ਮਾਨਸਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਸਰਕਾਰੀ ਮੁਲਾਜ਼ਮ ਦੀ ਮੌਤ, ਘਰ ਦਾ ਇਕਲੌਤਾ ਪੁੱਤ ਸੀ ਮ੍ਰਿਤਕ 

ਏਜੰਸੀ

ਖ਼ਬਰਾਂ, ਪੰਜਾਬ

ਵੇਚੀ ਜ਼ਮੀਨ, 6 ਸਾਲਾਂ ਤੋਂ ਨਸ਼ਾ ਕਰ ਰਿਹਾ ਸੀ ਨੌਜਵਾਨ

Parwinder Singh

ਮਾਨਸਾ - ਮਾਨਸਾ ਵਿਚ ਮੰਗਲਵਾਰ ਨੂੰ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਨੇ ਲਾਸ਼ ਨੂੰ ਸਿਵਲ ਹਸਪਤਾਲ 'ਚ ਰੱਖ ਕੇ ਮਾਨਸਾ ਦੀ ਜ਼ਿਲਾ ਅਦਾਲਤ 'ਚ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ (28) ਵਾਸੀ ਵਾਟਰ ਵਰਕਸ ਰੋਡ ਮਾਨਸਾ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਉਕਤ ਨੌਜਵਾਨ ਪਿਛਲੇ ਛੇ ਸਾਲਾਂ ਤੋਂ ਨਸ਼ੇ ਦਾ ਸੇਵਨ ਕਰ ਰਿਹਾ ਸੀ। ਜਿਸ ਨੇ ਸ਼ਰਾਬ ਪੀਣ ਦੇ ਚੱਕਰ ਵਿਚ ਆਪਣੀ ਜ਼ਮੀਨ ਵੀ ਵੇਚ ਦਿੱਤੀ ਸੀ।  

ਮ੍ਰਿਤਕ ਦੀ ਭੈਣ ਪ੍ਰਭਦੀਪ ਕੌਰ ਨੇ ਦੱਸਿਆ ਕਿ ਪਰਮਿੰਦਰ ਉਸ ਦਾ ਇਕਲੌਤਾ ਭਰਾ ਸੀ ਜੋ ਕਿ ਸਰਕਾਰੀ ਨੌਕਰੀ ਕਰਦਾ ਸੀ ਅਤੇ ਨਸ਼ੇ ਕਾਰਨ ਉਸ ਨੇ ਆਪਣੀ ਜ਼ਮੀਨ-ਜਾਇਦਾਦ ਵੀ ਵੇਚ ਦਿੱਤੀ ਸੀ। ਆਪਣੀ ਨਸ਼ੇ ਦੀ ਪੂਰਤੀ ਲਈ ਉਹ ਉਨ੍ਹਾਂ ਦੀ ਕੁੱਟਮਾਰ ਵੀ ਕਰਦਾ ਸੀ। ਉਨ੍ਹਾਂ ਪੁਲਿਸ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ। ਪਰ ਪੁਲਿਸ ਵੱਲੋਂ ਉਕਤ ਵਿਅਕਤੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।   

ਜਿਸ ਕਾਰਨ ਅੱਜ ਉਸ ਦੇ ਭਰਾ ਦੀ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਤੋਂ ਬਾਅਦ ਉਸ ਨੂੰ ਮਾਨਸਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਪਰ ਪਟਿਆਲੇ ਵਿਚ ਵੀ ਮਾੜਾ ਇਲਾਜ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਦਾ ਸਮੁੱਚਾ ਸਟਾਫ਼ ਹੜਤਾਲ ’ਤੇ ਸੀ ਅਤੇ ਉਨ੍ਹਾਂ ਨਾਲ ਹਸਪਤਾਲ ਵਿਚ ਦੁਰਵਿਵਹਾਰ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਨੂੰ ਰੋਕਣ ਵਿਚ ਨਾਕਾਮ ਰਹੀ ਹੈ। ਜਿਸ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ।   

ਮ੍ਰਿਤਕ ਦੀ ਭੈਣ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਭਰਾ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਮੈਂਬਰਾਂ ਪਰਵਿੰਦਰ ਸਿੰਘ ਛੋਟਾ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਪਰਵਿੰਦਰ ਸਿੰਘ ਦੀ ਲਾਸ਼ ਨੂੰ ਹਸਪਤਾਲ ਵਿਚ ਰਖਵਾਇਆ ਗਿਆ ਹੈ ਅਤੇ ਜਦੋਂ ਤੱਕ ਪ੍ਰਸ਼ਾਸਨ ਮੰਗਾਂ ਪੂਰੀਆਂ ਨਹੀਂ ਕਰਦਾ, ਉਦੋਂ ਤੱਕ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।