ਬੇਕਾਬੂ ਹੋਈ ਡੇਂਗੂ ਮਹਾਂਮਾਰੀ ਬਾਰੇ ਸਿਹਤ ਮੰਤਰੀ ਓ.ਪੀ. ਸੋਨੀ ਨੂੰ ਮਿਲੇ ‘ਆਪ’ ਦੇ ਵਿਧਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਪ’ ਨੇ ਨਿੱਜੀ ਹਸਪਤਾਲਾਂ ਵਲੋਂ ਕੀਤੀ ਜਾਰੀ ਅੰਨ੍ਹੀ ਲੁੱਟ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ

AAP MLAs with OP Soni

ਨਕਾਰਾ ਹੋਏ ਸਰਕਾਰੀ ਪ੍ਰਬੰਧ, ਡੇਂਗੂ ਦੇ ਨਾਲ- ਨਾਲ ਨਿੱਜੀ ਹਸਪਤਾਲ ਵੀ ਬੇਲਗਾਮ : ਅਮਨ ਅਰੋੜਾ

ਬੈਡਾਂ ਅਤੇ ਕਿੱਟਾਂ ਦੀ ਭਾਰੀ ਕਿੱਲਤ ਨੇ ਕਰੋਨਾ ਮਹਾਂਮਾਰੀ ਯਾਦ ਦਿਵਾਈ : ਮੀਤ ਹੇਅਰ

'ਆਪ’ ਨੇ ਨਿੱਜੀ ਹਸਪਤਾਲਾਂ ਵਲੋਂ ਕੀਤੀ ਜਾਰੀ ਅੰਨ੍ਹੀ ਲੁੱਟ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ

ਚੰਡੀਗੜ੍ਹ : ਸੂਬੇ ਅੰਦਰ ਬੇਕਾਬੂ ਹੋਈ ਡੇਂਗੂ ਮਹਾਂਮਾਰੀ ਲਈ ਸੱਤਾਧਾਰੀ ਕਾਂਗਰਸ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਨੇ ਮੰਗਲਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਓ.ਪੀ. ਸੋਨੀ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ  ਆਪਣਾ ਢਿੱਲਾ ਰਵੱਈਆ ਛੱਡ ਕੇ ਡੇਂਗੂ ਵਿਰੁੱਧ ਜੰਗੀ ਪੱਧਰ ’ਤੇ ਮੁਹਿੰਮ ਚਲਾਏ। ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ’ਚ ਮਿਲੇ ਇਸ ਵਫ਼ਦ ਵਿੱਚ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਪਾਰਟੀ ਦੇ ਬੁਲਾਰੇ ਨੀਲ ਗਰਗ ਸ਼ਾਮਲ ਸਨ।

ਸਿਹਤ ਮੰਤਰੀ ਓ.ਪੀ. ਸੋਨੀ ਨੂੰ ਮੰਗ ਪੱਤਰ ਦੇਣ ਉਪਰੰਤ ਪੰਜਾਬ ਭਵਨ ’ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਨਾ ਕੇਵਲ ਸੁਨਾਮ- ਸੰਗਰੂਰ ਸਗੋਂ ਪੂਰੇ ਪੰਜਾਬ ਵਿੱਚ ਹੀ ਡੇਂਗੂ ਦਾ ਕਹਿਰ ਜਾਰੀ ਹੈ। ਅਮਨ ਅਰੋੜਾ ਨੇ ਡੇਂਗੂ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿਹਤ ਮੰਤਰੀ ਓ.ਪੀ. ਸੋਨੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੁਨਾਮ ਹਲਕੇ ਦੇ ਕਸਬਾ ਲੌਂਗੋਵਾਲ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾਦਾ, ਪਿਤਾ ਅਤੇ ਪੋਤੇ ਦੀ ਡੇਂਗੂ ਨਾਲ ਉਪਰੋਥਲੀ ਦਰਦਨਾਕ ਮੌਤ ਹੋ ਗਈ ਅਤੇ ਦੂਸਰਾ 19 ਸਾਲਾ ਪੋਤਾ ਹਸਪਤਾਲ ’ਚ ਜ਼ੇਰੇ- ਇਲਾਜ ਹੈ। 

ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੀਆਂ ਸਾਰੀਆਂ ਸਰਕਾਰੀ ਡਿਸਪੈਂਸਰੀਆਂ ਅਤੇ ਸਰਕਾਰੀ ਹਸਪਤਾਲ ਸਹੂਲਤਾਂ ਅਤੇ ਡਾਕਟਰਾਂ- ਸਟਾਫ਼ ਦੀ ਘਾਟ ਕਾਰਨ ਖ਼ੁਦ ਵੈਂਟੀਲੇਟਰ ’ਤੇ ਹਨ। ਸਰਕਾਰੀ ਪੱਧਰ ਦੀਆਂ ਨਕਾਰਾ ਸਿਹਤ ਸੇਵਾਵਾਂ ਕਾਰਨ ਲੋਕਾਂ ਨੂੰ ਇਲਜ ਲਈ ਪ੍ਰਾਈਵੇਟ ਹਸਪਤਾਲਾਂ ’ਚ ਜਾਣਾ ਪੈ ਰਿਹਾ ਹੈ, ਜਿੱਥੇ ਮਰੀਜਾਂ ਦਾ ਰੱਜ ਕੇ ਆਰਥਿਕ ਸ਼ੋਸ਼ਣ ਹੋ ਰਿਹਾ ਹੈ। ਪ੍ਰੰਤੂ ਸਰਕਾਰ ਨਿੱਜੀ ਸਿਹਤ ਮਾਫ਼ੀਆ ਸਾਹਮਣੇ ਉਸੇ ਤਰ੍ਹਾਂ ਗੋਡੇ ਟੇਕ ਚੁੱਕੀ ਹੈ, ਜਿਵੇਂ ਕੋਰੋਨਾ ਮਹਾਂਮਾਰੀ ਦੌਰਾਨ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜਾਂ ਦੀ ਲੁੱਟ ਲਈ ਅੰਨ੍ਹੀ ਛੂਟ ਦਿੱਤੀ ਸੀ।

ਇਹ ਵੀ ਪੜ੍ਹੋ :  ਪੰਜਾਬ ਦੇ ਸਿਆਸਤਦਾਨਾਂ ਤੋਂ ਨਰਾਜ਼ ਹੋਈ ਅਰੂਸਾ ਆਲਮ ਨੇ ਲਿਆ ਵੱਡਾ ਫੈਸਲਾ

ਅਮਨ ਅਰੋੜਾ ਨੇ ਕਿਹਾ ਜੇਕਰ ਸਰਕਾਰ ਮੁਸ਼ਤੈਦ ਹੋਵੇ ਅਤੇ ਸਰਕਾਰੀ ਸਿਹਤ ਸੇਵਾਵਾਂ ਬਿਹਤਰ ਹੋਣ ਤਾਂ ਡੇਂਗੂ ਦੇ ਕਹਿਰ ਤੋਂ ਬਚਾਅ ਹੋ ਸਕਦਾ ਹੈ, ਕਿਉਂਕਿ ਡੇਂਗੂ ਅਚਨਚੇਤ ਫੈਲੀ ਕੁਦਰਤੀ ਆਫ਼ਤ ਨਹੀਂ ਹੈ। ਹਰ ਸਾਲ ਸਤੰਬਰ ਤੋਂ ਨਵੰਬਰ ਤੱਕ ਡੇਂਗੂ ਦਾ ਪ੍ਰਕੋਪ ਲੋਕਾਂ ਨੂੰ ਝੱਲਣਾ ਪੈਂਦਾ ਹੈ, ਕਿਉਂਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਥਾਂ- ਥਾਂ ਗੰਦਗੀ, ਟੁੱਟੀਆਂ ਸੜਕਾਂ ਤੇ ਗਲੀਆਂ ਵਿੱਚ ਭਰਿਆ ਪਾਣੀ ਹੀ ਡੇਂਗੂ ਅਤੇ ਇਸ ਦਾ ਲਾਰਵਾ ਪੈਦਾ ਕਰਦਾ ਹੈ। ਇਸ ਲਈ ਨਾ ਕੇਵਲ ਸਿਹਤ ਮਹਿਕਮਾ, ਸਗੋਂ ਸਥਾਨਕ ਸਰਕਾਰਾਂ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਸਮੇਤ ਹੋਰ ਸੰਬੰਧਿਤ ਮਹਿਕਮੇ ਅਤੇ ਭ੍ਰਿਸ਼ਟ ਤੰਤਰ ਜ਼ਿੰਮੇਵਾਰ ਹੈ।

ਇਸ ਮੌਕੇ ਮੀਤ ਹੇਅਰ ਨੇ ਕਿਹਾ,‘‘ਨਿਕੰਮੀਆਂ ਸਰਕਾਰੀ ਸਿਹਤ ਸੇਵਾਵਾਂ ਕਾਰਨ ਪ੍ਰਾਈਵੇਟ ਹਸਪਤਾਲਾਂ ਦੀ ਅੰਨ੍ਹੀ ਲੁੱਟ ਨੇ ਕਰੋਨਾ ਮਹਾਂਮਾਰੀ ਦੌਰਾਨ ਹੋਈ ਲੁੱਟ ਯਾਦ ਕਰਵਾ ਦਿੱਤੀ, ਕਿਉਂਕਿ ਉਸ ਸਮੇਂ ਜਿਵੇਂ ਹਸਪਤਾਲਾਂ ’ਚ ਬੈਡਾਂ ਅਤੇ ਆਕਸੀਜਨ ਸਿਲੰਡਰਾਂ ਲਈ ਮਾਰਧਾੜ ਮਚੀ ਹੋਈ ਸੀ, ਅੱਜ ਡੇਂਗੂ ਲਈ ਲੋੜੀਂਦੀਆਂ ਐਸ.ਡੀ.ਪੀ. (ਸਿੰਗਲ ਡੋਨਰ ਪਲੇਟਨੈਟ) ਕਿਟਾਂ ਬਲੈਕ ’ਚ ਮਿਲ ਰਹੀਆਂ ਹਨ ਅਤੇ ਬੈਡਾਂ ਲਈ ਲੋਕ  ਇੱਧਰ ਉਧਰ ਭੱਜ ਰਹੇ ਹਨ, ਕਿਉਂਕਿ ਸਰਕਾਰ ਅਤੇ ਸਿਹਤ ਮਹਿਕਮੇ ਨੇ ਇਸ ਬਾਰੇ ਕੋਈ ਅਗਾਂਊਂ ਪ੍ਰਬੰਧ ਨਹੀਂ ਕੀਤਾ।’’

ਇਹ ਵੀ ਪੜ੍ਹੋ :  ਘੱਟ ਹੋ ਸਕਦੀਆਂ ਹਨ ਪਟਰੌਲ-ਡੀਜ਼ਲ ਦੀਆਂ ਕੀਮਤਾਂ..! 

ਮੀਤ ਹੇਅਰ ਨੇ ਦੱਸਿਆ ਕਿ ਉਨ੍ਹਾਂ ਸਿਹਤ ਮੰਤਰੀ ਕੋਲੋਂ ਸਰਕਾਰੀ ਸਿਹਤ ਸੇਵਾਵਾਂ ’ਚ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਰਜ ’ਤੇ ਵਿਆਪਕ ਸੁਧਾਰ ਕਰਨ ਅਤੇ ਸ਼ਹਿਰਾਂ ਤੇ ਪਿੰਡਾਂ ਵਿੱਚ ਡੇਂਗੂ ਅਤੇ ਲਾਰਵਾ ਮਾਰਨ ਲਈ ਜੰਗੀ ਪੱਧਰ ’ਤੇ ਫੌਗਿੰਗ ਕਰਨ ਕੀਤਾ ਜਾਵੇ। ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਲਈ ਕੇਜਰੀਵਾਲ ਸਰਕਾਰ ਵਾਂਗ ਜਾਗ੍ਰਿਤੀ ਮੁਹਿੰਮਾਂ ਸ਼ੁਰੂ ਕਰਨ ਦੀ ਵੀ ਮੰਗ ਰੱਖੀ ਹੈ। ਮੀਤ ਹੇਅਰ ਨੇ ਕਿਹਾ ਕਿ ਸਰਕਾਰ ਕੋਲੋਂ ਪ੍ਰਾਈਵੇਟ ਹਸਪਤਾਲਾਂ ਲਈ ਬੈਡਾਂ, ਐਸ.ਡੀ.ਪੀ. ਕਿੱਟਾਂ ਅਤੇ ਲੈਬਾਟਰੀ ਟੈਸਟਾਂ ਦੀਆਂ ਉਚਤਮ ਕੀਮਤਾਂ ਵੀ ਤੈਅ ਕਰਕੇ ਲੋਕਾਂ ਨੂੰ ਇਹਨਾਂ ਬਾਰੇ ਜਾਗ੍ਰਿਤ ਕਰਨ ਦੀ ਮੰਗ ਵੀ ਉਚੇਚੇ ਤੌਰ ’ਤੇ ਕੀਤੀ ਹੈ।