CM ਨੇ ਅਪਣੇ ਸੁਪਨਈ ਪ੍ਰੋਜੈਕਟ ਥੀਮ ਪਾਰਕ ਨੂੰ ਅੰਤਿਮ ਛੋਹ ਦੇਣ ਲਈ ਕੀਤਾ ਹਰ ਪਹਿਲੂ ਦਾ ਨਰੀਖਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਰਾਤ 8 ਵਜੇ ਤੋਂ 12 ਵਜੇ ਤੱਕ ਮੁੱਖ ਮੰਤਰੀ ਨੇ ਅਧਿਕਾਰੀਆਂ ਅਤੇ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਮਾਹਿਰਾਂ ਨਾਲ ਕੀਤੀ ਮੁਲਾਕਾਤ

Charanjeet Channi

 

ਚੰਡੀਗੜ੍ਹ : ਸੂਬੇ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੂੰ ਅਕੀਦਤ ਭੇਂਟ ਕਰਨ ਲਈ ਸ਼੍ਰੀ ਚਮਕੌਰ ਸਾਹਿਬ ਸ਼ਹਿਰ ਦੇ ਸੁੰਦਰੀਕਰਨ ਅਤੇ ਥੀਮ ਪਾਰਕ ਦੇ ਬਣਾਉਣ ਦਾ ਲਿਆ ਸੁਪਨਾ ਪੂਰਾ ਹੋ ਗਿਆ ਹੈ।ਜ਼ਿਕਰਯੋਗ ਹੈ ਕਿ ਡੇਢ ਦਹਾਕੇ ਤੋਂ ਅੱਧ ਵਾਟੇ ਰੁਕੇ ਇਸ ਪ੍ਰੋਜੈਕਟ ਨੂੰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਬਣਦਿਆਂ ਸ੍ਰੀ ਚੰਨੀ ਨੇ ਪੂਰਾ ਕਰਨ ਦਾ ਬੀੜਾ ਚੁਕਿਆ ਸੀ।

ਚਮਕੌਰ ਸਾਹਿਬ ਵਿਖੇ ਥੀਮ ਪਾਰਕ ਬਣ ਕੇ ਤਿਆਰ ਹੈ ਅਤੇ ਵੱਖ ਵੱਖ ਗੈਲਰੀਆਂ ਵਿਚ ਸਿੱਖ ਇਤਿਹਾਸ ਨੂੰ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਐਨੀਮੇਸ਼ਨ ਫਿਲਮਾਂ ਵੀ ਲਗਭਗ ਤਿਆਰ ਹਨ।ਇਸ ਪ੍ਰੋਜੈਕਟ ਨੂੰ ਅੰਤਿਮ ਛੋਹਾਂ ਦੇਣ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਬੀਤੀ ਰਾਤ 8 ਵਜੇ ਤੋਂ ਲੈ ਕੇ 12 ਵਜੇ ਤੱਕ ਖੁੱਦ ਹਰ ਫਿਲਮ ਨੂੰ ਬਰੀਕੀ ਨਾਲ ਦੇਖਿਆ ਅਤੇ ਲੋੜੀਂਦੇ ਬਦਲਾਅ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਥੀਮ ਪਾਰਕ ਨੂੰ ਜੋੜਨ ਵਾਲੀਆਂ ਸਾਰੀਆਂ ਸੜਕਾਂ ਨੂੰ ਚੌੜਾ ਕਰਨ ਅਤੇ ਮਜਬੂਤ ਕਰਨ ਦੇ ਹੁਕਮ ਦਿੱਤੇ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਥੀਮ ਪਾਰਕ ਦੇ ਅੰਦਰ ਸੁੰਦਰ ਦਰੱਖਤ ਅਤੇ ਥੀਮ ਪਾਰਕ ਨੂੰ  ਜੋੜਦੀ ਸੜਕ ‘ਤੇ ਵਧੀਆ ਦਿੱਖ ਵਾਲੀਆਂ ਲਾਈਟਾਂ ਲਾਉਣ ਦੇ ਵੀ ਹੁਕਮ ਦਿੱਤੇ।

ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਥੀਮ ਪਾਰਕ ਦੁਨੀਆਂ ਦੇ ਸਭ ਤੋਂ ਸੁੰਦਰ ਅਜੂਬਿਆਂ ਵਿਚੋਂ ਇੱਕ ਹੋਵੇਗਾ ਜੋ ਦੁਨੀਆਂ ਭਰ ਵਿਚ ਵਸਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ।ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਦੇ ਨਾਲ ਭਰਪੂਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਕਦੇ ਨਾ ਭੁਲਾਈ ਜਾ ਸਕਣ ਵਾਲੀ ਸ਼ਹਾਦਤ ਦੀ ਗਵਾਹੀ ਭਰਦੀ ਚਮਕੌਰ ਦੀ ਧਰਤੀ ਦੇ ਗੌਰਵਮਈ ਇਤਿਹਾਸ ਨੂੰ ਰੂਪਮਾਨ ਕਰਨ ਵਾਲੇ `ਥੀਮ ਪਾਰਕ` ਦੀ 55 ਕਰੌੜ ਨਾਲ ਉਸਾਰੀ ਕਰਵਾਈ ਗਈ ਹੈ।

ਇਸ ਪਾਰਕ ਵਿਚ 11 ਗ਼ੈਲਰੀਆਂ `ਚ ਅਤਿ ਆਧੁਨਿਕ ਤਕਨੀਕਾਂ ਦੇ ਰਾਹੀਂ ਸਿੱਖ ਫਲਸਫੇ, ਸ੍ਰੀ ਚਮਕੌਰ ਸਾਹਿਬ ਦੇ ਸਾਕੇ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲਾ ਛੱਡਣ ਤੋਂ ਲੈ ਕੇ ਸਰਸਾ ਨਦੀ ਦੇ ਵਿਛੋੜੇ, ਮਾਛੀਵਾੜੇ ਦੇ ਜੰਗਲਾਂ ਸਣੇ ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਣੇ ਬੰਦਾ ਸਿੰਘ ਬਹਾਦਰ ਦਾ ਪੰਜਾਬ ਵੱਲ ਕੂਚ ਕਰਨਾ ਅਤੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨਾ ਆਦਿ ਨੂੰ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਮੁੱਚੀ ਸਕਰਪਿਟ ਜਿੱਥੇ ਪਦਮਸ੍ਰੀ ਡਾ. ਸੁਰਜੀਤ ਪਾਤਰ ਵੱਲੋਂ ਲਿਖੀ ਗਈ ਹੈ, ਉੱਥੇ ਹੀ ਗੈਲਰੀਆਂ ਵਿੱਚ ਵਿਖਾਏ ਜਾਣ ਵਾਲੇ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਐਨੀਮੇਸ਼ਨ ਫਿਲਮਾਂ, ਗੀਤਾਂ ਅਤੇ ਕੁੰਮੈਂਟਰੀ ਨੂੰ ਮੁੰਬਈ ਅਤੇ ਦਿੱਲੀ ਦੇ ਨਾਮੀ ਸਟੂਡੀਓਜ਼ ਤੋਂ ਤਿਆਰ ਕਰਵਾਇਆ ਗਿਆ ਹੈ, ਇੰਨਾਂ ਫਿਲਮਾਂ ਵਿਚ ਦੇਸ਼ ਦੇ ਨਾਮੀ ਗਾਇਕਾਂ ਕੈਲਾਸ਼ ਖੇਰ ਅਤੇ ਸੁਖਵਿੰਦਰ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰਾਂ ਨੇ ਅਵਾਜ਼ ਦਿੱਤੀ ਹੈ।ਇਸ ਪ੍ਰੋਜੈਕਟ ਨੂੰ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਤਿਆਰ ਕਰਨ ਵਾਲੇ ਦੇ ਤਕਨੀਕੀ ਮਾਹਰਾਂ ਦੀ ਟੀਮ, ਡਿਜ਼ਾਈਨਰਾਂ ਦੀ ਵਲੋਂ ਮੁਕੰਮਲ ਕੀਤਾ ਗਿਆ ਹੈ। ਜੇਕਰ ਇੱਕਲੀ ਇੱਕਲੀ ਗੈਲਰੀ ਬਾਰੇ ਗੱਲ ਕਰੀਏ ਤਾਂ ਡੋਮ ਨੁਮਾ ਪਹਿਲੀ ਗੈਲਰੀ ਵਿੱਚ ਗੁਰੂ ਸਹਿਬਾਨ ਦੇ ਜੀਵਨ ਤੋਂ ਜਾਣੂੰ ਕਰਵਾਇਆ ਜਾਵੇਗਾ

ਉੱਥੇ ਹੀ ਦੂਸਰੀ ਗੈਲਰੀ ਵਿੱਚ ਭਾਈ ਜੈਤਾ ਜੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਨੂੰ ਲਿਆਉਣ ਦਾ ਸਾਰਾ ਇਤਿਹਾਸ ਵਿਖਾਇਆ ਜਾਵੇਗਾ।270 ਡਿਗਰੀ  ਸਕਰੀਨ ਤੇ ਅਧਾਰਤ ਤੀਸਰੀ ਗੈਲਰੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਇਤਿਹਾਸ ਨਾਲ ਸੰਗਤਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਜਦਕਿ ਟਰਨ ਟੇਬਲ `ਤੇ ਬੈਠ ਕੇ 360 ਡਿਗਰੀ ਸਕਰੀਨ  ਸੰਗਤਾਂ ਵੱਲੋਂ ਵੇਖੀ ਜਾਣ ਵਾਲੀ ਚੌਥੀ ਗੈਲਰੀ ਵਿੱਚ ਚਮਕੌਰ ਦੀ ਲੜਾਈ ਨੂੰ ਬਾਖੂਬੀ ਫਿਲਮਾਇਆ ਜਾਵੇਗਾ।ਜਦਕਿ ਪੰਜਵੀਂ ਗੈਲਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸਬੰਧਿਤ ਇਤਿਹਾਸ ਤੇ ਸਰਸਾ ਨਦੀ ਦੇ ਵਿਛੋੜੇ ਦੇ ਪਲਾਂ ਨੂੰ ਸ਼ਿੱਦਤ ਦੇ ਨਾਲ ਦਰਸਾਇਆ ਜਾਵੇਗਾ। ਛੇਵੀਂ ਗੈਲਰੀ ਵਿੱਚ ਪ੍ਰੋਜੈਕਸ਼ਨ ਮੈਪਿੰਗ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਅੱਖਾਂ ਨੂੰ ਨਮ ਕਰ ਦੇਣ ਵਾਲੀ ਲਾਸਾਨੀ ਸ਼ਹਾਦਤ ਦੇ ਦ੍ਰਿਸ਼ ਨੂੰ ਬਿਆਨ ਕਰਨ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕੀਤਾ ਜਾ ਗਿਆ ਹੈ।

ਇਸੇ ਤਰ੍ਹਾਂ ਗੈਲਰੀ ਸੱਤਵੀਂ ਗੈਲਰੀ ਵਿੱਚ ਮਾਛੀਵਾੜੇ ਦੇ ਨਾਲ ਸਬੰਧਿਤ ਗੁਰੂ ਸਾਹਿਬ ਦਾ ਇਤਿਹਾਸ ਵਰਨਣ ਕੀਤਾ ਗਿਆ ਹੈ।ਜਦਕਿ ਅੱਠਵੀਂ ਗੈਲਰੀ ਵਿੱਚ ਮੁਕਤਸਰ ਦੀ ਜੰਗ ਅਤੇ ਦਸਮ ਗੁਰੂ ਵੱਲੋਂ ਲਿਖੇ ਜ਼ਫਰਨਾਮੇ ਨਾਲ ਸਬੰਧਿਤ ਤੱਥਾਂ ਨੂੰ ਸੰਗਤ ਦੇ ਸਨਮੁੱਖ ਆਧੁਨਿਕ ਤਕਨੀਕ ਦੇ ਨਾਲ ਨਸ਼ਰ ਕੀਤਾ ਜਾਵੇਗਾ ਜਦਕਿ ਨੌਵੀਂ ਗੈਲਰੀ ਵਿੱਚ  ਗਿਆਰਵੀਂ ਗੈਲਰੀ ਵਿੱਚ ਗੁਰੂ ਸਾਹਿਬ ਦੀ ਬੰਦਾ ਸਿੰਘ ਬਹਾਦਰ ਦੇ ਨਾਲ ਮੁਲਾਕਾਤ ਨੂੰ ਦਰਸਾਇਆ ਜਾਵੇਗਾ। ਜਦਕਿ ਦਸਵੀਂ ਗੈਲਰੀ ਵਿੱਚ ਬੰਦਾ ਸਿੰਘ ਬਹਾਦਰ ਦੇ ਨੰਦੇੜ ਤੋਂ ਪੰਜਾਬ ਆਉਣ ਦੇ ਤੱਕ ਦੇ ਸਫਰ ਨੂੰ ਮਿਊਰਲਾਂ ਰਾਂਹੀ ਦਰਸਾਉਣ ਤੋਂ  ਬਾਅਦ ਅਖੀਰੀ ਤੇ ਗਿਆਰਵੀਂ ਗੈਲਰਵੀ ਵਿੱਚ ਉਸ ਵੱਲੋਂ ਮੁਗ਼ਲ ਰਾਜ ਦੀ ਇੱਟ ਨਾਲ ਇੱਟ ਖੜਕਾਉਣ ਅਤੇ ਮੁੜ ਤੋਂ ਸਿੱਖ ਰਾਜ ਨੂੰ ਸਥਾਪਿਤ ਕਰਨ ਦੇ ਦੌਰ ਨੂੰ ਪੇਸ਼ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਥੀਮ ਪਾਰਕ ਵਿਚ ਦੋ ਦਸ-ਦਸ ਮੀਟਰ ਉੱਚੀਆਂ ਤਲਵਾਰਾਂ, ਇੱਖ ਖੰਡੇ ਨਾਲ ਵਾਟਰ ਸ਼ੋਅ ਬਨਾਉਣ ਤੋਂ ਇਲਾਵਾ 5 ਤਾਂਬੇ ਦੇ ਘੌੜੇ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ `ਤੇ ਯੋਧੇ ਸਵਾਰ ਹੋਣਗੇ।ਦੋ ਸਟੇਨਲੈੱਸ ਸਟੀਲ ਦੀਆਂ 10-10 ਮੀਟਰ ਉੱਚੀਆਂ ਤਲਵਾਰਾਂ ਅਤੇ ਇੱਕ ਖੰਡੇ ਦੀ ਸਥਾਪਨਾ ਇਸ ਥੀਮ ਪਾਰਕ ਵਿਚ ਕੀਤੀ ਗਈ ਹੈ। ਇਨ੍ਹਾਂ ਤਲਵਾਰਾਂ ਦੇ ਮੁੱਠੇ ਜਿੱਥੇ ਤਾਂਬੇ ਦੇ ਉੱਥੇ ਹੀ ਇਨ੍ਹਾਂ ਦਾ ਸਮੁੱਚਾ ਢਾਂਚਾ ਸਟੇਨਲੈਸ ਸਟੀਲ ਦਾ ਹੈ। ਜੇਕਰ ਖੰਡੇ ਦੀ ਗੱਲ ਕੀਤੀ ਜਾਵੇ ਤਾਂ ਇਸ 10 ਮੀਟਰ ਉੱਚੇ ਖੰਡੇ ਤੇ ਅਧਾਰਤ ਇੱਕ ਆਲਾ ਦਰਜੇ ਦਾ ਵਾਟਰ ਸ਼ੋਅ ਪੇਸ਼ ਕੀਤਾ ਜਾਵੇਗਾ, ਜੋ ਇੱਕ ਗੀਤ ਤੇ ਅਧਾਰਤ ਹੈ। ਹੋਰ ਤਾਂ ਹੋਰ ਇੱਥੇ ਹੀ ਪੰਜ ਤਾਂਬੇ ਦੇ ਘੋੜਿਆਂ `ਤੇ ਸਵਾਰ ਯੋਧਿਆਂ ਦਾ ਵੀ ਨਿਰਮਾਣ ਬੰਗਾਲ ਤੋਂ ਆਏ ਕਾਰੀਗਰਾਂ ਵੱਲੋਂ ਜੰਗੀ ਪੱਧਰ ਤੇ ਕੀਤਾ ਗਿਆ ਹੈ।