Sonalika Group ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 4.5 ਕਰੋੜ ਦੀ ਮਦਦ
ਮਿਸ਼ਨ ਚੜ੍ਹਦੀ ਕਲਾ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਵਿੱਚ 50 ਲੱਖ ਦਿੱਤੇ: ਕੈਬਨਿਟ ਮੰਤਰੀ ਸੰਜੀਵ ਅਰੋੜਾ
ਚੰਡੀਗੜ੍ਹ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸੋਨਾਲੀਕਾ ਲੀਡਿੰਗ ਐਗਰੀ ਐਵੋਲੂਸ਼ਨ ਫਰਮ ਵੱਲੋਂ ਪਹਿਲਾਂ ਹੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਲਗਭਗ 4.5 ਕਰੋੜ ਰੁਪਏ ਦਾ ਯੋਗਦਾਨ ਪਾ ਗਿਆ ਹੈ। ਇਸ ਤੋਂ ਇਲਾਵਾ ਹੜ੍ਹਾਂ ਦੀ ਮਾਰੇ ਹੇਠ ਆਏ ਇਲਾਕਿਆਂ ਨੂੰ ਹੋਰ ਇਮਦਾਦ ਦੇਣ ਲਈ ਸੋਨਾਲੀਕਾ ਫਰਮ ਨੇ ਮਿਸ਼ਨ ‘ਚੜ੍ਹਦੀ ਕਲਾ’ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਵਿੱਚ ਪੰਜਾਹ ਲੱਖ ਰੁਪਏ ਦਿੱਤੇ ਹਨ।
ਇਸ ਸਬੰਧ ਵਿੱਚ ਸੋਨਾਲੀਕਾ ਫਰਮ ਦੇ ਸੀਨੀਅਰ ਉੱਪ ਪ੍ਰਧਾਨ( ਕਾਰਪੋਰੇਟ ਰਿਲੇਸ਼ਨਜ਼) ਜੇ.ਐਸ. ਚੌਹਾਨ ਅਤੇ ਸੀਨੀਅਰ ਉਪ ਪ੍ਰਧਾਨ (ਅਕਾਊਂਟਸ ਐਂਡ ਫਾਈਨਾਂਸ) ਰਜਨੀਸ਼ ਜੈਨ ਨੇ ਨਿੱਜੀ ਤੌਰ ’ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਪੰਜਾਹ ਲੱਖ ਰੁਪਏ ਦੀ ਰਕਮ ਦਾ ਚੈੱਕ ਸੌਂਪਿਆ।
ਇਸ ਤੋਂ ਇਲਾਵਾ ਸੋਨਾਲੀਕਾ ਲੀਡਿੰਗ ਐਗਰੀ ਐਵੋਲੂਸ਼ਨ ਫਰਮ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਐਮਰਜੈਂਸੀ ਸਿਹਤ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ 12 ਐਂਬੂਲੈਂਸਾਂ ਵੀ ਦਾਨ ਕੀਤੀਆਂ ਜਾ ਰਹੀਆਂ ਹਨ। ਇਹ ਐਂਬੂਲੈਂਸਾਂ ਬ੍ਰਾਂਡਿੰਗ ਪ੍ਰਕਿਰਿਆ ਅਧੀਨ ਹਨ ਅਤੇ ਅਗਲੇ 2-3 ਦਿਨਾਂ ਵਿੱਚ ਡਿਲੀਵਰ ਕਰ ਦਿੱਤੀਆਂ ਜਾਣਗੀਆਂ। ਇਨ੍ਹਾਂ ਦੀ ਕੀਮਤ ਲਗਭਗ 2.00 ਕਰੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋ ਕਰੋੜ ਤੋਂ ਵੱਧ ਦਾ ਯੋਗਦਾਨ ਟਰੈਕਟਰਾਂ ਦੇ ਰੂਪ ਵਿੱਚ ਦਿੱਤਾ ਗਿਆ ਹੈ। ਇਸ ਫਰਮ ਨੇ ਦਾਨ ਦੇ ਰੂਪ ਵਿੱਚ ਲਗਭਗ 4.5 ਕਰੋੜ ਰੁਪਏ ਖਰਚ ਕੀਤੇ ਹਨ।