ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ’ਤੇ ਪਿਛਲੇ ਸਾਲਾਂ ਦੇ ਮੁਕਾਬਲੇ ਯਾਤਰੀਆਂ ਦੀ ਗਿਣਤੀ ਹੋਈ ਦੁੱਗਣੀ

ਏਜੰਸੀ

ਖ਼ਬਰਾਂ, ਪੰਜਾਬ

ਕੌਮਾਂਤਰੀ ਹਵਾਈਅੱਡੇ ਦੇ ਸੀਈਓ ਰਾਕੇਸ਼ ਆਰ ਸਹਾਏ ਦਾ ਕਹਿਣਾ ਹੈ ਕਿ ਇੱਥੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ

Shaheed Bhagat Singh International Airport

 

ਚੰਡੀਗੜ੍ਹ:  ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈਅੱਡੇ ’ਤੇ ਯਾਤਰੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 2022 ਵਿਚ ਦੁੱਗਣੀ ਹੋ ਗਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਗਿਣਤੀ ਆਉਣ ਵਾਲੇ ਸਮੇਂ ਵਿਚ ਹਰ ਮਹੀਨੇ 4 ਲੱਖ ਦੀ ਗਿਣਤੀ ਪਾਰ ਕਰ ਜਾਵੇਗੀ। ਫਿਲਹਾਲ ਚੰਡੀਗੜ੍ਹ ਏਅਰਪੋਰਟ ਤੋਂ 2 ਅੰਤਰਰਾਸ਼ਟਰੀ ਉਡਾਣਾਂ ਹੀ ਚਲਾਈਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ 2020 ਤੇ 2021 ਦੇ ਮੁਕਾਬਲੇ 2022 ਵਿਚ ਯਾਤਰੀਆਂ ਦੀ ਗਿਣਤੀ ਦੋ ਗੁਣਾ ਵੱਧ ਗਈ ਹੈ।

ਇਸ ਸਬੰਧੀ ਕੌਮਾਂਤਰੀ ਹਵਾਈਅੱਡੇ ਦੇ ਸੀਈਓ ਰਾਕੇਸ਼ ਆਰ ਸਹਾਏ ਦਾ ਕਹਿਣਾ ਹੈ ਕਿ ਇੱਥੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਘਰੇਲੂ ਉਡਾਣਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ, ਇਹੀ ਕਾਰਨ ਹੈ ਕਿ ਯਾਤਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।  

ਜਾਰੀ ਅੰਕੜਿਆਂ ਅਨੁਸਾਰ ਅਪ੍ਰੈਲ 2021-22 ਵਿਚ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਆਉਣ-ਜਾਣ ਵਾਲੇ ਯਾਤਰੀਆਂ ਦੀ ਗਿਣਤੀ 1 ਲੱਖ 55 ਹਜ਼ਾਰ ਦੇ ਕਰੀਬ ਸੀ ਪਰ ਅਪ੍ਰੈਲ 2022-23 ਵਿਚ ਯਾਤਰੀਆਂ ਦੇ ਆਉਣ ਅਤੇ ਰਵਾਨਗੀ ਦੀ ਗਿਣਤੀ 3 ਲੱਖ 17 ਹਜ਼ਾਰ ਦੇ ਕਰੀਬ ਪਹੁੰਚ ਗਈ। ਅਜਿਹੀ ਸਥਿਤੀ ਵਿਚ 2022-23 ਵਿਚ ਵਧੇਰੇ ਲੋਕਾਂ ਨੇ ਉਡਾਣਾਂ ਰਾਹੀਂ ਯਾਤਰਾ ਕੀਤੀ ਹੈ। ਇਸੇ ਤਰ੍ਹਾਂ ਬਾਕੀ ਮਹੀਨਿਆਂ ਵਿਚ ਵੀ ਪਿਛਲੇ ਸਾਲ ਦੀ ਤੁਲਨਾ ’ਚ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ।