ਪਾਕਿ ਸਥਿਤ ਗੁਰਦਵਾਰਾ ਸੱਚਾ ਸੌਦਾ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ, ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਪਾਕਿ ਸਥਿਤ ਗੁਰਦਵਾਰਾ ਸੱਚਾ ਸੌਦਾ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ, ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਫ਼ਾਰੂਖ਼ਾਬਾਦ, 25 ਅਕਤੂਬਰ (ਬਾਬਰ ਜਲੰਧਰੀ): ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਕਿਸਤਾਨ ਦੇ ਫ਼ਾਰੂਖ਼ਾਬਾਦ ਸ਼ਹਿਰ ਵਿਚ ਸੁਸ਼ੋਭਿਤ ਗੁਰਦੁਆਰਾ ਸੱਚਾ ਸੌਦਾ ਦੀ ਨਵੀਂ ਉਸਾਰੀ ਇਮਾਰਤ ਨੂੰ ਸੰਗਤ ਲਈ ਖੋਲ੍ਹ ਦਿਤਾ ਗਿਆ ਹੈ | ਨਵੀਂ ਇਮਾਰਤ ਦਾ ਉਦਘਾਟਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਨਵ ਨਿਯੁਕਤ ਵਧੀਕ ਸਕੱਤਰ ਰਾਣਾ ਸਾਹਿਦ ਸਲੀਮ ਨੇ ਕੀਤਾ | ਇਸ ਨਵੇਂ ਕਾਰਜ ਲਈ ਗੁਰਦੁਆਰਾ ਸਾਹਿਬ ਅੰਦਰ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ, ਜਿਨ੍ਹਾਂ ਦਾ ਸ਼ਰਧਾ ਨਾਲ ਭੋਗ ਪਾਇਆ ਗਿਆ | ਇਸ ਮੌਕੇ ਰਾਗੀ ਜਥੇ ਵਲੋਂ ਰਸਭਿੰਨੇ ਕੀਰਤਨ ਨਾਲ ਦੂਰ ਦੂਰਾਡੇ ਤੋਂ ਆਈ ਸੰਗਤ ਨੂੰ ਨਿਹਾਲ ਕੀਤਾ ਗਿਆ |
ਗੁਰਦੁਆਰਾ ਸੱਚਾ ਸੌਦਾ ਉਹੀ ਅਸਥਾਨ ਹੈ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਸਾਰਿਕ ਕਾਰ-ਵਿਹਾਰ 'ਚ ਪਾਉਣ ਲਈ ਜਦੋਂ ਪਿਤਾ ਮਹਿਤਾ ਕਾਲੂ ਨੇ 20 ਰੁਪਏ ਦੇ ਕੇ ਸੌਦਾ ਕਰਨ ਲਈ ਭੇਜਿਆ ਤਾਂ ਉਨ੍ਹਾਂ ਚੂਹੜਕਾਣਾ ਮੰਡੀ (ਜਿਸ ਦਾ ਨਾਂਅ ਬਾਅਦ 'ਚ ਨਾਂ ਫਾਰੂਖਾਬਾਦ ਪਿਆ) ਵਿਖੇ ਕਈ ਦਿਨਾਂ ਦੇ ਭੁੱਖੇ-ਭਾਣੇ ਕੁਝ ਸਾਧੂਆਂ ਨੂੰ ਉਨ੍ਹਾਂ 20 ਰੁਪਿਆ ਨਾਲ ਲੰਗਰ ਤਿਆਰ ਕਰਵਾ ਕੇ ਛਕਾ ਦਿੱਤਾ, ਜਿਸ ਥਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਉਸ ਥਾਂ 'ਤੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਸੁਸ਼ੋਭਿਤ ਹੈ | ਕਿਲ੍ਹੇ ਵਰਗਾ ਸੁੰਦਰ ਤੇ ਵਿਸਾਲ ਗੁਰਦੁਆਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੇ ਕਾਲ 'ਚ ਸਾਹੀ ਹੁਕਮ _ਤੇ ਬਣਿਆ ਸੀ |
ਪਹਿਲਾਂ ਇਹ ਸਥਾਨ ਉਦਾਸੀ ਸਾਧਾਂ ਦੇ ਪ੍ਰਬੰਧ ਅਧੀਨ ਸੀ ਪਰ ਜਥੇਦਾਰ ਕਰਤਾਰ ਸਿੰਘ ਝੱਬਰ ਨੇ 30 ਦਸੰਬਰ 1920 ਈ. ਨੂੰ ਇਸ ਨੂੰ ਆਜ਼ਾਦ ਕਰਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਕੀਤਾ | ਦੇਸ਼ ਵੰਡ ਤੋਂ ਬਾਅਦ ਇਸ ਦਾ ਪ੍ਰਬੰਧ ਵਕਫ਼ ਬੋਰਡ ਪਾਕਿਸਤਾਨ ਕੋਲ ਹੈ |