ਸ਼੍ਰੋਮਣੀ ਕਮੇਟੀ ਦੀ 'ਜ਼ਿੱਦ' ਨੇ 1984 ਦੀ ਯਾਦ ਦਿਵਾਈ
ਸ਼੍ਰੋਮਣੀ ਕਮੇਟੀ ਦੀ 'ਜ਼ਿੱਦ' ਨੇ 1984 ਦੀ ਯਾਦ ਦਿਵਾਈ
ਪ੍ਰਸ਼ਾਸਨ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਰਸਤੇ ਸੀਲ
ਅੰਮ੍ਰਿਤਸਰ, 25 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਅੰਮ੍ਰਿਤਸਰ ਵਿਖੇ ਇਕ ਵਾਰ ਫਿਰ 1984 ਵਰਗਾ ਮਾਹੌਲ ਦਿਖਾਈ ਦੇਣ ਲੱਗ ਪਿਆ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੀ 'ਜ਼ਿੱਦ' ਕਾਰਨ ਬੀਤੇ ਦਿਨ ਖ਼ੂਨੀ ਖੇਡ ਹੋਇਆ ਸੀ। ਅੱਜ ਪ੍ਰਸ਼ਾਸਨ ਨੇ ਤੇਜਾ ਸਿੰਘ ਸਮੁੰਦਰੀ ਹਾਲ ਤੇ ਗੁਰੂ ਘਰ ਨੂੰ ਜੋੜਦੇ ਸਮੂਹ ਰਸਤਿਆਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫ਼ੋਰਸ ਤੇ ਪੁਲਿਸ ਜਵਾਨ ਤਾਇਨਾਤ ਕਰ ਕੇ ਸਮੁੱਚੇ ਇਲਾਕੇ ਨੂੰ ਸੀਲ ਕਰ ਦਿਤਾ ਹੈ ਤਾਂ ਜੋ ਗਰਮ ਖ਼ਿਆਲ ਸੰਗਠਨ ਮੁੜ ਘਿਰਾਉ ਨਾ ਕਰ ਸਕਣ।
ਥਾਂ-ਥਾਂ 'ਤੇ ਪੁਲਿਸ ਦੀ ਤਾਇਨਾਤੀ ਕਾਰਨ ਗੁਰੂ ਘਰ ਮੱਥਾ ਟੇਕਣ ਆ ਰਹੀਆਂ ਸੰਗਤਾਂ ਵੀ ਪ੍ਰੇਸ਼ਾਨ ਨਜ਼ਰ ਆ ਰਹੀਆਂ ਸਨ ਕਿਉਂਕਿ ਕੋਈ ਵੀ ਗੁਰੂ ਕਾ ਸਿੱਖ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਪੂਜਨੀਕ ਸਥਾਨ 'ਤੇ ਪੁਲਿਸ ਪਹਿਰੇ ਹੇਠ ਹੋਵੇ। ਸੰਗਤਾਂ ਵਿਚ ਚਰਚਾ ਸੀ ਕਿ ਜੇਕਰ ਸ਼੍ਰੋਮਣੀ ਕਮੇਟੀ 'ਜ਼ਿੱਦ' ਨਾ ਕਰਦੀ ਤੇ ਸਰੂਪਾਂ ਦੀ ਗੁਮਸ਼ੁਦਗੀ ਲਈ ਜ਼ਿੰਮੇਵਾਰ ਵੱਡੇ ਲੋਕਾਂ ਵਿਰੁਧ ਸਖ਼ਤ ਕਦਮ ਚੁਕਦੀ ਤਾਂ ਅਜਿਹਾ ਭਿਆਨਕ ਕਾਰਾ ਹੋਣਾ ਹੀ ਨਹੀਂ ਸੀ। ਦੂਜੇ ਪਾਸੇ ਬੀਤੇ ਦਿਨ ਦੀ ਘਟਨਾ 'ਚ ਗਰਮ ਦਲੀਆਂ ਦੇ ਸੁਖਜੀਤ ਸਿੰਘ ਖੋਸਾ, ਪ੍ਰਮਜੀਤ ਸਿੰਘ ਅਕਾਲੀ, ਦਿਲਬਾਗ ਸਿੰਘ, ਬਲਬੀਰ ਸਿੰਘ ਮੁੱਛਲ, ਤਰਲੋਚਨ ਸਿੰਘ ਸੋਹਲ, ਮਨਜੀਤ ਸਿੰਘ ਝਬਾਲ, ਲਖਬੀਰ ਸਿੰਘ ਮਾਲਮ, ਨਿਸ਼ਾਨ ਸਿੰਘ, ਅਮਰੀਕ ਸਿੰਘ, ਬਾਜ ਸਿੰਘ, ਅਮਨਦੀਪ ਸਿੰਘ ਮੂਲੇਚੱਕ, ਬੀਬੀ ਮਨਿੰਦਰ ਕੌਰ ਅਤੇ ਸ਼੍ਰੋਮਣੀ ਕਮੇਟੀ ਦੇ ਸਰਬਜੀਤ ਸਿੰਘ ਧਰਮੀ ਫ਼ੌਜੀ ਆਦਿ ਸ਼ਾਮਲ ਹਨ। ਧਾਰਾ 296 ਅੰਡਰ ਸੈਕਸ਼ਨ 341, 323, 427, 148, 149 ਆਈ ਪੀ ਸੀ ਅਤੇ 177 ਅੰਡਰ ਸੈਕਸ਼ਨ 307, 452, 148, 149 ਆਈ ਪੀ ਸੀ ਇਹ ਪਰਚੇ ਥਾਣਾ ਈ ਡਵੀਜ਼ਨ ਤੇ ਬੀ ਡਵੀਜ਼ਨ ਦਰਜ ਕੀਤੇ ਗਏ ਹਨ।