ਨਸ਼ੇ ਨੇ ਬੁਝਾਏ ਦੋ ਹੋਰ ਚਿਰਾਗ: ਮੋਗਾ ਵਿਚ ਟਾਇਰ ਪੰਕਚਰ ਸਲਿਊਸ਼ਨ ਪੀਣ ਕਾਰਨ ਨੌਜਵਾਨ ਦੀ ਮੌਤ
ਮਾਨਸਾ ਵਿਚ ਨੌਜਵਾਨ ਨੇ ਚਿੱਟੇ ਦੀ ਓਵਰਡੋਜ਼ ਕਾਰਨ ਤੋੜਿਆ ਦਮ
ਚੰਡੀਗੜ੍ਹ: ਪੰਜਾਬ ਵਿਚ ਨਸ਼ੇ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਕਿਤੇ ਘਰਾਂ ਦੇ ਚਿਰਾਗ ਬੁਝ ਰਹੇ ਹਨ ਤੇ ਕਿਤੇ ਬੁਢਾਪੇ ਦਾ ਸਹਾਰਾ ਖੋਹਿਆ ਜਾ ਰਿਹਾ ਹੈ। ਮਾਨਸਾ ਵਿਚ ਐਤਵਾਰ ਨੂੰ ਇਕ ਨੌਜਵਾਨ ਪਰਮਿੰਦਰ ਸਿੰਘ (31) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੂਜੇ ਪਾਸੇ ਮੋਗਾ ਵਿਖੇ ਨਸ਼ਾ ਛੱਡਣ ਆਏ ਗੁਰਸ਼ਰਨ ਸਿੰਘ (30) ਨੇ ਟਾਇਰ ਪੰਕਚਰ ਸਲਿਊਸ਼ਨ ਨੂੰ ਗਰਮ ਕਰ ਕੇ ਪੀ ਲਿਆ। ਇਸ ਕਾਰਨ ਉਸ ਦੀ ਸਿਹਤ ਵਿਗੜ ਗਈ, ਜਿਸ ਮਗਰੋਂ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਐਤਵਾਰ ਸ਼ਾਮ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਗੁਰਸ਼ਰਨ ਸਿੰਘ ਵਾਸੀ ਪਿੰਡ ਬੁਟਾਨ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਸੁੱਚਾ ਸਿੰਘ ਦੇ ਬਿਆਨਾਂ ’ਤੇ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ। ਥਾਣਾ ਸਦਰ ਦੇ ਸਹਾਇਕ ਐਸਐਚਓ ਤਰਸੇਮ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਨੇ ਬਿਆਨਾਂ ਵਿਚ ਕਿਹਾ ਕਿ ਉਸ ਦਾ ਲੜਕਾ ਗੁਰਸ਼ਰਨ ਨਸ਼ੇ ਦਾ ਆਦੀ ਸੀ।
ਉਸ ਨੂੰ ਇਕ ਹਫ਼ਤਾ ਪਹਿਲਾਂ ਮੋਗਾ ਦੇ ਪਿੰਡ ਦੜੌਲੀ ਭਾਈ ਦੇ ਧਾਰਮਿਕ ਸਥਾਨ ’ਤੇ ਛੱਡ ਦਿਤਾ ਗਿਆ ਸੀ, ਜਿਥੇ ਉਸ ਦਾ ਇਲਾਜ ਕੀਤਾ ਜਾ ਸਕਦਾ ਸੀ। 22 ਸਤੰਬਰ ਦੀ ਸ਼ਾਮ ਨੂੰ ਉਸ ਦੇ ਲੜਕੇ ਨੇ ਧਾਰਮਿਕ ਸਥਾਨ 'ਤੇ ਰੱਖੇ ਟਾਇਰ ਪੰਕਚਰ ਦਾ ਘੋਲ ਗਰਮ ਕਰਕੇ ਪੀ ਲਿਆ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਇਲਾਜ ਲਈ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ।
ਮਾਨਸਾ ਸ਼ਹਿਰ ਦੇ ਵਾਟਰ ਵਰਕਸ ਰੋਡ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਹ ਅਜੇ ਕੁਆਰਾ ਸੀ। ਪਰਮਿੰਦਰ ਨੂੰ ਤਿੰਨ ਦਿਨ ਪਹਿਲਾਂ ਬਿਮਾਰ ਹੋਣ 'ਤੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿਤਾ ਸੀ। ਐਤਵਾਰ ਰਾਤ ਉਸ ਦੀ ਪਟਿਆਲਾ ਵਿਖੇ ਮੌਤ ਹੋ ਗਈ। ਪਰਮਿੰਦਰ ਨੂੰ ਅਪਣੇ ਪਿਤਾ ਜਗਰਾਜ ਸਿੰਘ ਦੀ ਮੌਤ ਤੋਂ ਬਾਅਦ ਵਾਟਰ ਵਰਕਸ ਵਿਚ ਨੌਕਰੀ ਮਿਲੀ ਸੀ, ਜੋ ਕਿ ਬੁਢਲਾਡਾ ਵਾਟਰ ਵਰਕਸ ਵਿਭਾਗ ਵਿਚ ਸੇਵਾਦਾਰ ਵਜੋਂ ਕੰਮ ਕਰਦਾ ਸੀ। ਪਿਤਾ ਜਗਰਾਜ ਸਿੰਘ ਸ਼ਾਟ ਪੁਟ ਖਿਡਾਰੀ ਸਨ। 2011 ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਜੂਏ ਦਾ ਆਦੀ ਹੋਣ ਕਾਰਨ ਪਰਮਿੰਦਰ ਸਿੰਘ ਅਪਣੀ ਜੱਦੀ ਜ਼ਮੀਨ ਵਿਚੋਂ ਸੱਤ ਏਕੜ ਜ਼ਮੀਨ ਵੀ ਗੁਆ ਬੈਠਾ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਦਸਿਆ ਕਿ ਪਰਮਿੰਦਰ ਦੇ ਬੈੱਡ ਤੋਂ ਮਿਲੀ ਸਰਿੰਜ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਚਿੱਟੇ ਕਾਰਨ ਹੋਈਆਂ ਮੌਤਾਂ ਲਈ ਸਥਾਨਕ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।