ਖੇਤੀ ਕਾਨੂੰਨਾਂ ਖਿਲਾਫ਼ 33ਵੇਂ ਦਿਨ ਵੀ ਜਾਰੀ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਸਮ ਵਿਚ ਖ਼ਰਾਬੀ ਤੇ ਠੰਢ ਵਧਣ ਕਾਰਨ ਪੱਕੇ ਧਰਨੇ ਨੂੰ ਜੰਡਿਆਲਾ ਗੁਰੂ ਤਬਦੀਲ ਕੀਤਾ

Farmers Protest

ਅੰਮ੍ਰਿਤਸਰ : ਮੌਸਮ ਵਿਚ ਖ਼ਰਾਬੀ ਤੇ ਠੰਢ ਵਧਣ ਕਾਰਨ ਦੇਵੀਦਾਸਪੁਰਾ ਰੇਲ ਟ੍ਰੈਕ ਉੱਤੇ ਚੱਲ ਰਹੇ ਪੱਕੇ ਮੋਰਚੇ ਨੂੰ ਤਬਦੀਲ ਕਰਦਿਆਂ 33ਵੇਂ ਦਿਨ ਉਕਤ ਪੱਕੇ ਮੋਰਚੇ ਨੂੰ ਜੰਡਿਆਲਾ ਗੁਰੂ (ਸ਼ਹਿਰੀ) ਰੇਲਵੇ ਸਟੇਸ਼ਨ 'ਤੇ ਲਗਾ ਦਿਤਾ ਗਿਆ, ਜਿਸ ਵਿਚ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ।

ਅੰਦੋਲਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਰੇਲ ਟ੍ਰੈਕ ਉਤੇ ਲੱਗੇ ਧਰਨੇ ਤੋਂ ਇਲਾਵਾ ਸ਼ੇਰੋਂ ਟੌਲ ਪਲਾਜਾ (ਅੰਮ੍ਰਿਤਸਰ ਬਠਿੰਡਾ ਹਾਈਵੇ) ਸ਼ਾਪਿੰਗ ਮਾਲ ਰਿਲਾਇੰਸ ਕਪੂਰਥਾਲਾ ਅੱਗੇ ਵੀ ਮੋਰਚੇ ਚੱਲ ਰਹੇ ਹਨ ਤੇ ਪੰਜਾਬ ਵਿਚ ਕਿਸਾਨ ਜਥੇਬੰਦੀ ਵਲੋਂ ਮਾਲ ਗੱਡੀਆਂ ਨੂੰ ਦਾਖ਼ਲੇ ਦੀ ਖੁਲ੍ਹ ਦੇਣ ਦੇ ਬਾਵਜੂਦ ਮੋਦੀ ਸਰਕਾਰ ਨੇ ਪੰਜਾਬ ਵਿਚ ਮਾਲ ਗੱਡੀਆਂ ਨਾ ਭੇਜਣ ਦਾ ਫ਼ੈਸਲਾ ਕਰ ਕੇ ਪੰਜਾਬ  ਨੂੰ ਦੇਸ਼ ਦਾ ਹਿੱਸਾ ਮੰਨਣ ਤੋਂ ਇਨਕਾਰ ਕਰ ਦਿਤਾ ਹੈ ਤੇ ਪੰਜਾਬ ਦੇ ਹਿੱਸੇ ਦੀ ਜੀ.ਐਸ.ਟੀ. ਵੀ ਰੋਕ ਦਿਤੀ ਹੈ।

ਦੇਸ਼ ਦੀ ਅਜ਼ਾਦੀ ਤੋਂ ਹੀ ਕੇਂਦਰ ਸਰਕਾਰਾਂ ਦੇ ਵਿਤਕਰੇ ਤੇ ਜੁਲਮ ਦਾ ਸ਼ਿਕਾਰ ਹੋਏ  ਪੰਜਾਬ ਵਾਸੀ ਅਪਣੇ ਆਪ ਨੂੰ ਅਲੱਗ ਥਲੱਗ ਸਮਝ ਰਹੇ ਹਨ। ਕੇਂਦਰ ਸਰਕਾਰ ਫਿਰਕੂ ਤੇ ਦਲਿਤ ਪੱਤਾ ਖੇਡਣ ਦੇ ਨਾਲ-ਨਾਲ ਜ਼ਰੂਰੀ ਵਸਤਾਂ ਕੋਇਲਾ, ਖਾਦਾਂ ਆਦਿ ਦੀ ਖੇਪ ਰੋਕ ਕੇ ਪੰਜਾਬ ਵਿਚ ਗੜਬੜ ਕਰਵਾਉਣਾ ਚਾਹੁੰਦੀ ਹੈ।  ਕਿਸਾਨ ਆਗੂਆਂ ਨੇ ਅੱਗੇ ਕਿਹਾ  ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਾਰੇ ਵਰਗਾਂ ਤੇ ਜਨਤਾ ਕੇਂਦਰ ਤੇ ਪੰਜਾਬ ਸਰਕਾਰ ਦੇ ਮਨਸੂਬੇ ਕਿਸੇ ਵੀ ਕੀਮਤ ਉਤੇ ਕਾਮਯਾਬ ਨਹੀਂ ਹੋਣ ਦੇਣਗੇ ਤੇ ਕਿਸਾਨ ਅੰਦੋਲਨ  ਹੋਰ ਨਵੀਆਂ ਬੁਲੰਦੀਆਂ ਛੂੰਹਦਾ ਹੋਇਆ, ਕੇਂਦਰ ਸਰਕਾਰ ਨੂੰ ਉਕਤ ਤਿੰਨੇ ਆਰਡੀਨੈਂਸ ਵਾਪਸ ਲੈਣ ਨੂੰ ਮਜਬੂਰ ਕਰ ਦੇਵੇਗਾ।

ਕਿਸਾਨ ਆਗੂਆਂ ਨੇ ਇਸ ਮੌਕੇ ਜ਼ੋਰਦਾਰ ਮੰਗ ਕੀਤੀ ਕਿ ਉਕਤ ਆਰਡੀਨੈਂਸ ਰੱਦ ਕੀਤੇ ਜਾਣ, ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਵਿਚ ਪਾਸ ਕੀਤੀਆਂ ਉਕਤ ਖੇਤੀ ਆਰਡੀਨੈਂਸਾਂ ਦੀਆਂ ਤਰਸੀਮਾਂ ਰੱਦ ਕੀਤੀਆਂ ਜਾਣ ਤੇ ਐਕਟ 1961 ਵਿਚ 14/8/2017 ਨੂੰ ਕੀਤੀਆਂ ਸੋਧਾਂ ਰੱਦ ਕਰ ਕੇ ਐਕਟ ਅਧੀਨ ਤਿੰਨੇ ਕੇਂਦਰੀ ਆਰਡੀਨੈਂਸ ਰੱਦ ਕੀਤੇ ਜਾਣ। ਇਸ ਮੌਕੇ ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਮੁਖਤਿਆਰ  ਸਿੰਘ ਭੰਗਵਾਂ, ਲਖਵਿੰਦਰ ਸਿੰਘ ਡਾਲਾ, ਰਾਜ ਸਿੰਘ, ਮੁੱਖਬੈਨ ਸਿੰਘ ਤੇ ਰਮਿੰਦਰ ਸਿੰਘ ਆਦਿ ਹਾਜ਼ਰ ਸਨ।