ਹੁਸ਼ਿਆਰਪੁਰ ਜਬਰ ਜ਼ਨਾਹ ਮਾਮਲੇ 'ਤੇ ਚਲਾਨ ਇਸੇ ਹਫ਼ਤੇ ਪੇਸ਼ ਹੋਵੇਗਾ : ਕੈਪਟਨ

ਏਜੰਸੀ

ਖ਼ਬਰਾਂ, ਪੰਜਾਬ

ਹੁਸ਼ਿਆਰਪੁਰ ਜਬਰ ਜ਼ਨਾਹ ਮਾਮਲੇ 'ਤੇ ਚਲਾਨ ਇਸੇ ਹਫ਼ਤੇ ਪੇਸ਼ ਹੋਵੇਗਾ : ਕੈਪਟਨ

image

ਕੈਪਟਨ ਨੇ ਕਿਹਾ,''ਕੌਣ ਕਹਿੰਦਾ ਹੈ ਨਵਜੋਤ ਸਿੰਘ ਸਿੱਧੂ ਦਰਕਿਨਾਰ ਹਨ''

ਪਟਿਆਲਾ, 25 ਅਕਤੂਬਰ (ਤੇਜਿੰਦਰ ਫ਼ਤਿਹਪੁਰ, ਜਸਪਾਲ ਸਿੰਘ ਢਿੱਲੋਂ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਹਾਥਰਸ ਮਾਮਲੇ ਵਿਚ ਉਤਰ ਪ੍ਰਦੇਸ਼ ਸਰਕਾਰ ਦੀ ਢਿੱਲੀ ਕਾਰਵਾਈ ਦੇ ਉਲਟ ਉਨ੍ਹਾਂ ਦੀ ਸਰਕਾਰ ਨੇ ਹੁਸ਼ਿਆਰਪੁਰ ਜਬਰ ਜਿਨਾਹ ਤੇ ਕਤਲ ਮਾਮਲੇ ਵਿਚ ਤੁਰਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਚਲਾਨ ਇਸੇ ਹਫ਼ਤੇ ਅਦਾਲਤ ਵਿਚ ਪੇਸ਼ ਕਰ ਦਿਤਾ ਜਾਵੇਗਾ।
ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪੰਜਾਬ ਪੁਲਿਸ ਵਲੋਂ ਇਸ ਮਾਮਲੇ ਵਿਚ ਫੌਰੀ ਤੌਰ 'ਤੇ ਕਾਰਵਾਈ ਕਰਦੇ ਹੋਏ ਬਿਨਾਂ ਦੇਰੀ ਕੀਤਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਹਾਥਰਸ ਮਾਮਲੇ ਵਿਚ ਅਜਿਹਾ ਨਹੀਂ ਕੀਤਾ। ਉਨ੍ਹਾਂ ਅੱਗੇ ਦਸਿਆ ਕਿ ਇਹੋ ਕਾਰਨ ਹੈ ਕਿ ਰਾਹੁਲ ਗਾਂਧੀ ਨੂੰ ਪੀੜਤ ਦੇ ਪ੍ਰਵਾਰ ਨੂੰ ਇਨਸਾਫ਼ ਦਿਵਾਉਣ ਲਈ ਹਾਥਰਸ ਜਾਣਾ ਪਿਆ ਅਤੇ ਹੁਸ਼ਿਆਰਪੁਰ ਜਾਣ ਦੀ ਲੋੜ ਨਹੀਂ ਪਈ।
ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਚੋਣਵੇਂ ਤੌਰ ਉਤੇ ਗੁੱਸੇ ਦਾ ਇਜ਼ਹਾਰ ਕਰਨ ਸਬੰਧੀ ਕੀਤੀ ਟਿਪਣੀ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਾਂ ਪੁਲਿਸ ਹੁਸ਼ਿਆਰਪੁਰ ਮਾਮਲੇ ਵਿਚ ਤੇਜ਼ੀ ਨਾ ਵਿਖਾਉਂਦੀ ਤਾਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਹੋਰਨਾਂ ਨੇ ਉਸੇ ਤਰ੍ਹਾਂ ਪ੍ਰਤਿਕਿਰਿਆ ਦੇਣੀ ਸੀ ਜਿਵੇਂ ਕਿ ਉਨ੍ਹਾਂ ਨੇ ਹਾਥਰਸ ਮਾਮਲੇ ਵਿਚ ਦਿਤੀ ਸੀ। ਉਨ੍ਹਾਂ ਇਹ ਵੀ ਦਸਿਆ ਕਿ ਉਹ ਨਿਰਮਲਾ ਸੀਤਾਰਮਨ ਦੇ ਬਿਆਨ ਬਾਰੇ ਬੀਤੇ ਦਿਨ ਹੀ ਟਿਪਣੀ ਕਰ ਚੁੱਕੇ ਹਨ।
ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੰਜਾਬ ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਦਰਕਿਨਾਰ ਹਨ ਅਤੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, “ਕੌਣ ਕਹਿੰਦਾ ਹੈ ਕਿ ਨਵਜੋਤ ਸਿੱਧੂ ਦਰਕਿਨਾਰ ਹਨ?” ਇਨਫ਼ੋਰਸਮੈਂਟ ਵਿਭਾਗ (ਈ.ਡੀ.) ਵਲੋਂ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਭੇਜੇ ਜਾਣ ਬਾਰੇ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਏਜੰਸੀ ਵਲੋਂ ਉਨ੍ਹਾਂ ਦੇ ਪ੍ਰਵਾਰ ਨੂੰ ਸੰਮਨ ਭੇਜੇ ਗਏ ਹਨ।

ਫੋਟੋ ਨੰ : 25 ਪੀਏਟੀ 14