ਨਸ਼ੇ ਦੀ ਭੇਟ ਚੜ੍ਹਿਆ ਸਾਬਕਾ ਸਰਪੰਚ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਨਿਸ਼ਾਨ ਸਿੰਘ ਵਿਰੁੱਧ ਕੇਸ ਦਰਜ

Ex-Sarpanch succumbed to drug addiction

 

ਗੁਰਦਾਸਪੁਰ: ਪਿੰਡ ਮੁਸਤਫਾਬਾਦ ਜੱਟਾਂ ਕੋਲੋਂ ਲੰਘਦੀ ਨਹਿਰ ਦੇ ਕੰਢਿਓਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਪਿੰਡ ਸਹਾਏਪੁਰ ਦੇ ਸਾਬਕਾ ਸਰਪੰਚ ਤਜਿੰਦਰਜੀਤ ਸਿੰਘ ਉਰਫ਼ ਜੋਧਾ ਵਜੋਂ ਹੋਈ ਹੈ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 

ਥਾਣਾ ਤਿੱਬੜ ਦੀ ਮੁੱਖੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮ੍ਰਿਤਕ ਦੀ ਮਾਤਾ ਗੁਰਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ 24 ਸਤੰਬਰ ਨੂੰ ਨਿਸ਼ਾਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਚੋਪੜਾ ਉਸ ਦੇ ਪੁੱਤਰ ਨੂੰ ਬਾਹਰ ਘੁੰਮਣ ਦੀ ਗੱਲ ਆਖ ਕੇ ਆਪਣੇ ਨਾਲ ਲੈ ਗਿਆ ਸੀ। 

ਜਦੋਂ ਉਸ ਦਾ ਲੜਕਾ ਘਰ ਨਾ ਆਇਆ ਤਾਂ ਉਨ੍ਹਾਂ ਭਾਲ ਸ਼ੁਰੂ ਕੀਤੀ। ਕੱਲ੍ਹ ਦੇਰ ਸ਼ਾਮ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੁਸਤਫਾਬਾਦ ਜੱਟਾਂ ਲਾਗੇ ਨਹਿਰ ਦੇ ਕਿਨਾਰੇ ਇੱਕ ਲਾਸ਼ ਪਈ ਹੈ। ਜਦੋਂ ਉਸ ਨੇ ਮੌਕੇ ’ਤੇ ਜਾ ਕੇ ਵੇਖਿਆ ਤਾਂ ਲਾਸ਼ ਤਜਿੰਦਰਜੀਤ ਦੀ ਸੀ। 

ਇਸ ਦੌਰਾਨ ਮ੍ਰਿਤਕ ਦੀ ਮਾਤਾ ਨੇ ਦੋਸ਼ ਲਾਇਆ ਕਿ ਨਿਸ਼ਾਨ ਸਿੰਘ ਨੇ ਉਸ ਦੇ ਪੁੱਤਰ ਦੇ ਨਸ਼ੇ ਦੀ ਓਵਰਡੋਜ਼ ਵਾਲਾ ਟੀਕਾ ਲਗਾਇਆ ਹੈ, ਜਿਸ ਕਾਰਨ ਤਜਿੰਦਰਜੀਤ ਦੀ ਮੌਤ ਹੋ ਗਈ। ਥਾਣਾ ਤਿੱਬੜ ਦੇ ਮੁਖੀ ਅਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਨਿਸ਼ਾਨ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ।