ਵੱਡੀ ਖ਼ਬਰ : ਜੈਤੋ ਤੋਂ ‘ਆਪ’ ਵਿਧਾਇਕ ਬਲਦੇਵ ਸਿੰਘ ਦੀ ਵਿਧਾਇਕੀ ਰੱਦ
26 ਅਕਤੂਬਰ ਤੋਂ ਹੀ ਮੈਂਬਰਸ਼ਿਪ ਨੂੰ ਕੀਤਾ ਗਿਆ ਰੱਦ
ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ‘ਆਪ’ ਵਿਧਾਇਕ ਬਲਦੇਵ ਸਿੰਘ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਆਯੋਗ ਕਰਾਰ ਦੇ ਦਿੱਤਾ ਹੈ। ਆਯੋਗ ਕਰਾਰ ਦੇਣ ਦੇ ਨਾਲ ਹੀ ਮਾਸਟਰ ਬਲਦੇਵ ਸਿੰਘ ਦੀ ਵਿਧਾਨ ਸਭਾ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ।
ਬਲਦੇਵ ਸਿੰਘ ਜੈਤੋ ਤੋਂ ਵਿਧਾਨ ਸਭਾ ਚੋਣਾਂ ਜਿੱਤੇ ਸਨ । ਉਨ੍ਹਾਂ ਨੇ ‘ਆਪ’ ਛੱਡਕੇ ਖਹਿਰਾ ਦੀ ਪਾਰਟੀ ਤੋਂ ਲੋਕ ਸਭਾ ਚੋਣ ਲੜੀ ਸੀ ਤੇ ਫਿਰ ਦੁਬਾਰਾ ‘ਆਪ’ ‘ਚ ਸ਼ਾਮਲ ਹੋਏ ਸਨ।
ਬਲਦੇਵ ਸਿੰਘ ਖ਼ਿਲਾਫ਼ ਆਯੋਗ ਐਲਾਨ ਕਰਨ ਦੀ ਸ਼ਿਕਾਇਤ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ ਸਿੰਘ ਕੋਲ ਪੈਂਡਿੰਗ ਪਈ ਸੀ। ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਇਹ ਸ਼ਿਕਾਇਤ ਸੁਖਪਾਲ ਖਹਿਰਾ ਦੀ ਪਾਰਟੀ ਵਲੋਂ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਕੀਤੀ ਗਈ ਸੀ। ਉਨ੍ਹਾਂ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਦਲ ਬਦਲੂ ਕਾਨੂੰਨ ਦਾ ਉਲੰਘਣ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਬਜਾਏ ਕਿਸੇ ਹੋਰ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਸੀ।