ਲੁਧਿਆਣਾ 'ਚ ਬੁਆਇਲਰ ਫਟਣ ਕਾਰਨ ਵੱਡਾ ਧਮਾਕਾ, ਹਿੱਲ ਗਈਆਂ ਇਮਾਰਤਾਂ, ਕਈ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਲੁਧਿਆਣਾ 'ਚ ਬੁਆਇਲਰ ਫਟਣ ਕਾਰਨ ਵੱਡਾ ਧਮਾਕਾ, ਹਿੱਲ ਗਈਆਂ ਇਮਾਰਤਾਂ, ਕਈ ਜ਼ਖ਼ਮੀ

image

ਲੁਧਿਆਣਾ, 25 ਅਕਤੂਬਰ (ਪ.ਪ.): ਲੁਧਿਆਣਾ ਦੇ ਤਾਜਪੁਰ ਰੋਡ ਉਤੇ ਗੀਤਾ ਕਾਲੋਨੀ ਵਿਚ ਸਥਿਤ ਏ. ਡੀ. ਡਾਇੰਗ ਵਿਚ ਬੁਆਇਲਰ ਫਟਣ ਕਾਰਨ ਵੱਡਾ ਧਮਾਕਾ ਹੋਇਆ ਜਿਸ ਨੇ ਆਸ-ਪਾਸ ਦੀਆਂ ਇਮਾਰਤਾਂ ਨੂੰ ਹਿਲਾ ਛੱਡਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਐਤਵਾਰ ਸਵੇਰੇ ਤੜਕਸਾਰ ਵਾਪਰਿਆ। ਏ. ਡੀ. ਡਾਇੰਗ ਵਿਚ ਅਚਾਨਕ ਬੁਆਇਲਰ ਫਟ ਗਿਆ ਜਿਸ ਦੌਰਾਨ ਸੱਤ-ਅੱਠ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਸ ਧਮਾਕੇ ਕਾਰਨ ਇਮਾਰਤਾਂ ਪੂਰੀ ਤਰ੍ਹਾਂ ਹਿੱਲ ਗਈਆਂ, ਜਦੋਂ ਕਿ ਕਈ ਘਰਾਂ ਦੀਆਂ ਛੱਤਾਂ ਤਕ ਉੱਡ ਗਈਆਂ। ਇਸ ਧਮਾਕੇ ਕਾਰਨ ਲੋਹੇ ਦੀ ਪੌੜੀ 11 ਹਜ਼ਾਰ ਵੋਲਟੇਜ ਦੇ ਟਾਵਰ ਉਤੇ ਡਿਗ ਗਈ ਅਤੇ ਨਾਲ ਲੱਗਦੇ ਮੱਝਾਂ ਦੇ ਵਾੜੇ ਦਾ ਇਕ ਕਾਮਾ ਵੀ ਜ਼ਖ਼ਮੀ ਹੋ ਗਿਆ। ਫਿਲਹਾਲ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਧਮਾਕੇ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਫ਼ੋਟੋ : ਲੁਧਿਆਣਾ--ਬਲਾਸਟ