ਫ਼ੋਟੋਗ੍ਰਾਫ਼ੀ ਧੰਦੇ ਨਾਲ ਜੁੜੇ ਮਾਂ-ਬਾਪ ਦੇ ਇਕਲੌਤੇ ਪੁੱਤਰ ਦੀ ਮਿਲੀ ਲਾਸ਼

ਏਜੰਸੀ

ਖ਼ਬਰਾਂ, ਪੰਜਾਬ

ਫ਼ੋਟੋਗ੍ਰਾਫ਼ੀ ਧੰਦੇ ਨਾਲ ਜੁੜੇ ਮਾਂ-ਬਾਪ ਦੇ ਇਕਲੌਤੇ ਪੁੱਤਰ ਦੀ ਮਿਲੀ ਲਾਸ਼

image

ਸ੍ਰੀ ਮੁਕਤਸਰ ਸਾਹਿਬ-ਮੰਡੀ ਲੱਖੇਵਾਲੀ, 25 ਅਕਤੂਬਰ (ਰਣਜੀਤ ਸਿੰਘ/ਸੁਖਵਿੰਦਰ ਬਰਾੜ): ਇਲਾਕੇ ਵਿਚ ਲਗਾਤਾਰ ਕਤਲ ਦੇ ਮਾਮਲੇ ਅਤੇ ਦੋਸ਼ੀਆਂ ਦੇ ਹੌਂਸਲੇ ਦਿਨ ਬ ਦਿਨ ਬੁਲੰਦੇ ਹੁੰਦੇ ਦਿਖਾਈ ਦੇ ਰਹੇ ਹਨ। ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਅਬੋਹਰ ਮਾਰਗ ਤੇ ਪਿੰਡ ਮਹਾਂਬੱਧਰ ਕੋਲ ਇਕ ਨੌਜਵਾਨ ਦੀ ਲਾਸ਼ ਮਿਲੀ। ਇਹ ਨੌਜਵਾਨ ਫ਼ੋਟੋਗ੍ਰਾਫ਼ੀ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਅਤੇ ਬੀਤੀ ਰਾਤ ਅਪਣੇ ਕੰਮ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਤੋਂ ਅਪਣੇ ਪਿੰਡ ਉੜਾਂਗ ਜਾ ਰਿਹਾ ਸੀ। ਨੌਜਵਾਨ ਦਾ ਮੋਟਰਸਾਈਕਲ ਅਤੇ ਮੋਬਾਈਲ ਘਟਨਾ ਸਥਾਨ ਤੋਂ ਨਹੀਂ ਮਿਲੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੌਜਵਾਨ ਦੀ ਲਾਸ਼ ਸ੍ਰੀ ਮੁਕਤਸਰ ਸਾਹਿਬ-ਅਬੋਹਰ ਰੋਡ ਤੋਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।
  ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਉੜਾਂਗ ਵਾਸੀ ਲਵਪ੍ਰੀਤ ਜੋਂ ਕਿ ਡਰੋਨ ਉਪਰੇਟਰ ਵਜੋਂ ਕੰਮ ਕਰਦਾ ਸੀ ਬੀਤੀ ਰਾਤ ਵੀ ਪਿੰਡ ਬੁੱਟਰ ਸ਼ਰੀਹ ਵਿਖੇ ਇਕ ਵਿਆਹ ਦੇ ਪ੍ਰੋਗਰਾਮ ਵਿਚ ਕੰਮ ਕਰਨ ਤੋਂ ਬਾਅਦ ਘਰ ਆ ਰਿਹਾ ਸੀ। ਸ੍ਰੀ ਮੁਕਤਸਰ ਸਾਹਿਬ ਦੇ ਇਕ ਪਟਰੌਲ ਪੰਪ ਤੋਂ ਕਰੀਬ 10.45 ਉਤੇ ਮੋਟਰਸਾਈਕਲ ਵਿਚ ਤੇਲ ਪਵਾਉਣ ਉਪਰੰਤ ਉਹ ਅਪਣੇ ਪਿੰਡ ਉੜਾਂਗ ਵਲ ਰਵਾਨਾ ਹੋਇਆ ਪਰ ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਮਹਾਂਬੱਧਰ ਨੇੜੇ ਸੜਕ ਕਿਨਾਰੇ ਮਿਲੀ। ਲਵਪ੍ਰੀਤ ਦੇ ਸਰੀਰ ਉਤੇ ਕਈ ਸੱਟਾਂ ਦੇ ਨਿਸ਼ਾਨ ਹਨ। ਭਾਵੇਂ ਲਵਪ੍ਰੀਤ ਵਲੋਂ ਇਸਤੇਮਾਲ ਕੀਤਾ ਜਾਣ ਵਾਲਾ ਡਰੋਨ ਕੈਮਰਾ ਉਸ ਦੇ ਬੈਗ਼ ਵਿਚ ਹੀ ਹੈ ਪਰ ਉਸ ਦਾ ਮੋਟਰਸਾਇਕਲ ਅਤੇ ਮੋਬਾਈਲ ਨਹੀਂ ਮਿਲੇ ਹਨ। ਫਿਲਹਾਲ ਮੌਕੇ ਉਤੇ ਪਹੁੰਚ ਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
  ਸੂਤਰਾਂ ਮੁਤਾਬਕ ਮੁਢਲੀ ਜਾਂਚ ਵਿਚ ਇਹ ਲੁੱਟ ਦੀ ਨੀਅਤ ਨਾਲ ਕੀਤਾ ਕਤਲ ਜਾਪਦਾ ਹੈ। ਮਿਰਤਕ ਮਾਂ-ਬਾਪ ਦਾ ਇਕਲੌਤਾ ਪੁੱਤ ਸੀ। ਘਟਨਾ ਸਥਾਨ ਉਤੇ ਪਹੁੰਚ ਕੇ ਡੀ ਐਸ ਪੀ ਭੁਪਿੰਦਰ ਸਿੰਘ, ਐਸ ਐਚ ਓ ਮਲਕੀਤ ਸਿੰਘ ਅਤੇ ਘਟਨਾ ਸਬੰਧੀ ਜਾਣਕਾਰੀ ਇਕੱਤਰ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ। ਐਸ ਐਚ ਓ ਮਲਕੀਤ ਸਿੰਘ ਨੇ ਕਿਹਾ ਕਿ ਫਿਲਹਾਲ ਘਟਨਾ ਦੀ ਜਾਣਕਾਰੀ ਮਿਲਦਿਆਂ ਉਹ ਮੌਕੇ ਉਤੇ ਪਹੁੰਚੇ ਅਤੇ ਆਸ ਪਾਸ ਤੋਂ ਸਾਰੇ ਤੱਥ ਇਕੱਤਰ ਕਰ ਕੇ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।    

ਕੈਪਸਨ : ਲਵਪ੍ਰੀਤ ਦੀ ਪੁਰਾਣੀ ਤਸਵੀਰ ਤੇ ਸੜ੍ਹਕ ਕਿਨਾਰੇ ਮਿਲੀ ਲਾਸ਼।  
ਫੋਟੋ ਫਾਇਲ: ਐਮਕੇਐਸ 25 - 04