ਲੁਧਿਆਣਾ 'ਚ ਸਿਵਲ ਹਸਪਤਾਲ ਦੇ ਡਾਕਟਰ 'ਤੇ ਹਮਲਾ: ਸ਼ਰਾਬੀ ਨੌਜਵਾਨਾਂ ਨੇ ਪਾੜੇ ਕੱਪੜੇ, ਦੰਦਾਂ ਨਾਲ ਕੱਟੇ ਹੱਥ

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮਾਂ ਨੇ ਮੌਕੇ ’ਤੇ ਕੁਝ ਲੋਕਾਂ ਨਾਲ ਧੱਕਾ-ਮੁੱਕੀ ਵੀ ਕੀਤੀ।

Attack on civil hospital doctor in Ludhiana

 

ਲੁਧਿਆਣਾ- ਪੰਜਾਬ ਦੇ ਲੁਧਿਆਣਾ ਦਾ ਸਿਵਲ ਹਸਪਤਾਲ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਕਰੀਬ 2 ਮਹੀਨੇ ਪਹਿਲਾਂ ਕੁਝ ਬਦਮਾਸ਼ਾਂ ਨੇ ਹਸਪਤਾਲ 'ਚ ਇਕ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸਿਵਲ ਹਸਪਤਾਲ 'ਚ ਡਿਊਟੀ 'ਤੇ ਮੌਜੂਦ ਡਾਕਟਰ ਦੀ ਕਰੀਬ 5 ਤੋਂ 6 ਵਿਅਕਤੀਆਂ ਨੇ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਡਾਕਟਰ ਦੇ ਕੱਪੜੇ ਵੀ ਪਾੜ ਦਿੱਤੇ।

ਜਦੋਂ ਡਾਕਟਰ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਦੰਦਾਂ ਨਾਲ ਉਸ ਦਾ ਹੱਥ ਵੱਢ ਦਿੱਤਾ। ਮੁਲਜ਼ਮ ਬਚਾਅ ਲਈ ਆਏ ਸੁਰੱਖਿਆ ਗਾਰਡਾਂ ਅਤੇ ਪੁਲਿਸ ਮੁਲਾਜ਼ਮਾਂ ਨਾਲ ਵੀ ਭਿੜ ਗਏ। ਮੁਲਜ਼ਮਾਂ ਨੇ ਹਸਪਤਾਲ ਵਿੱਚ ਡਾਕਟਰ ਦੇ ਮੇਜ਼ ਅਤੇ ਕੈਬਿਨ ਦੇ ਬਾਹਰ ਲੱਗੇ ਸ਼ੀਸ਼ੇ ਵੀ ਤੋੜ ਦਿੱਤੇ।
ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਸੋਹਣ ਸਿੰਘ ਵਾਸੀ ਧਾਂਧਰਾਂ ਰੋਡ, ਰਾਜਵੀਰ ਸਿੰਘ ਵਾਸੀ ਚੀਮਾ ਪਿੰਡ ਜਗਰਾਉਂ ਅਤੇ ਸੰਦੀਪ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਵਜੋਂ ਹੋਈ ਹੈ।

ਡਾ: ਚਰਨਕਮਲ (ਫੋਰੈਂਸਿਕ ਮਾਹਿਰ) ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਵਿੱਚ ਬਤੌਰ ਮੈਡੀਕਲ ਅਫ਼ਸਰ ਤਾਇਨਾਤ ਹਨ। ਹਸਪਤਾਲ ਵਿੱਚ ਐਮਰਜੈਂਸੀ ਦੇ ਅੰਦਰ ਨੋਡਲ ਅਫ਼ਸਰ ਵਜੋਂ ਡਿਊਟੀ ਦੇ ਰਹੇ ਸਨ। ਤਿੰਨੇ ਮੁਲਜ਼ਮ ਰਾਤ ਕਰੀਬ 12 ਵਜੇ ਉਸ ਕੋਲ ਮੈਡੀਕਲ ਕਰਵਾਉਣ ਆਏ ਸਨ। ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ।

ਐਮਰਜੈਂਸੀ ਵਿੱਚ ਆ ਕੇ ਮੁਲਜ਼ਮਾਂ ਨੇ ਪਹਿਲਾਂ ਸੁਰੱਖਿਆ ਗਾਰਡਾਂ ਦੀ ਕੁੱਟਮਾਰ ਕੀਤੀ ਅਤੇ ਡਾਕਟਰ ਦੇ ਕਮਰੇ ਵਿੱਚ ਜਾ ਕੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਸਮਝਾਉਣ ਲਈ ਗਿਆ, ਪਰ ਦੋਸ਼ੀਆਂ ਨੇ ਗੱਲ ਸੁਣਨ ਦੀ ਬਜਾਏ ਉਸ ਨੂੰ ਹੀ ਗਲ਼ ਤੋਂ ਫੜ੍ਹ ਲਿਆ ਅਤੇ ਉਸ ਦੀ ਪਾਈ ਕਮੀਜ਼ ਦੇ ਬਟਨ ਤੋੜ ਦਿੱਤੇ।

ਮੁਲਜ਼ਮ ਸੰਦੀਪ ਨੇ ਹੱਥ ਵਿੱਚ ਪਾਈ ਲੋਹੇ ਦੀ ਰਾਡ ਨਾਲ ਮੇਜ਼ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਮੌਕੇ ’ਤੇ ਕੁਝ ਲੋਕਾਂ ਨਾਲ ਧੱਕਾ-ਮੁੱਕੀ ਵੀ ਕੀਤੀ।