ਅਗਲੇ 4 ਦਿਨਾਂ ਤੱਕ ਨਹੀਂ ਚੱਲਣਗੀਆਂ ਪੰਜਾਬ 'ਚ ਮਾਲਗੱਡੀਆਂ, ਕਿਸਾਨਾਂ ਨੇ ਲਾਇਆ ਮੁੜ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਝ ਮਾਲਗੱਡੀਆਂ ਜਲੰਧਰ 'ਚ ਖੜ੍ਹੀਆਂ ਹੋ ਗਈਆਂ ਹਨ।

MAL TRAIN

ਜਲੰਧਰ:  ਪੰਜਾਬ 'ਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਗਠਨਾਂ ਨੇ ਹੁਣ ਰੇਲਵੇ ਟਰੈਕਾਂ ਤੇ ਧਰਨਾ ਖ਼ਤਮ ਕਰ ਦਿੱਤਾ ਸੀ। ਜਿਸ ਕਰਕੇ ਤਿੰਨ-ਚਾਰ ਦਿਨਾਂ ਤੋਂ ਪੰਜਾਬ 'ਚ ਮਾਲਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ। ਪਰ ਅੱਜ ਫਿਰ ਤੋਂ ਕਿਸਾਨ ਜਥੇਬੰਦੀਆਂ ਸੰਗਰੂਰ 'ਚ ਰੇਲਵੇ ਟਰੈਕਾਂ 'ਤੇ ਧਰਨੇ 'ਤੇ ਬੈਠ ਗਏ। ਧਰਨਾ ਫਿਰ ਤੋਂ ਸ਼ੁਰੂ ਹੋਣ ਕਰਕੇ ਮਾਲਗੱਡੀਆਂ ਦੀ ਆਵਾਜਾਈ ਮੁੜ ਬੰਦ ਹੋ ਗਈ। 

ਕੁਝ ਮਾਲਗੱਡੀਆਂ ਜਲੰਧਰ 'ਚ ਖੜ੍ਹੀਆਂ ਹੋ ਗਈਆਂ ਹਨ। ਦੱਸ ਦੇਈਏ ਕਿ ਅਸਲ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਸਿਰਫ਼ ਮਾਲਗੱਡੀਆਂ ਚਲਾ ਕੇ ਖ਼ੁਰਾਕੀ ਤੇ ਜ਼ਰੂਰੀ ਸਾਮਾਨ ਪਹੁੰਚਾਉਣ ਲਈ ਹੀ ਟਰੈਕ ਖ਼ਾਲੀ ਕੀਤੇ ਗਏ ਸਨ, ਪਰ ਅੰਬਾਲਾ ਡਵੀਜ਼ਨ ਵੱਲੋਂ ਖ਼ਾਲੀ ਯਾਤਰੀ ਟ੍ਰੇਨਾਂ ਨੂੰ ਇਕ ਤੋਂ ਦੂਸਰੀ ਜਗ੍ਹਾ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਗਿਆ। 

ਕਿਸਾਨਾਂ ਨੂੰ ਲੱਗਿਆ ਕਿ ਰੇਲਵੇ ਵੱਲੋਂ ਯਾਤਰੀ ਟ੍ਰੇਨਾਂ ਚਲਾ ਦਿੱਤੀਆਂ ਗਈਆਂ ਹਨ ਜਿਸ ਕਾਰਨ ਰੋਹ 'ਚ ਆ ਕੇ ਕਿਸਾਨਾਂ ਨੇ ਸੋਮਵਾਰ ਨੂੰ ਰੇਲਵੇ ਟਰੈਕਾਂ 'ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਸ ਵਜ੍ਹਾ ਨਾਲ ਪਾਨੀਪਤ ਤੋਂ ਪੈਟਰੋਲ ਲਿਆਉਣ ਲਈ ਜਲੰਧਰ ਤੋਂ ਖ਼ਾਲੀ ਟ੍ਰੇਨ ਭੇਜੀ ਜਾਣੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। 

ਗੌਰਤਲਬ ਹੈ ਕਿ ਬੀਤੇ ਦਿਨ ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਹੰਗਾਮੀ-ਆਨਲਾਈਨ ਮੀਟਿੰਗ ਕਿਸਾਨ-ਆਗੂ ਡਾ. ਦਰਸ਼ਨਪਾਲ ਦੀ ਅਗਵਾਈ 'ਚ ਹੋਈ। ਮੀਟਿੰਗ ਦੌਰਾਨ ਕਿਸਾਨ-ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਚਰਚਾ ਕੀਤੀ। ਕੇਂਦਰ ਸਰਕਾਰ ਵੱਲੋਂ ਮਾਲ-ਗੱਡੀਆਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਗਈ। ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ-ਟ੍ਰੈਕ ਖਾਲੀ ਕਰ ਦਿੱਤੇ ਗਏ ਹਨ, ਪਰ ਹੁਣ ਕੇਂਦਰ ਸਰਕਾਰ ਮਾਲ-ਗੱਡੀਆਂ ਚਲਾਉਣ ਲਈ ਇਹ ਸ਼ਰਤ ਮੜ੍ਹ ਰਹੀ ਹੈ ਕਿ ਕਿਸਾਨ ਯਾਤਰੀ-ਗੱਡੀਆਂ ਵੀ ਲੰਘਣ ਦੇਣ ਦੀ ਆਗਿਆ ਦੇਣ, ਕਿਉਂਕਿ ਅਸਲ 'ਚ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਬਹਾਨੇ ਲੱਭ ਰਹੀ ਹੈ। ਪਰ ਜਥੇਬੰਦੀਆਂ ਕੇਂਦਰ ਸਰਕਾਰ ਦਾ ਦਬਾਅ ਨਹੀਂ ਸਹਿਣ ਕਰਨਗੀਆਂ।