Same-Sex Marriage Case Update: ਦੋ ਲੜਕੀਆਂ ਦੇ ਵਿਆਹ ਦੇ ਮਾਮਲੇ 'ਚ ਨਵਾਂ ਮੋੜ; ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਦੱਸੀ ਸੱਚਾਈ
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਦੋ ਲੜਕੀਆਂ ਦੇ ਆਪਸ ਵਿਚ ਵਿਆਹ ਕਰਵਾਉਣ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ
Same-Sex Marriage Jalandhar Case New Update: ਜਲੰਧਰ ਵਿਚ ਕਥਿਤ ਤੌਰ ’ਤੇ ਦੋ ਲੜਕੀਆਂ ਦੇ ਵਿਆਹ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਦਰਅਸਲ ਚੰਡੀਗੜ੍ਹ ਨੇੜੇ ਮੁਹਾਲੀ ਦੇ ਪਿੰਡ ਕਰੋੜਾ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਿਵਾਸ ਦੇ ਰਿਕਾਰਡ ਵਿਚ 18 ਅਗਸਤ ਨੂੰ ਲੜਕੇ ਅਤੇ ਲੜਕੀ ਦੇ ਵਿਆਹ ਦਾ ਰਿਕਾਰਡ ਦਰਜ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਦੋ ਲੜਕੀਆਂ ਦੇ ਆਪਸ ਵਿਚ ਵਿਆਹ ਕਰਵਾਉਣ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ। ਇਸ ਸਬੰਧੀ ਉਨ੍ਹਾਂ ਨੇ ਲੜਕੇ ਅਤੇ ਲੜਕੀ ਦੇ ਆਧਾਰ ਕਾਰਡ ਵੀ ਅਪਣੇ ਰਿਕਾਰਡ ਵਿਚ ਰੱਖੇ ਹੋਏ ਹਨ।
ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਵਿਚ ਮੁੰਡੇ ਅਤੇ ਕੁੜੀ ਦੇ ਆਨੰਦ ਕਾਰਜ ਹੋਏ ਹਨ। ਜਦਕਿ ਸਵੇਰ ਤੋਂ ਹੀ ਮੀਡੀਆ ਵਿਚ ਦੋ ਲੜਕੀਆਂ ਦੇ ਆਪਸ ਵਿਚ ਵਿਆਹ ਕਰਵਾਉਣ ਦੀ ਚਰਚਾ ਚੱਲ ਰਹੀ ਸੀ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਹ ਕਲੈਰੀਕਲ ਗਲਤੀ ਹੈ।
ਮਾਮਲੇ ਵਿਚ ਪਟੀਸ਼ਨਰਾਂ ਦੇ ਵਕੀਲ ਸੰਜੀਵ ਵਿਰਕ ਨੇ ਦਸਿਆ ਕਿ ਉਨ੍ਹਾਂ ਨੇ ਖੁਦ ਹੀ ਮਾਣਯੋਗ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਲੜਕੇ ਅਤੇ ਲੜਕੀ ਦੇ ਵਿਆਹ ਦੀਆਂ ਫੋਟੋਆਂ ਲਗਾਈਆਂ ਹਨ। ਦੋ ਲੜਕੀਆਂ ਦੇ ਇਕ ਦੂਜੇ ਨਾਲ ਵਿਆਹ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਅਦਾਲਤ ਵਲੋਂ ਇਸ ਮਾਮਲੇ ਵਿਚ ਜਾਰੀ ਹੁਕਮਾਂ ਵਿਚ ਦੋਵਾਂ ਪਟੀਸ਼ਨਰਾਂ ਦੇ ਨਾਵਾਂ ਦੇ ਪਿਛੇ ‘ਕੌਰ’ ਲਿਖਿਆ ਗਿਆ ਹੈ। ਇਸ ਕਾਰਨ ਦੋ ਲੜਕੀਆਂ ਦੇ ਵਿਆਹ ਦਾ ਮਾਮਲਾ ਲੱਗ ਰਿਹਾ ਸੀ। ਹੁਕਮਾਂ ਵਿਚ ਪਟੀਸ਼ਨਰਾਂ ਦੇ ਨਾਂਅ ਰਣਜੀਤ ਕੌਰ ਅਤੇ ਮਨਦੀਪ ਕੌਰ ਲਿਖੇ ਗਏ ਹਨ। ਜਿਸ ਵਿਚ ਦੋਵਾਂ ਦੀ ਉਮਰ 25 ਸਾਲ ਅਤੇ 29 ਸਾਲ ਦੱਸੀ ਗਈ ਹੈ। ਇਸ ਹੁਕਮ ਰਾਹੀਂ ਜਲੰਧਰ ਦੇ ਐਸਐਸਪੀ ਨੂੰ ਸੁਰੱਖਿਆ ਦੇਣ ਦੇ ਨਿਰਦੇਸ਼ ਦਿਤੇ ਗਏ ਹਨ।
ਹਾਈ ਕੋਰਟ ਨੇ ਪਟੀਸ਼ਨ ਦਾ ਨੋਟਿਸ ਲੈਂਦਿਆਂ ਜਲੰਧਰ ਦਿਹਾਤੀ ਪੁਲੀਸ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਹੈ। ਹਾਈ ਕੋਰਟ ਨੇ ਕਿਹਾ ਕਿ ਜਦੋਂ ਤਕ ਪਟੀਸ਼ਨਰ ਉਨ੍ਹਾਂ ਦੇ ਸ਼ਹਿਰ 'ਚ ਰਹਿਣਗੀਆਂ, ਜਲੰਧਰ ਦਿਹਾਤੀ ਪੁਲਿਸ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰੇ। ਪੁਲਿਸ ਨੂੰ ਦੋਵਾਂ ਦੀ ਸੁਰੱਖਿਆ ਅਤੇ ਜੀਵਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।