ਦੇਹਧਾਰੀ ਬੂਬਣੇ ਸਾਧਾਂ ਦੀ ਬਜਾਏ ਗੁਰਬਾਣੀ ਫ਼ਲਸਫ਼ੇ ਨਾਲ ਜੁੜ ਕੇ ਸੁਧਾਰੋ ਅਪਣਾ ਜੀਵਨ : ਪੰਥਪ੍ਰੀਤ ਸਿੰ

ਏਜੰਸੀ

ਖ਼ਬਰਾਂ, ਪੰਜਾਬ

ਦੇਹਧਾਰੀ ਬੂਬਣੇ ਸਾਧਾਂ ਦੀ ਬਜਾਏ ਗੁਰਬਾਣੀ ਫ਼ਲਸਫ਼ੇ ਨਾਲ ਜੁੜ ਕੇ ਸੁਧਾਰੋ ਅਪਣਾ ਜੀਵਨ : ਪੰਥਪ੍ਰੀਤ ਸਿੰਘ

image

ਕੋਟਕਪੂਰਾ, 25 ਅਕਤੂਬਰ (ਗੁਰਿੰਦਰ ਸਿੰਘ) : ਭਾਵੇਂ ਦੇਸ਼ ਭਰ ਵਿਚ ਨਸ਼ਾ ਛੁਡਾਊ ਕੇਂਦਰ ਹਨ ਪਰ ਪੰਥ ਖ਼ਾਲਸਾ ਸੇਵਾ ਸੁਸਾਇਟੀ ਮੁਦਕੀ ਵਲੋਂ ਪਿੰਡ ਚੰਦੜ ਵਿਖੇ ਚਲਾਏ ਜਾ ਰਹੇ ਪੰਥ ਖ਼ਾਲਸਾ ਨਸ਼ਾ ਮੁਕਤੀ ਕੇਂਦਰ ਵਿਚੋਂ ਨਸ਼ਾ ਛੱਡ ਕੇ ਜਾਣ ਵਾਲੇ ਨੌਜਵਾਨ ਚੰਗੇ ਇਨਸਾਨ ਬਣ ਕੇ ਜਾਂਦੇ ਹਨ ਕਿਉਂਕਿ ਇਥੇ ਨਸ਼ਾ ਛੁਡਾਉਣ ਦੇ ਨਾਲ-ਨਾਲ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਉਨ੍ਹਾਂ ਭਟਕ ਚੁੱਕੇ ਨੌਜਵਾਨਾਂ ਨੂੰ ਗੁਰਬਾਣੀ ਫ਼ਲਸਫ਼ੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 
ਪੰਥ ਖ਼ਾਲਸਾ ਨਸ਼ਾ ਮੁਕਤੀ ਕੇਂਦਰ ਦੇ 4 ਸਾਲ ਸਫ਼ਲਤਾ ਪੂਰਵਕ ਪੂਰੇ ਉਪਰੰਤ ਸ਼ੁਕਰਾਨੇ ਵਜੋਂ ਕਰਵਾਏ ਗਏ ਸਾਲਾਨਾ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਅੰਕੜਿਆਂ ਸਹਿਤ ਦਲੀਲਾਂ ਦੇ ਕੇ ਗੁਰਬਾਣੀ ਫ਼ਲਸਫ਼ੇ ਤੋਂ ਜਾਣੂ ਕਰਵਾਇਆ। ਉਨ੍ਹਾਂ ਦਸਿਆ ਕਿ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਨੂੰ ਛੱਡ ਕੇ ਜੇਕਰ ਅਸੀਂ ਦੇਹਧਾਰੀ ਅਖੌਤੀ ਗੁਰੂਆਂ ਅਰਥਾਤ ਬੂਬਣੇ ਸਾਧਾਂ ਕੋਲ ਜਾਵਾਂਗੇ ਤਾਂ ਸਾਨੂੰ ਅੰਧ-ਵਿਸ਼ਵਾਸ, ਵਹਿਮ-ਭਰਮ, ਕਰਮਕਾਂਡ ਅਤੇ ਭੰਬਲਭੂਸਿਆਂ ’ਚ ਫਸਾ ਕੇ ਸਾਡੀ ਆਰਥਕ ਲੁੱਟ ਕਰਨ ਵਿਚ ਉਹ ਅਖੌਤੀ ਸਾਧ ਕਾਮਯਾਬ ਹੋ ਜਾਣਗੇ। ਉਨ੍ਹਾਂ ਦਸਿਆ ਕਿ ਅੱਜ ਗੁਰਬਾਣੀ ਫ਼ਲਸਫ਼ੇ ਅਤੇ ਸਿੱਖ ਇਤਿਹਾਸ ਨਾਲ ਸੰਗਤ ਨੂੰ ਇਮਾਨਦਾਰੀ ਨਾਲ ਜੋੜਨ ਵਾਲਿਆਂ ਵਿਰੁਧ ਗੁਮਰਾਹਕੁਨ ਪ੍ਰਚਾਰ ਕਰ ਕੇ ਉਨ੍ਹਾਂ ਨੂੰ ਤਾਂ ਗ਼ਲਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਿੱਖ ਸਿਧਾਂਤਾਂ, ਪੰਥਕ ਰਹਿਤ ਮਰਿਆਦਾ, ਵਿਚਾਰਧਾਰਾ ਆਦਿ ਦਾ ਘਾਣ ਕਰਨ ਵਾਲਿਆਂ ਵਲੋਂ ਸੰਗਤਾਂ ਨੂੰ ਗੁਮਰਾਹ ਕਰਨ ਦੀਆਂ ਚਾਲਾਂ ਲਗਾਤਾਰ ਜਾਰੀ ਹਨ। ਪੰਥ ਖ਼ਾਲਸਾ ਨਸ਼ਾ ਮੁਕਤੀ ਕੇਂਦਰ ਦੇ ਸੰਚਾਲਕਾਂ ਭਾਈ ਸਤਨਾਮ ਸਿੰਘ ਚੰਦੜ ਅਤੇ ਭਾਈ ਪ੍ਰਗਟ ਸਿੰਘ ਮੁਦਕੀ ਨੇ ਸਾਰੀਆਂ ਸੰਗਤਾਂ ਦਾ ਧਨਵਾਦ ਕਰਦਿਆਂ ਦਸਿਆ ਕਿ ਉਕਤ ਕੇਂਦਰ ਵਿਚੋਂ ਹੁਣ ਤਕ 1300 ਤੋਂ ਜਿਆਦਾ ਨੌਜਵਾਨ ਇਲਾਜ ਕਰਵਾ ਕੇ ਅਪਣਾ ਸਫ਼ਲਤਾ ਪੂਰਵਕ ਆਨੰਦਮਈ ਜੀਵਨ ਬਤੀਤ ਕਰ ਰਹੇ ਹਨ।