ਲਖੀਮਪੁਰ ਖੇੜੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨਾਂ ਨੇ DC ਦਫ਼ਤਰ ਬਾਹਰ ਲਗਾਇਆ ਮੋਰਚਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਦੋਂ ਤਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਆਖ਼ਰੀ ਸਾਹ ਤਕ ਸੰਘਰਸ਼ੀ ਜਾਰੀ ਰੱਖਾਂਗੇ

Farmers Protest

ਗੁਰਦਾਸਪੁਰ (ਨਿਤਿਨ ਲੂਥਰਾ) : ਲਖੀਮਪੁਰ ਖੇੜੀ ਘਟਨਾ ਵਿਚ ਅਜੇ ਤੱਕ ਮ੍ਰਿਤਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਜਿਸ ਦੇ ਮੱਦੇਨਜ਼ਰ ਅੱਜ ਕਿਸਾਨ ਮਜ਼ਦੂਰ ਸੰਘਰਸ਼ੀ ਕਮੇਟੀ ਵਲੋਂ ਪੰਜਾਬ ਵਿਚ ਵੱਖ ਵੱਖ ਜਗ੍ਹਾ 'ਤੇ DC ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਇਸ ਦੇ ਚਲਦਿਆਂ ਗੁਰਦਾਸੁਪਰ ਦੇ DC ਦਫ਼ਤਰ ਬਾਹਰ ਵੀ ਕਿਸਾਨਾਂ ਵਲੋਂ ਧਰਨਾ ਦਿਤਾ ਗਿਆ। ਧਰਨੇ ਵਿਚ ਵੱਡੀ ਗਿਣਤੀ 'ਚ ਬੀਬੀਆਂ ਨੇ ਵੀ ਯੋਗਦਾਨ ਪਾਇਆ।

ਇਸ ਮੌਕੇ ਗੁਰਪ੍ਰੀਤ ਸਿੰਘ ਖਾਨਪੁਰ,ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਾਨੂੰ ਆਪਣੇ ਆਪ 'ਤੇ ਪੂਰਾ ਭਰੋਸਾ ਹੈ ਜਦੋਂ ਤੱਕ ਇਹ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਅਤੇ ਲਖੀਮਪੁਰ ਖੇੜੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੇ ਕਾਤਲਾਂ ਨੂੰ ਜੇਲ੍ਹਾਂ ਵਿਚ ਨਹੀਂ ਡੱਕਿਆ ਜਾਂਦਾ ਉਦੋਂ ਤਕ ਇਸੇ ਤਰ੍ਹਾਂ ਹੀ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਧਰਨੇ ਵਿਚ ਸ਼ਾਮਲ ਅਮ੍ਰਿਤਪਾਲ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਉਮਰ ਵਰਗ ਦਾ ਅੰਦੋਲਨ ਨਹੀਂ ਹੈ ਸਗੋਂ ਹਰ ਉਸ ਵਿਅਕਤੀ ਦਾ ਸੰਘਰਸ਼ੀ ਹੈ ਜੋ ਰੋਟੀ ਖਾਂਦਾ ਹੈ, ਇਹ ਰੋਟੀ ਦਾ ਮਸਲਾ ਹੈ ਜਿਸ ਵਿਚ ਦੇਸ਼ ਵਿਦੇਸ਼ ਤੋਂ ਸਹਿਯੋਗ ਮਿਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੂੰ ਆਪਣਾ ਇਹ ਤਾਨਾਸ਼ਾਹੀ ਫ਼ੈਸਲਾ ਵਾਪਸ ਲੈਣਾ ਹੀ ਪਵੇਗਾ। 

ਕਿਸਾਨ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਸਿਰਫ਼ ਕਹਿਣ ਦੀ ਗੱਲ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ ਪਰ ਲਖੀਮਪੁਰ ਖੇੜੀ ਘਟਨਾ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਕਾਨੂੰਨ ਵੀ ਧਨਾਡ ਲੋਕਾਂ ਅੱਗੇ ਝੁਕਦਾ ਹੈ ਅਤੇ ਆਮ ਜਨਤਾ ਨੂੰ ਇਨਸਾਫ਼ ਲਈ ਭਟਕਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਆਖ਼ਰੀ ਸਾਹ ਤਕ ਸੰਘਰਸ਼ੀ ਜਾਰੀ ਰੱਖਾਂਗੇ।