ ਅਤੇ ਬਾਦਲਾਂ ਨੇ ਖੇਤੀਬਾੜੀ ਅਤੇ ਕਿਸਾਨੀ ਦਾ ਹਰ ਵਾਰ ਇੱਕ-ਦੂਜੇ ਨਾਲੋਂ ਵੱਧ ਕੇ ਨੁਕਸਾਨ ਕੀਤਾ।"
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਕੋਲੋਂ ਕਿਸਾਨਾਂ ਸਮੇਤ ਕੋਈ ਵੀ ਵਰਗ ਭਲੇ ਦੀ ਉਮੀਦ ਨਹੀਂ ਕਰ ਸਕਦਾ, ਕਿਉਂਕਿ ਇਨ੍ਹਾਂ ਦੇ  ਮਨ ਅਤੇ ਨੀਅਤ ਵਿੱਚ ਖੋਟ ਹੈ ।

 

ਜੇਕਰ ਨੀਅਤ ਅਤੇ ਨੀਤੀ ਸਾਫ ਹੁੰਦੀ ਤਾਂ ਪੰਜਾਬ ਨੂੰ ਸੱਚ-ਮੁੱਚ ਕੈਲੇਫੋਰਨੀਆ ਬਣਾ ਦਿੱਤਾ ਗਿਆ ਹੁੰਦਾ, ਪਰ ਇਨ੍ਹਾਂ ਨੇ ਤਾਂ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।  ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਸੱਤਾ ਉਤੇ ਕਾਂਗਰਸੀਆਂ ਅਤੇ ਬਾਦਲਾਂ ਦਾ ਹੀ ਕਬਜ਼ਾ ਰਿਹਾ।  5 ਵਾਰ ਦੇ ਮੁੱਖ ਮੰਤਰੀ ਦੇ ਸਿਆਸਤਦਾਨ ਪੁੱਤਰ ਹੋਣ ਦੇ ਨਾਤੇ ਕੀ ਸੁਖਬੀਰ ਸਿੰਘ ਬਾਦਲ ਦੱਸਣਗੇ ਕਿ ਕਿਸਾਨ ਅਤੇ ਕਿਸਾਨੀ ਸੰਕਟ ਲਈ ਅਸਲ ਜ਼ਿੰਮੇਵਾਰ ਕੌਣ ਹੈ ਅਤੇ ਉਨ੍ਹਾਂ ਨੇ ਆਪਣੇ ਸ਼ਾਸਨ ਦੌਰਾਨ ਕਿਸਾਨਾਂ ਅਤੇ ਖੇਤੀਬਾੜੀ ਨੂੰ  ਸੰਕਟ ਚੋਂ ਕੱਢਣ ਲਈ ਕੀ ਕਦਮ ਚੁੱਕੇ ਸਨ?

 

 

ਨਰਮੇਂ ਦੇ ਖੇਤਾਂ ਵਿਚ ਖੜੇ ਹੋ ਕੇ ਅੱਜ ਮੁਆਵਜ਼ੇ ਦੀ ਮੰਗ ਕਰ ਰਹੇ ਸੁਖਬੀਰ ਸਿੰਘ ਬਾਦਲ ਦਸਤਾਵੇਜ਼ੀ ਰਿਕਾਰਡ ਦਿਖਾ ਕੇ ਲੋਕਾਂ ਨੂੰ ਦੱਸਣ ਕਿ 2015 ਵਿੱਚ ਚਿੱਟੀ ਮੱਖੀ ਦੀ ਮਾਰ ਥੱਲੇ ਆਏ ਕਿਸਾਨਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਪ੍ਰਤੀ ਏਕੜ ਕਿੰਨੇ ਰੁਪਏ ਦਾ ਮੁਆਵਜ਼ਾ ਅਤੇ  ਕਿੰਨੇ ਕਿਸਾਨਾਂ ਨੂੰ ਦਿੱਤਾ ਸੀ? ਇਹ ਵੀ ਦੱਸਣ ਕਿ ਚਿੱਟੀ ਮੱਖੀ ਘੁਟਾਲੇ ਦੇ ਦੋਸ਼ੀਆਂ ਨੂੰ ਕੀ ਸਜਾ ਦਿੱਤੀ ਸੀ ?  ਕੁਲਤਾਰ ਸਿੰਘ ਸੰਧਵਾਂ ਨੇ ਸਵਾਲ ਕੀਤਾ ਹੈ ਕਿ ਕਿਸਾਨਾਂ ਦਾ ਮਸੀਹਾ ਸੱਤਾ ਤੋਂ ਬਾਹਰ ਹੋ ਕੇ ਹੀ ਕਿਸਾਨਾਂ ਕੋਲ ਜਾਂਦਾ ਹੈ ? ਕੁਲਤਾਰ ਸਿੰਘ ਸੰਧਵਾਂ ਨੇ ਨਾਲ ਹੀ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕੇ ਬਾਦਲ ਵਰਗੇ ਸਾਰੇ  ਸਵਾਰਥੀ ਸਿਆਸਤਦਾਨਾਂ ਨੂੰ  ਸੱਤਾ ਤੋਂ ਹਮੇਸ਼ਾ ਦੂਰ ਰੱਖਿਆ ਜਾਵੇ । 

 

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕੇ ਇਕ ਪਾਸੇ ਸੁਖਬੀਰ ਸਿੰਘ ਬਾਦਲ ਨਰਮਾ ਉਤਪਾਦਕ ਕਿਸਾਨਾਂ ਲਈ  ਮਗਰਮੱਛ ਦੇ ਹੰਝੂ ਵਹਾ ਰਹੇ ਹਨ ਦੂਜੇ ਪਾਸੇ ਚਿੱਟੀ ਮੱਖੀ ਪੈਸਟੀਸਾਈਡ ਘੁਟਾਲੇ ਦੇ ਮਾਸਟਰਮਾਈਂਡ ਤੋਤਾ ਸਿੰਘ ਅਤੇ ਉਸ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ 2022 ਦੀਆਂ ਚੋਣਾਂ ਲਈ ਟਿਕਟਾਂ ਨਾਲ ਨਿਵਾਜ ਰਹੇ ਹਨ ਤਾਂ ਕਿ ਉਹ ਭਵਿੱਖ ਲਈ ਕੋਈ ਨਵੀਂ ਨੀਲੀ ਸੁੰਡੀ ਜਾਂ ਪੀਲੀ ਮੱਖੀ ਇਜਾਦ ਕਰ ਸਕਣ। ਬਾਦਲ ਪਰਿਵਾਰ ਅਤੇ ਹੋਰ ਰਵਾਇਤੀ ਆਗੂਆਂ ਦੇ ਹੋ ਰਹੇ ਵਿਰੋਧ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾ ਕਿਹਾ ਕਿ ਇਨ੍ਹਾਂ ਸਿਆਸਤਦਾਨਾਂ ਨੇ ਜੋ ਬੀਜਿਆ ਸੀ ਅੱਜ  ਉਹੀ ਵੱਢ ਰਹੇ ਹਨ।  ਇਨ੍ਹਾਂ ਵਿਰੁੱਧ ਲੋਕਾਂ ਦਾ ਦਹਾਕਿਆਂ ਪੁਰਾਣਾ ਗੁੱਸਾ ਫੁਟਣ ਲੱਗਾ ਹੈ।  ਅਜੇਹੇ ਨਕਾਰਾਤਮਕ ਵਰਤਾਰੇ ਲਈ ਇਹ ਆਗੂ  ਖੁਦ ਜ਼ਿੰਮੇਵਾਰ ਹਨ।

 

 

ਆਪ ਆਗੂ ਨੇ ਨਾਲ ਹੀ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਹਾਲਾਤ ਵਿਚ ਕਾਨੂੰਨ ਆਪਣੇ ਹੱਥਾਂ ਵਿੱਚ ਨਾ ਲੈਣ ਅਤੇ ਅਜਿਹੇ ਸਵਾਰਥੀ ਸਿਆਸਤਦਾਨਾਂ ਨੂੰ ਚੱਲਦਾ ਕਰਨ ਲਈ ਇਨ੍ਹਾਂ ਵਿਰੁਧ ਵੋਟਾਂ ਰਾਹੀਂ ਗੁੱਸਾ ਕੱਢਣ। ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਫਸਲ ਦਾ 100 ਫੀਸਦ ਮੁਆਵਜਾ ਦਿਤਾ ਜਾਵੇ, ਜੋ ਸਿੱਧੇ ਤੌਰ ਤੇ ਕਿਸਾਨਾਂ ਨੂੰ ਮਿਲੇ । ਇਸ ਦੇ ਨਾਲ ਉਨ੍ਹਾ ਕਿਹਾ ਕਿ ਕੀਟਨਾਸ਼ਕ ਦਵਾਈਆਂ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਤੋਂ ਜਾਂਚ ਕਰਵਾ ਕੇ ਦੋਸ਼ੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।