ਪਾਕਿਸਤਾਨ 'ਚ ਇਸਾਈ ਲੜਕੀ ਦਾ ਧਰਮ ਪ੍ਰੀਵਰਤਨ ਤੇ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਨਾ ਮੰਦਭਾਗਾ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ 'ਚ ਇਸਾਈ ਲੜਕੀ ਦਾ ਧਰਮ ਪ੍ਰੀਵਰਤਨ ਤੇ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਨਾ ਮੰਦਭਾਗਾ

image

ਸਿਰਸਾ ਨੇ 13 ਸਾਲਾ ਕੁੜੀ ਨੂੰ ਅਗ਼ਵਾ ਕਰਨ ਦੇ ਮਾਮਲੇ 'ਚ ਪਾਕਿ ਪ੍ਰਧਾਨ ਮੰਤਰੀ ਦਾ ਦਖ਼ਲ ਮੰਗਿਆ

ਨਵੀਂ ਦਿੱਲੀ, 25 ਅਕਤੂਬਰ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ 13 ਸਾਲਾ ਇਸਾਈ ਲੜਕੀ ਆਰਜ਼ੂ ਮਸੀਹ ਨੂੰ ਕਰਾਚੀ ਸ਼ਹਿਰ 'ਚੋਂ ਅਗ਼ਵਾ ਕਰ ਕੇ, ਜਬਰੀ ਧਰਮ ਪ੍ਰੀਵਰਤਨ ਕਰਵਾ ਕੇ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾਉਣ ਦੇ ਮਾਮਲੇ 'ਚ ਦਖ਼ਲ ਦੇਣ ਤੇ ਇਨਸਾਫ਼ ਕਰਨ ਦੀ ਅਪੀਲ ਕੀਤੀ ਹੈ।
ਸ. ਸਿਰਸਾ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ 13 ਸਾਲਾ ਆਰਜ਼ੂ ਮਸੀਹ ਨੂੰ ਉਸ ਵੇਲੇ ਉਸ ਦੇ ਘਰ ਦੇ ਬਾਹਰੋਂ ਅਗ਼ਵਾ ਕਰ ਲਿਆ ਗਿਆ ਜਦ ਉਹ ਹੋਰ ਬੱਚਿਆਂ ਨਾਲ ਖੇਡ ਰਹੀ ਸੀ। 44 ਸਾਲਾ ਅਗ਼ਵਾਕਾਰ ਮੁਸਲਿਮ ਵਿਅਕਤੀ ਨੇ ਉਸ ਨੂੰ ਜਬਰੀ ਇਸਲਾਮ ਧਾਰਨ ਕਰਵਾਇਆ ਤੇ ਵਿਆਹ ਕਰ ਲਿਆ। ਉਸ ਦੇ ਮਾਪਿਆਂ ਨੇ ਪੁਲਿਸ ਥਾਣੇ ਵਿਚ ਤੁਰਤ ਸ਼ਿਕਾਇਤ ਵੀ ਦਰਜ ਕਰਵਾਈ ਪਰ ਤਿੰਨ ਦਿਨ ਬਾਅਦ ਪੁਲਿਸ ਨੇ ਮਾਪਿਆਂ ਨੂੰ ਥਾਣੇ ਸੱਦ ਕੇ ਉਸ ਦੇ ਧਰਮ ਬਦਲਣ ਤੇ ਵਿਆਹ ਕਰਵਾਉਣ ਦੇ ਸਰਟੀਫ਼ੀਕੇਟ ਸੌਂਪ ਦਿਤੇ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਹ 18 ਸਾਲਾਂ ਦੀ ਹੈ ਤੇ ਮਰਜ਼ੀ ਨਾਲ ਧਰਮ ਪ੍ਰੀਵਰਤਨ ਤੇ ਵਿਆਹ ਕੀਤਾ ਹੈ। ਸ. ਸਿਰਸਾ ਨੇ ਕਿਹਾ ਕਿ ਪਾਕਿਸਤਾਨ 'ਚ ਘੱਟ ਗਿਣਤੀਆਂ ਨਾਲ ਅਣਮਨੁੱਖੀ ਵਿਵਹਾਰ ਹੋ ਰਿਹਾ ਹੈ ਤੇ ਹਰ ਵਰ੍ਹੇ 1000 ਤੋਂ ਵੱਧ ਸਿੱਖ, ਹਿੰਦੂ ਤੇ ਇਸਾਈ ਨਾਲਾਬਾਗ਼ ਲੜਕੀਆਂ ਨੂੰ ਇਸ ਤਰੀਕੇ ਅਗ਼ਵਾ ਕਰ ਕੇ ਧਰਮ ਪ੍ਰੀਵਰਤਨ ਕਰ ਕੇ ਵਿਆਹ ਦਿਤਾ ਜਾਂਦਾ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਅਪਰਾਧੀਆਂ ਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਜੋ ਦੇਸ਼ ਵਿਚ ਘੱਟ ਗਿਣਤੀਆਂ ਨੂੰ ਤਬਾਹ ਕਰ ਰਹੇ ਹਨ।