ਬਗਦਾਦ ’ਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੀ ਮੁੜ ਉਸਾਰੀ ਦੀ ਮੰਗ
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ/ਚੰਡੀਗੜ੍ਹ: ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਅਸਥਾਨ ਨੂੰ ਮੁੜ ਉਸਾਰਨ ਦੀ ਮੰਗ ਕੀਤੀ ਹੈ। ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਦਾਸੀਆਂ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ 1511 ਈਸਵੀ ਵਿੱਚ ਇਰਾਕ ਦੇ ਸ਼ਹਿਰ ਬਗਦਾਦ ਗਏ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਅਤੇ ਅਮਰੀਕਾ-ਇਰਾਕ ਜੰਗ ਦੌਰਾਨ ਵੀ ਇਸ ਇਤਿਹਾਸਕ ਅਸਥਾਨ ਨੂੰ ਨੁਕਸਾਨ ਪਹੁੰਚਿਆ ਸੀ।
ਸੀਚੇਵਾਲ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਦੁਨੀਆਂ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਹਨ। ਉਹਨਾਂ ਦੀ ਸ਼ਰਧਾ ਹੈ ਕਿ ਗੁਰੂ ਸਾਹਿਬ ਦੇ ਇਸ ਅਸਥਾਨ ਨੂੰ ਮੁੜ ਉਸਾਰਿਆ ਜਾਵੇ। ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਸਰ-ਰਸੂਖ ਦਾ ਇਸਤੇਮਾਲ ਕਰਦੇ ਹੋਏ ਇਰਾਕ ਦੇ ਸੁਪਰੀਮ ਲੀਡਰ ਸੱਯਦ ਅਲੀ ਹੁਸੈਨੀ ਖਮੇਨੀ ਨਾਲ ਰਾਬਤਾ ਕਾਇਮ ਕਰਨ ਅਤੇ ਸਿੱਖ ਜਗਤ ਦੇ ਇਸ ਪਵਿੱਤਰ ਅਸਥਾਨ ਦੀ ਮੁੜ ਉਸਾਰੀ ਮੁੜ ਯਕੀਨੀ ਬਣਾਉਣ।
ਜ਼ਿਕਰਯੋਗ ਹੈ ਕਿ 23 ਜਨਵਰੀ 1990 ਨੂੰ ਇਰਾਕ ਦੇ ਉਸ ਵੇਲੇ ਦੇ ਰਾਸ਼ਟਰਪਤੀ ਸੁਦਾਮ ਹੁਸੈਨ ਨੇ ਸਿੱਖ ਧਰਮ ਦੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਗੁਰੂ ਘਰ ਨੂੰ ਮੁੜ ਉਸਾਰਨ ਦੀ ਇਜ਼ਾਜ਼ਤ ਦੇ ਦਿੱਤੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਚੇਵਾਲ ਨੇ ਕਿਹਾ ਕਿ ਇਰਾਕ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਉਹਨਾਂ ਨਾਲ ਟੈਲੀਫੋਨ ’ਤੇ ਗੱਲ ਕੀਤੀ ਸੀ ਅਤੇ ਇਹ ਮੰਗ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਢਹਿ ਚੁੱਕੇ ਇਤਿਹਾਸਿਕ ਅਸਥਾਨ ਨੂੰ ਮੁੜ ਉਸਾਰਿਆ ਜਾਵੇ। ਸੀਚੇਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਇਸ ਸੰਸਾਰ ਨੂੰ ਆਪਸੀ ਭਾਈਚਾਰੇ ਦਾ ਜੋ ਸੁਨੇਹਾ ਦਿੱਤਾ ਹੈ, ਉਸ ’ਤੇ ਚੱਲਦਿਆ ਹੀ ਦੁਨੀਆਂ ਭਰ ਵਿੱਚ ਅਮਨ ਸ਼ਾਂਤੀ ਲਿਆਂਦੀ ਜਾ ਸਕਦੀ ਹੈ।
ਇਰਾਕ ਵਿੱਚ ਵਸਦੇ ਸਿੱਖ ਨੌਜਵਾਨ ਸੁਖਪਾਲ ਸਿੰਘ ਤੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਰਾਕ ਵਿੱਚ ਵਸਦਾ ਸਿੱਖ ਭਾਈਚਾਰਾ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਅਸਥਾਨ ਹੁਣ ਪਹਿਲੇ ਵਾਲੇ ਸਰੂਪ ਵਿੱਚ ਨਹੀਂ ਰਿਹਾ। ਉਹਨਾਂ ਕਿਹਾ ਕਿ ਇਰਾਕ ਵਿੱਚ ਸਿੱਖ ਭਾਈਚਾਰੇ ਨੂੰ ਆਪਣੀ ਧਾਰਮਿਕ ਅਜ਼ਾਦੀ ਮਨਾਉਣ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਲੰਬੇ ਸਮੇਂ ਇਰਾਕ ਦੇ ਸਿੱਖ ਭਾਈਚਾਰੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੀ ਮੁੜ ਉਸਾਰੀ ਲਈ ਦੁਨੀਆਂ ਭਰ ਵਿੱਚ ਵਸਦੇ ਸਿੱਖ ਧਾਰਮਿਕ ਆਗੂਆਂ ਨੂੰ ਅਪੀਲ ਕਰਦੇ ਆ ਰਹੇ ਹਨ।