ਮੈਂ ਸੱਤਾ ਸੰਭਾਲਦਿਆਂ ਹੀ ਜੀਜੇ ਸਾਲੇ ਦੇ ਟਰਾਂਸਪੋਰਟ ਮਾਫ਼ੀਏ ਦੀਆਂ ਲਵਾਈਆਂ ਬਰੇਕਾਂ : ਰਾਜਾ ਵੜਿੰਗ
ਮੈਂ ਸੱਤਾ ਸੰਭਾਲਦਿਆਂ ਹੀ ਜੀਜੇ ਸਾਲੇ ਦੇ ਟਰਾਂਸਪੋਰਟ ਮਾਫ਼ੀਏ ਦੀਆਂ ਲਵਾਈਆਂ ਬਰੇਕਾਂ : ਰਾਜਾ ਵੜਿੰਗ
ਜਲਦ ਹੀ ਨਵੀਆਂ 842 ਬਸਾਂ ਸੜਕਾਂ ’ਤੇ ਦੌੜਨਗੀਆਂ, 53 ਲੱਖ ਦੇ ਮੁਨਾਫ਼ੇ ’ਚ ਵਿਭਾਗ
ਮਾਨਸਾ, 25 ਅਕਤੂਬਰ (ਸੁਖਵੰਤ ਸਿੰਘ ਸਿੱਧੂ) : ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਅੱਜ ਮੁਨਾਫ਼ੇ ਵਿਚ ਚਲ ਰਹੀ ਹੈ ਕਿਉਂਕਿ ਦਸ ਸਾਲ ਪਹਿਲਾਂ ਅਤੇ ਚਾਰ ਸਾਲ ਮੇਰੇ ਮੰਤਰੀ ਬਣਨ ਤੋਂ ਪਹਿਲਾਂ ਵਿਭਾਗ ਘਾਟੇ ਵਿਚ ਚਲ ਰਿਹਾ ਸੀ ਪਰ ਅੱਜ ਇਹ ਵਿਭਾਗ 53 ਲੱਖ ਰੁਪਏ ਮੁਨਾਫ਼ੇ ਵਿਚ ਚਲ ਰਿਹਾ ਹੈ ਜਦਕਿ 842 ਨਵੀਆਂ ਬਸਾਂ ਜਲਦ ਹੀ ਸੜਕਾਂ ’ਤੇ ਦੌੜਨਗੀਆਂ ਕਿਉਂਕਿ ਪਹਿਲਾਂ ਜੀਜੇ ਸਾਲੇ ਦੇ ਟਰਾਂਸਪੋਰਟ ਮਾਫ਼ੀਏ ਨੇ ਰੋਡਵੇਜ਼ ਅਤੇ ਪੀਆਰਟੀਸੀ ਨੂੰ ਘਾਟੇ ਦੇ ਵਿਚ ਲਿਆਂਦਾ ਸੀ ਜਿਸ ਕਾਰਨ ਉਨ੍ਹਾਂ ਨੇ ਅਪਣੀ ਟਰਾਂਸਪੋਰਟ ਸੜਕਾਂ ’ਤੇ ਭਜਾਈ ਪਰ ਮੈਂ ਸੱਤਾ ਸੰਭਾਲਦਿਆਂ ਹੀ ਜੀਜੇ ਸਾਲੇ ਦੀ ਟਰਾਂਸਪੋਰਟ ਦੀਆਂ ਬਰੇਕਾਂ ਲਵਾ ਦਿਤੀਆਂ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਨਸਾ ਜ਼ਿਲ੍ਹੇ ਦੀ ਫੇਰੀ ਦੌਰਾਨ ਅੱਜ ਰਾਜਾ ਵੜਿੰਗ ਨੇ ਕੀਤਾ ਇਸ ਦੌਰਾਨ ਉਨ੍ਹਾਂ ਮਾਨਸਾ ਦੇ ਬੱਚਤ ਭਵਨ ਵਿਖੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਵੀ ਕੀਤੀ। ਰਾਜਾ ਵੜਿੰਗ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਭਰ ਦੇ ਵਿਚ ਪੀਆਰਟੀਸੀ ਅਤੇ ਰੋਡਵੇਜ਼ ਮੁਨਾਫ਼ੇ ਵਿਚ ਚਲ ਰਹੀ ਹੈ ਅਤੇ ਜਲਦ ਹੀ ਪੰਜਾਬ ਵਿਚ ਪੀਆਰਟੀਸੀ ਦੀਆਂ ਨਵੀਂਆਂ 842 ਬਸਾਂ ਦੌੜਨਗੀਆਂ।
ਰਾਜਾ ਵੜਿੰਗ ਨੇ ਕਿਹਾ ਕਿ 15 ਦਿਨ ਪਹਿਲਾਂ ਉਨ੍ਹਾਂ ਵਲੋਂ ਪੰਜਾਬ ਦੇ ਦੋ ਵੱਡੇ ਬੱਸ ਸਟੈਂਡਾਂ ਤੇ ਅਚਨਚੇਤ ਚੈਕਿੰਗ ਕੀਤੀ ਸੀ ਅਤੇ ਸਫ਼ਾਈ ਦਾ ਜਾਇਜ਼ਾ ਲਿਆ ਸੀ ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸ ਸਟੈਂਡਾਂ ਤੇ ਨਿਰੰਤਰ ਸਫ਼ਾਈ ਹੋਣੀ ਚਾਹੀਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਸਮੱਸਿਆਵਾਂ ਤੁਸੀਂ ਵੀ ਮੀਡੀਆ ਦੇ ਰਾਹੀਂ ਸਾਡੇ ਧਿਆਨ ਵਿਚ ਲਿਆਉ ਤਾਕਿ ਉਨ੍ਹਾਂ ਦਾ ਜਲਦ ਹੀ ਹੱਲ ਕੀਤਾ ਜਾ ਸਕੇ।
ਵੜਿੰਗ ਨੇ ਕਿਹਾ ਕਿ ਪੰਜਾਬ ਭਰ ਦੇ ਵਿਚ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 150 ਤੋਂ ਜ਼ਿਆਦਾ ਟਰਾਂਸਪੋਰਟ ਕੰਪਨੀਆਂ ਦੀਆਂ ਬਸਾਂ ਬੰਦ ਕੀਤੀਆਂ ਗਈਆਂ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ, ਨਗਰ ਕੌਂਸਲ ਪ੍ਰਧਾਨ ਜਸਵੀਰ ਕੌਰ ਵੀ ਹਾਜ਼ਰ ਸਨ।
Mansa_25_O3“_6_1_1