ਜਥੇਬੰਦੀ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੀ ਕੋਠੀ ਦੇ ਘਿਰਾਉ ਦਾ ਐਲਾਨ
ਜਥੇਬੰਦੀ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੀ ਕੋਠੀ ਦੇ ਘਿਰਾਉ ਦਾ ਐਲਾਨ
ਕੋਟਕਪੂਰਾ, 25 ਅਕਤੂਬਰ (ਗੁਰਿੰਦਰ ਸਿੰਘ) : ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਭਰ 'ਚ ਹਿੰਸਕ ਭੀੜਾਂ ਵਲੋਂ ਸਿੱਖ ਪ੍ਰਵਾਰਾਂ ਦੇ ਕੀਤੇ ਗਏ ਜਾਨੀ-ਮਾਲੀ ਨੁਕਸਾਨ ਦੀ ਲੜੀ ਤਹਿਤ ਹਰਿਆਣੇ ਦੇ ਪਿੰਡ ਹੋਂਦ ਚਿੱਲੜ 'ਚ ਸਿੱਖਾਂ ਦੇ ਸਮੂਹ ਪ੍ਰਵਾਰਾਂ ਦੇ ਕਤਲੇਆਮ ਅਤੇ ਨਾਮੋ ਨਿਸ਼ਾਨ ਮਿਟਾ ਦੇਣ ਵਾਲਾ ਕੇਸ ਲੜ ਰਹੀ ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਉਨ੍ਹਾਂ ਸਿੱਖ ਪ੍ਰਵਾਰਾਂ ਦੀ 36ਵੀਂ ਬਰਸੀ ਮੌਕੇ 2 ਨਵੰਬਰ ਨੂੰ ਚੰਡੀਗੜ੍ਹ 'ਚ ਸਥਿਤ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਹਰਿਆਣਾ ਦੀ ਰਿਹਾਇਸ਼ ਦਾ ਘਿਰਾਉ ਕਰ ਕੇ ਇਨਸਾਫ਼ ਮੰਗਣ ਦਾ ਫ਼ੈਸਲਾ ਕੀਤਾ ਹੈ।
ਜਥੇਬੰਦੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਮੁਤਾਬਕ 2 ਨਵੰਬਰ 1984 ਦੀ ਸਵੇਰ ਨੂੰ ਹਰਿਆਣਾ ਦੇ ਜ਼ਿਲ੍ਹਾ ਰੇਵਾੜੀ ਦੀ ਤਹਿਸੀਲ ਪਟੌਦੀ ਦੇ ਹੱਸਦੇ-ਵਸਦੇ ਪਿੰਡ ਹੋਂਦ ਚਿੱਲੜ, ਗੁੜਗਾਂਵਾ ਅਤੇ ਪਟੌਦੀ ਅੰਦਰ 79 ਸਿੱਖਾਂ ਨੂੰ ਜਿਉਂਦਿਆਂ ਤੇਲ ਪਾ ਕੇ ਅੱਗ ਦੇ ਹਵਾਲੇ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਖੂਹ 'ਚ ਸੁੱਟ ਕੇ ਸਮੁੱਚੀ ਮਨੁੱਖਤਾ ਨੂੰ ਧੁਰ ਅੰਦਰੋਂ ਸ਼ਰਮਸਾਰ ਕਰਨ ਵਾਲਾ ਉਕਤ ਘਿਨਾਉਣਾ ਕਾਰਾ 27 ਸਾਲਾਂ ਬਾਅਦ 2011 ਨੂੰ ਉਜਾਗਰ ਹੋਇਆ। ਇੰਜੀ. ਗਿਆਸਪੁਰਾ ਨੇ ਦਿਨ-ਦਿਹਾੜੇ ਹੋਏ ਇਸ ਘਾਣ ਸਬੰਧੀ 2016 'ਚ ਜਸਟਿਸ ਟੀ.ਪੀ. ਗਰਗ ਦੀ ਰੀਪੋਰਟ ਦੇ ਆਧਾਰ 'ਤੇ ਇਸ ਵਹਿਸ਼ੀਆਨਾ ਕਾਰਵਾਈ ਦੀ ਪੁਸ਼ਤਪਨਾਹੀ ਕਰਨ ਵਾਲੇ ਤਤਕਾਲੀਨ ਪੁਲਿਸ ਅਧਿਕਾਰੀਆਂ ਵਿਰੁਧ ਨਵੰਬਰ 2017 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੰਦਰ ਰਿੱਟ ਪਾ ਕੇ ਤਤਕਾਲੀਨ ਐਸ.ਪੀ. ਸਤਿੰਦਰ ਕੁਮਾਰ, ਡੀ.ਐਸ.ਪੀ. ਰਾਮ ਭੱਜ, ਐਸ.ਆਈ. ਰਾਮ ਕਿਸ਼ੋਰ ਅਤੇ ਰਾਮ ਕੁਮਾਰ ਉਪਰ ਕਾਰਵਾਈ ਦੀ ਮੰਗ ਕੀਤੀ ਸੀ। ਗਰਗ ਰੀਪੋਰਟ 'ਚ ਇਕੱਲੇ ਹੋਂਦ ਚਿੱਲੜ 'ਚ ਉਸ ਸਮੇਂ ਮੌਜੂਦ ਪੁਲਿਸ ਅਧਿਕਾਰੀਆਂ 'ਤੇ ਇਸ ਕਤਲੇਆਮ ਨੂੰ ਨਾ ਰੋਕਣ ਦੇ ਦੋਸ਼ ਹਨ ਪਰ ਪਟੌਦੀ ਅਤੇ ਗੁੜਗਾਂਵਾ ਦੀ ਰੀਪੋਰਟ 'ਚ ਦੋਸ਼ੀਆਂ ਦਾ ਜ਼ਿਕਰ ਨਹੀ ਹੈ।