ਹਰੀਸ਼ ਰਾਵਤ ਦੀ ਪੰਜਾਬ ਫੇਰੀ-ਖੇਤੀ ਐਕਟ, ਸਿੱਧੂ-ਬਾਜਵਾ-ਦੂਲੋ ਦੀ ਵਖਰੀ ਸੁਰ ਨੂੰ ਚੁੱਪ ਕਰਾ ਗਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਇਕਮੁੱਠ ਹੋ ਕੇ 2022 ਲਈ ਮਜ਼ਬੂਤ ਹੋਈ 'ਆਪ'-ਭਾਜਪਾ ਜ਼ੀਰੋ, ਅਕਾਲੀ ਦਲ ਹੀ ਟਾਕਰੇ 'ਚ : ਲਾਲ ਸਿੰਘ

Navjot Sidhu

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਕਾਂਗਰਸ ਹਾਈ ਕਮਾਂਡ ਵਲੋਂ 2 ਮਹੀਨੇ ਪਹਿਲਾਂ ਥਾਪੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੀਨੀਅਰ ਕਾਂਗਰਸ ਨੇਤਾ ਹਰੀਸ਼ ਰਾਵਤ ਦੀ ਫੇਰੀ ਨੇ ਇਸ ਸਰਹੱਦੀ ਸੂਬੇ 'ਚ ਦੋ ਤਿਹਾਈ ਬਹੁਮਤ ਵਾਲੀ ਸਾਢੇ ਤਿੰਨ ਸਾਲ ਪੁਰਾਣੀ ਸਰਕਾਰ ਲਈ ਮੁਸੀਬਤ ਬਣੀਆਂ ਬਾਗੀ ਸੁਰਾਂ ਨੂੰ ਨਾ ਸਿਰਫ਼ ਠੰਢਾ ਹੀ ਕੀਤਾ ਹੈ ਬਲਕਿ ਨਵਜੋਤ ਸਿੱਧੂ, ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵਰਗੇ ਲੀਡਰਾਂ ਨੂੰ ਵੀ ਪਲੋਸ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਹਾਲ ਦੀ ਘੜੀ ਇਕਮੁੱਠ ਕਰ ਦਿਤਾ ਹੈ।

ਨਵਜੋਤ ਸਿੱਧੂ ਵਰਗੇ ਬੜਬੋਲੇ ਲੀਡਰ ਅਤੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਦੂਲੋ ਦੇ ਮਨ ਦੀ ਭੜਾਸ ਵੀ ਖ਼ੁਦ ਜਾ ਕੇ ਸੁਣੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੋ ਵਾਰ ਮਿਲ ਕੇ, ਸਿੱਧੂ ਨੂੰ ਕਾਂਗਰਸ ਤੇ ਵਜ਼ਾਰਤ ਵਿਚ ਬਣਦਾ ਮਾਣ-ਸਤਿਕਾਰ ਯਾਨੀ ਕੈਬਨਿਟ ਮੰਤਰੀ ਦੇ ਤੌਰ 'ਤੇ ਅਡਜਸਟ ਕਰਨ ਲਈ ਮਨਾ ਲਿਆ ਹੈ।

ਲਗਦਾ ਹੈ ਕਿ ਸਟਾਰ ਪ੍ਰਚਾਰਕ ਦੀ ਮੱਧ ਪ੍ਰਦੇਸ਼ ਦੀ ਜ਼ਿਮਨੀ ਚੋਣਾਂ ਲਈ ਦੋ ਹਫ਼ਤੇ ਦੀ ਫੇਰੀ ਮਗਰੋਂ ਨਵਜੋਤ ਸਿੱਧੂ ਨੂੰ ਬਤੌਰ ਮੰਤਰੀ ਸਹੁੰ ਚੁਕਾ ਕੇ ਸਟੀਲ ਦੀ ਚਾਬੀ ਘੁਮਾ ਕੇ, ਬੀ.ਜੇ.ਪੀ. ਤੇ ਅਕਾਲੀ ਦਲ ਵਿਰੁਧ ਛੱਡ ਦਿਤਾ ਜਾਵੇਗਾ। 'ਰੋਜ਼ਾਨਾ ਸਪੋਕਸਮੈਨ' ਵਲੋਂ ਸੀਨੀਅਰ ਕਾਂਗਰਸੀ ਨੇਤਾਵਾਂ, ਸਿਆਸੀ ਮਾਹਰਾਂ, ਚੋਣ ਅਖਾੜੇ ਦੇ ਧੁਨੰਦਰਾਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿਚਾਰ ਲਏ ਜਾਣ 'ਤੇ ਪਤਾ ਲੱਗਾ ਹੈ ਕਿ ਭਾਵੇਂ ਕੇਂਦਰੀ ਖੇਤੀ ਫ਼ਸਲਾਂ ਦੇ ਵਪਾਰ ਸਬੰਧੀ ਬਣਾਏ ਐਕਟਾਂ ਅਤੇ ਸੁਧਾਰ ਕਰਨ ਦੇ ਬਹਾਨੇ, ਪੰਜਾਬ ਦੇ ਮੰਡੀ ਸਿਸਟਮ ਨੂੰ ਡੂੰਘੀ ਚੋਟ ਮਾਰਨ ਨਾਲ, ਬੀ.ਜੇ.ਪੀ. ਨੂੰ ਹਾਸ਼ੀਏ 'ਤੇ ਪੁਚਾ ਦਿਤਾ ਹੈ,

'ਆਪ' ਪਾਰਟੀ ਪਹਿਲਾਂ ਹੀ ਗੁਟਬੰਦੀ ਦਾ ਸ਼ਿਕਾਰ ਹੋਈ ਪਈ ਹੈ ਅਤੇ ਕਿਸੇ ਚਮਤਕਾਰੀ ਨੇਤਾ ਦੀ ਅਣਹੋਂਦ 'ਚ ਤੀਲਾ-ਤੀਲਾ ਹੋ ਚੁੱਕੀ ਹੈ ਤੇ ਸੱਤਾਧਾਰੀ ਕਾਂਗਰਸ ਹੀ ਹੁਣ ਸੱਭ ਤੋਂ ਉਪਰ ਆਈ ਹੈ ਅੱਜ ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਮੁਲਾਕਾਤ ਸਮੇਂ ਸੀਨੀਅਰ ਨੇਤਾ, 6 ਵਾਰ ਵਿਧਾਇਕ ਅਤੇ ਤਿੰਨ ਵਾਰ ਮੰਤਰੀ ਰਹੇ ਸ. ਲਾਲ ਸਿੰਘ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ, 12 ਜੁਲਾਈ 2004 ਨੂੰ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕਰਵਾ ਕੇ ਗੁਆਂਢੀ ਰਾਜਾਂ ਨਾਲ ਸਮਝੌਤੇ ਰੱਦ ਕਰਵਾ ਕੇ ਇਤਿਹਾਸ ਰਚਿਆ ਅਤੇ ਪੰਜਾਬ ਦਾ ਪਾਣੀ ਬਚਾਇਆ, ਹੁਣ ਫਿਰ ਕੇਂਦਰੀ ਐਕਟਾਂ ਵਿਰੁਧ ਸਰਬਸੰਮਤੀ ਨਾਲ ਤਰਮੀਮਾਂ ਕਰਵਾ ਕੇ, ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਰਾਜਪਾਲ ਕੋਲ ਖ਼ੁਦ ਪਹੁੰਚੇ ਤੇ ਕਿਸਾਨੀ ਨੂੰ ਬਚਾਇਆ।

ਸ. ਲਾਲ ਸਿੰਘ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਕਾਂਗਰਸ ਦਾ ਹੱਥ ਉਪਰ ਹੈ, 'ਆਪ' ਤੇ ਬੀ.ਜੇ.ਪੀ. ਲਗਭਗ ਜ਼ੀਰੋ ਹੈ, ਮੁਕਾਬਲਾ, ਕੇਵਲ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਹੋਵੇਗਾ ਜਿਸ ਪਾਸ ਪਾਰਟੀ ਕੇਡਰ ਹੈ, ਪਿੰਡਾਂ 'ਚ ਆਧਾਰ ਹੈ, ਮਜ਼ਬੂਤ ਸੰਗਠਨ ਹੈ, ਪ੍ਰਬੰਧਕੀ ਹੁਨਰ ਹੈ ਅਤੇ ਸਿੱਖ ਧਰਮ ਤੇ ਸ਼੍ਰੋਮਣੀ ਕਮੇਟੀ ਦੇ ਬਹੁਮਤ ਦਾ ਕੰਟਰੋਲ ਹੈ।

ਜਦੋਂ ਸੁਨੀਲ ਜਾਖੜ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਤੋਂ ਬਾਹਰ ਜਾਣ ਦਾ ਰਸਤਾ ਰੋਕਣ 'ਚ ਹਰੀਸ਼ ਰਾਵਤ ਕੁੱਝ ਹੱਦ ਤਕ ਕਾਮਯਾਬ ਹੋ ਗਏ ਹਨ ਅਤੇ ਸਿੱਧੂ ਨੂੰ ਵਜ਼ਾਰਤ 'ਚ ਫਿਰ ਲੈ ਕੇ ਅੰਦਰੂਨੀ ਚਿੜ-ਚਿੜ ਸਮਾਪਤ ਹੋਣ ਦੀ ਆਸ ਹੈ। ਹਰੀਸ਼ ਰਾਵਤ ਦੀ ਪਹਿਲੀ ਫੇਰੀ 10 ਦਿਨ ਦੀ ਸੀ, ਫਿਰ ਤਿੰਨ ਦਿਨ ਦੁਬਾਰਾ ਆਏ, ਹੁਣ ਦਿੱਲੀ 'ਚ ਨੇ, ਉਨ੍ਹਾਂ ਫ਼ੋਨ 'ਤੇ ਦਸਿਆ ਕਿ ਹਾਈ ਕਮਾਂਡ, ਮੁੱਖ ਮੰਤਰੀ, ਪਾਰਟੀ ਪ੍ਰਧਾਨ ਜਾਖੜ, ਸਿੱਧੂ, ਬਾਜਵਾ,

ਦੂਲੋ ਤੇ ਹੋਰ ਨੇਤਾਵਾਂ ਦੇ ਇਕਮੁੱਠ ਹੋਣ ਲਈ ਕੋਸ਼ਿਸ਼ ਜਾਰੀ ਰਖਣਗੇ ਅਤੇ ਪੰਜਾਬ 'ਚ 2022 ਚੋਣਾਂ ਦੌਰਾਨ ਮੁੜ ਜਿੱਤ ਪ੍ਰਾਪਤ ਕਰ ਕੇ, ਸਾਰੇ ਮੁਲਕ 'ਚ ਪੰਜਾਬ ਕਾਂਗਰਸ ਦੀ ਮਿਸਾਲ ਦੇ ਕੇ, ਪੁਨਰ ਸੁਰਜੀਤੀ ਵਾਸਤੇ ਕੋਸ਼ਿਸ਼ ਕਰਾਂਗੇ। ਇਹ ਪੁੱਛੇ ਜਾਣ 'ਤੇ ਕਿ ਸੰਭਾਵੀ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ 2022 'ਚ ਕਿਸ ਨੂੰ ਪ੍ਰਾਜੈਕਟ ਕਰੋਗੇ? ਦੇ ਜਵਾਬ ਵਿਚ ਹਰੀਸ਼ ਰਾਵਤ ਨੇ ਕਿਹਾ ਅਜੇ ਸਮਾਂ ਬਹੁਤ ਪਿਆ ਹੈ।

ਉਪਰੋਂ-ਉਪਰੋਂ ਤਾਂ ਹਰੀਸ਼ ਰਾਵਤ ਦੇ ਸੁਲਝੇ ਹੋਏ ਬਿਆਨਾਂ ਤੋਂ ਲਗਦਾ ਹੈ ਕਿ ਕਾਂਗਰਸੀ ਦੀ ਅੰਦੂਰਨੀ ਖਿੱਚੋਤਾਣ ਘਟੇਗੀ ਪਰ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸਮੇਤ ਤ੍ਰਿਪਤ ਬਾਜਵਾ ਤੇ ਸੁਖਜਿੰਦਰ ਰੰਧਾਵਾ ਮਜ਼ਬੂਤ ਤੇ ਧਾਕੜ ਗਰੁਪ ਇਸ ਫੇਰੀ ਦੌਰਾਨ, ਪ੍ਰਤਾਪ ਬਾਜਵਾ-ਦੂਲੋ ਜੋੜੀ ਨੂੰ ਬਿਨਾਂ ਵਜ੍ਹਾ ਪਲੋਸਣ 'ਤੇ ਸਖ਼ਤ ਨਾਰਾਜ਼ ਹੈ।

ਇਹ ਗੁੱਟ ਤਾਂ ਕਿਸੇ ਹੱਦ ਤਕ, ਸਿੱਧੂ ਨੂੰ ਸੰਭਾਵੀ ਪ੍ਰਧਾਨ ਜਾਂ ਮੁੱਖ ਮੰਤਰੀ ਦੇ ਤੌਰ 'ਤੇ ਭਵਿੱਖ 'ਚ ਲੋਕਾਂ ਸਾਹਮਣੇ ਪੇਸ਼ ਕਰਨ ਦੇ ਵੀ ਸਖ਼ਤ ਵਿਰੁਧ ਹੈ। ਆਉਣ ਵਾਲੇ ਸਮੇਂ 'ਚ ਇਹ ਗਰੁਪ, ਬੀ.ਜੇ.ਪੀ. ਵਲੋਂ ਧਰਮ ਤੇ ਰਾਮ ਮੰਦਰ ਨੂੰ ਪੰਜਾਬ ਦੇ ਸ਼ਹਿਰੀ ਹਿੰਦੂਆਂ ਲਈ ਵਰਤ ਕੇ 2022 ਚੋਣਾਂ 'ਚ ਵੋਟਾਂ ਬਟੋਰਨ ਤੋਂ ਵੀ ਚਿੰਤਤ ਹੈ।