ਤਲਖ਼ੀ ਦੇ ਮਾਹੌਲ ਬਾਅਦ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦੇ 27 ਸਤੰਬਰ ਦੇ ਸੈਸ਼ਨ ਨੂੰ ਪ੍ਰਵਾਨਗੀ ਦਿਤੀ
ਤਲਖ਼ੀ ਦੇ ਮਾਹੌਲ ਬਾਅਦ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦੇ 27 ਸਤੰਬਰ ਦੇ ਸੈਸ਼ਨ ਨੂੰ ਪ੍ਰਵਾਨਗੀ ਦਿਤੀ
ਸਰਕਾਰ ਵਲੋਂ ਏਜੰਡੇ ਦੀ ਜਾਣਕਾਰੀ ਦੇਣ ਬਾਅਦ ਰਾਜਪਾਲ ਨੇ ਦਿਤੀ ਸਹਿਮਤੀ
ਚੰਡੀਗੜ੍ਹ, 25 ਸਤੰਬਰ (ਗੁਰਉਪਦੇਸ਼ ਭੁੱਲਰ) : ਆਪ੍ਰੇਸ਼ਨ ਲੋਟਸ ਦੇ ਵਿਵਾਦ ਬਾਅਦ ਭਗਵੰਤ ਮਾਨ ਸਰਕਾਰ ਵਲੋਂ 22 ਸਤੰਬਰ ਨੂੰ ਭਰੋਸੇ ਦੇ ਵੋਟ ਲਈ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਨੂੰ ਰੱਦ ਕਰ ਦੇਣ ਬਾਅਦ ਹੁਣ ਸਰਕਾਰ ਵਲੋਂ ਨਵੇਂ ਰੂਪ 'ਚ 27 ਸਤੰਬਰ ਨੂੰ ਮੁੜ ਸੱਦੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਅੱਜ ਰਾਜਪਾਲ ਨੇ ਪ੍ਰਵਾਨਗੀ ਦੇ ਦਿਤੀ ਹੈ | 22 ਸਤੰਬਰ ਦਾ ਸੈਸ਼ਨ ਰੱਦ ਕੀਤੇ ਜਾਣ ਬਾਅਦ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਕਾਫ਼ੀ ਤਲਖ਼ੀ ਪੈਦਾ ਹੋ ਗਈ ਸੀ ਤੇ ਦੋਵੇਂ ਇਕ ਦੂਜੇ ਦੇ ਸਾਹਮਣੇ ਹੋ ਗਏ ਸਨ | ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਨੇ ਵੀ ਰਾਜਪਾਲ ਵਿਰੁਧ ਤਿਖੀਆਂ ਟਿਪਣੀਆਂ ਕਰਦੇ ਹੋਏ ਮੋਰਚਾ ਖੋਲ੍ਹ ਦਿਤਾ ਸੀ |
ਭਗਵੰਤ ਸਰਕਾਰ ਵਲੋਂ 22 ਦਾ ਸੈਸ਼ਨ ਰੱਦ ਕੀਤੇ ਜਾਣ ਬਾਅਦ ਕੈਬਨਿਟ ਮੀਟਿੰਗ ਸੱਦ ਕੇ 27 ਸਤੰਬਰ ਨੂੰ ਭਰੋਸੇ ਦੇ ਵੋਟ ਦੇ ਮਤੇ ਦਾ ਜ਼ਿਕਰ ਨਾ ਕਰਦਿਆਂ ਬਿਜਲੀ ਤੇ ਪਰਾਲੀ ਆਦਿ ਮੁੱਦਿਆਂ ਉਪਰ ਚਰਚਾਂ ਲਈ ਮੁੜ ਸੈਸ਼ਨ ਸੱਦ ਕੇ ਰਾਜਪਾਲ ਨੂੰ ਇਸ ਦੀ ਪ੍ਰਵਾਨਗੀ ਦੇਣ ਦੀ ਸਿਫਾਰਿਸ਼ ਭੇਜੀ ਸੀ |
ਰਾਜਪਾਲ ਨੇ ਇਸ ਸੈਸ਼ਨ 'ਤੇ ਵੀ ਸੁਆਲ ਖੜਾ ਕਰਦਿਆਂ ਪੰਜਾਬ ਸਰਕਾਰ ਤੋਂ ਇਸ ਦੇ ਏਜੰਡੇ ਦੀ ਜਾਣਕਾਰੀ ਮੰਗ ਲਈ ਸੀ | ਇਸ ਨੂੰ ਲੈ ਕੇ ਰਾਜਪਾਲ ਤੇ ਮੁੱਖ ਮੰਤਰੀ 'ਚ ਤਲਖ਼ੀ ਹੋਰ ਵਧ ਗਈ ਸੀ | ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਵਲੋਂ ਏਜੰਡੇ ਦੀ ਜਾਣਕਾਰੀ ਮੰਗੇ ਜਾਣ 'ਤੇ ਕਿਹਾ ਸੀ ਕਿ ਅਜਿਹਾ 75 ਸਾਲ 'ਚ ਕਦੇ ਨਹੀਂ ਹੋਇਆ | ਰਾਜਪਾਲ ਵਲੋਂ ਸੈਸ਼ਨ ਦੀ ਪ੍ਰਵਾਨਗੀ ਦੇਣਾ ਅਜਿਹੇ ਵਿਚ ਰਸਮੀ ਕਾਰਵਾਈ ਹੁੰਦੀ ਹੈ ਅਤੇ ਵਿਧਾਨ ਸਭਾ 'ਚ ਕੀਤੇ ਜਾਣ ਵਾਲੇ ਕੰਮਕਾਰ ਦਾ ਫ਼ੈਸਲਾ ਕਾਰਜ ਸਲਾਹਕਾਰ ਕਮੇਟੀ ਅਤੇ ਸਪੀਕਰ ਨੇ ਕਰਨਾ ਹੁੰਦਾ ਹੈ | ਇਸ ਦੇ ਜੁਆਬ 'ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਅਪਣੇ ਅਧਿਕਾਰਾਂ ਦੀ ਗੱਲ ਕਰਦਿਆਂ ਉਨ੍ਹਾਂ ਨੂੰ ਸੰਵਿਧਾਨ ਪੜ੍ਹਨ ਦੀ ਨਸੀਹਤ ਦੇ ਦਿਤੀ ਸੀ |
ਇਸ ਬਾਅਦ ਮੁੱਖ ਮੰਤਰੀ ਦੀ ਸਲਾਹ ਨਾਲ ਵਿਧਾਨ ਸਭਾ ਦੇ ਸਕੱਤਰ ਵਲੋਂ ਬੀਤੇ ਦਿਨੀਂ ਰਾਜਪਾਲ ਨੂੰ ਸੈਸ਼ਨ ਦੇ ਏਜੰਡੇ ਦੀ ਜਾਣਕਾਰੀ ਭੇਜ ਦਿਤੀ ਗਈ ਸੀ | ਇਸ 'ਚ ਦਸਿਆ ਗਿਆ ਸੀ ਕਿ ਇਹ ਸੈਸ਼ਨ ਬਿਜਲੀ, ਪਰਾਲੀ ਤੇ ਜੀਐਸਟੀ ਦੇ ਮੁੱਦਿਆਂ 'ਤੇ ਚਰਚਾ ਲਈ ਬੁਲਾਇਆ ਗਿਆ ਹੈ | ਇਸ ਤੋਂ ਇਲਾਵਾ ਹੋਰ ਵਿਸ਼ਿਆਂ ਬਾਰੇ ਮੈਂਬਰਾਂ ਵਲੋਂ ਆਏ ਨੋਟਿਸਾਂ ਉਪਰ ਕਾਰਵਾਈ ਦੀ ਗੱਲ ਆਖੀ ਗਈ ਸੀ ਪਰ ਭਰੋਸੇ ਦੇ ਵੋਟ ਬਾਰੇ ਸੈਸ਼ਨ 'ਚ ਮਤਾ ਲਿਆਉਣ ਬਾਰੇ ਫੇਰ ਵੀ ਕੋਈ ਜਾਣਕਾਰੀ ਨਾ ਦਿਤੀ ਗਈ |
ਸਿਆਸੀ ਹਲਕਿਆਂ 'ਚ ਚਰਚਾ ਹੈ ਕਿ 22 ਦਾ ਸੈਸ਼ਨ ਰੱਦ ਹੋਣ ਕਰ ਕੇ ਹੁਣ ਸਰਕਾਰ ਨੇ 27 ਦੇ ਸੈਸ਼ਨ ਨੂੰ ਤਕਨੀਕੀ ਰੂਪ 'ਚ ਬਦਲ ਦਿਤਾ ਹੈ ਅਤੇ ਭਰੋਸੇ ਦਾ ਮਤਾ ਚਲਦੇ ਸੈਸ਼ਨ ਦੌਰਾਨ ਅਚਾਨਕ ਲਿਆਂਦਾ ਜਾਵੇਗਾ | ਇਸ ਲਈ ਇਹ ਸੈਸ਼ਨ ਕਾਫੀ ਦਿਲਚਸਪ ਤੇ ਹੰਗਾਮੇ ਭਰਿਆ ਰਹਿਣ ਦੇ ਆਸਾਰ ਹਨ |
ਇਸੇ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਰਾਜਪਾਲ ਵਲੋਂ ਸੈਸ਼ਨ ਦੀ ਪ੍ਰਵਾਨਗੀ ਮਿਲ ਜਾਣ ਬਾਅਦ ਮੁੱਖ ਮੰਤਰੀ ਨੇ 26 ਸਤੰਬਰ ਨੂੰ ਅਪਣੀ ਕੈਬਨਿਟ ਦੀ ਮੀਟਿੰਗ ਸੱਦ ਲਈ ਹੈ | ਇਸ 'ਚ ਸੈਸ਼ਨ ਦੀ ਰਣਨੀਤੀ ਬਣਾਈ ਜਾਵੇਗੀ | ਇਸ 'ਚ ਸੈਸ਼ਨ ਦੌਰਾਨ ਭਾਜਪਾ ਨੇ ਆਪ੍ਰੇਸ਼ਨ ਲੋਟਸ ਬਾਰੇ ਪ੍ਰਗਟਾਵਾ ਕਰ ਕੇ ਕਿਸੇ ਤਰੀਕੇ ਨਾਲ ਭਰੋਸੇ ਦੇ ਵੋਟ ਦਾ ਮਤਾ ਲਿਆਂਦਾ ਜਾਵੇਗਾ |