'ਆਪ' ਨੇ ਨੌਜਵਾਨ ਵਿਧਾਇਕ ਮੀਤ ਹੇਅਰ ਨੂੰ ਸੌਂਪੀ ਯੂਥ ਵਿੰਗ ਪੰਜਾਬ ਦੀ ਕਮਾਨ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਨੇ ਨੌਜਵਾਨ ਵਿਧਾਇਕ ਮੀਤ ਹੇਅਰ ਨੂੰ ਸੌਂਪੀ ਯੂਥ ਵਿੰਗ ਪੰਜਾਬ ਦੀ ਕਮਾਨ

image

ਸ਼ੈਰੀ ਕਲਸੀ, ਹਰਮਿੰਦਰ ਸਿੰਘ ਸੰਧੂ ਅਤੇ ਜਗਦੀਪ ਸਿੰਘ ਸੰਧੂ ਸੂਬਾ ਵਾਇਸ ਪ੍ਰਧਾਨ ਨਿਯੁਕਤ

ਚੰਡੀਗੜ੍ਹ, 25 ਅਕਤੂਬਰ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਜ਼ਿਆਦਾ ਮਜ਼ਬੂਤ ਅਤੇ ਸੁਚਾਰੂ ਬਣਾਉਂਦਿਆਂ ਬਰਨਾਲਾ ਤੋਂ ਨੌਜਵਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਪਾਰਟੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਮੀਤ ਹੇਅਰ ਨਾਲ ਤਿੰਨ ਸੂਬਾ (ਉਪ) ਵਾਇਸ ਪ੍ਰਧਾਨ ਵੀ ਲਗਾਏ ਗਏ ਹਨ।
ਪਾਰਟੀ ਹੈੱਡਕੁਆਰਟਰ ਤੋਂ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਐਮ.ਐਲ.ਏ) ਨੇ ਐਤਵਾਰ ਨੂੰ ਇਨ੍ਹਾਂ ਨਵੀਆਂ ਨਿਯੁਕਤੀਆਂ ਦਾ ਰਸਮੀ ਐਲਾਨ ਕੀਤਾ ਹੈ ਜਿਸ ਮੁਤਾਬਕ ਮੀਤ ਹੇਅਰ ਨੂੰ ਯੂਥ ਵਿੰਗ ਪੰਜਾਬ ਦਾ ਪ੍ਰਧਾਨ, ਸ਼ੈਰੀ ਕਲਸੀ, ਜਗਦੀਪ ਸਿੰਘ ਸੰਧੂ ਅਤੇ ਹਰਮੰਦਰ ਸਿੰਘ ਸੰਧੂ ਨੂੰ ਸੂਬਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ। ਨੌਜਵਾਨ ਆਗੂ ਸ਼ੈਰੀ ਕਲਸੀ ਬਟਾਲਾ ਨਾਲ ਸਬੰਧਤ ਪਾਰਟੀ ਲਈ ਗੁਰਦਾਸਪੁਰ ਦੇ ਜ਼ਿਲ੍ਹਾ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਦੋਆਬੇ ਦੀ ਸਰਜ਼ਮੀਨ ਨਾਲ ਸਬੰਧਤ ਹਰਮਿੰਦਰ ਸਿੰਘ ਸੰਧੂ ਚੱਬੇਵਾਲ ਦੇ ਨੌਜਵਾਨ ਸਰਪੰਚ ਅਤੇ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਹਨ ਹਰਮਿੰਦਰ ਸਿੰਘ ਦੇ ਪਿਤਾ ਵੀ ਚੱਬੇਵਾਲ ਦੇ ਸਰਪੰਚ ਰਹਿ ਚੁੱਕੇ ਹਨ। ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਜਗਦੀਪ ਸਿੰਘ ਸੰਧੂ ਦੇ ਨਾਮਵਾਰ ਨੌਜਵਾਨ ਆਗੂ ਹਨ। ਜਗਦੀਪ ਸਿੰਘ ਸੰਧੂ ਨੇ 2017 ਪਾਰਟੀ ਵਲੋਂ ਗਿੱਦੜਬਾਹਾ ਹਲਕੇ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਅਤੇ 25300 ਵੋਟਾਂ ਹਾਸਲ ਕੀਤੀਆਂ ਸਨ।
ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਮੀਤ ਹੇਅਰ ਅਤੇ ਤਿੰਨੋਂ ਵਾਇਸ ਪ੍ਰਧਾਨਾਂ ਦੀ ਅਗਵਾਈ ਹੇਠ ਪਾਰਟੀ ਦਾ ਨੌਜਵਾਨ ਵਿੰਗ ਨੌਜਵਾਨਾਂ, ਕਿਸਾਨਾਂ ਸਮੇਤ ਸਾਰੇ ਵਰਗਾਂ ਲਈ ਹਰ ਮੁਹਾਜ਼ ਤੇ ਡਟ ਕੇ ਲੜਾਈ ਲੜੇਗਾ ਅਤੇ ਪਾਰਟੀ ਦੀ ਰੀੜ ਦੀ ਹੱਡੀ ਵਜੋਂ ਪਾਰਟੀ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਵੇਗਾ।