ਕੈਪਟਨ ਨੇ ਵਿਦੇਸ਼ ਦੌਰਾ ਵਿਚ ਹੀ ਛਡਿਆ, ਸੰਵਿਧਾਨ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਵਿਚ ਹੋਣਗੇ ਸ਼ਾਮਲ
ਬਾਗ਼ੀ ਵਿਧਾਇਕਾਂ ਦੀਆਂ ਸੁਰਾਂ ਨੂੰ ਨੱਪਣ ਲਈ ਕੈਪਟਨ ਦਾ ਦਬਕਾ ਜ਼ਰੂਰੀ ਹੋਇਆ, ਕੈਪਟਨ ਦੀ ਗ਼ੈਰ ਹਾਜ਼ਰੀ ਵਿਚ ਬੀਬੀ ਪ੍ਰਨੀਤ ਕੌਰ ਨੇ ਜ਼ਿੰਮੇਵਾਰੀ ਸੰਭਾਲੀ
ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣਾ ਵਿਦੇਸ਼ ਦਾ ਦੌਰਾ ਛੱਡ ਕੇ ਪੰਜਾਬ ਵਾਪਸ ਆ ਰਹੇ ਹਨ। ਉਚ ਭਰੋਸੇਯੋਗ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਲੰਡਨ ਤੋਂ ਦਿੱਲੀ ਲਈ ਜਹਾਜ਼ ਫੜ ਲਿਆ ਹੈ ਤੇ ਉਹ ਅੱਜ ਦੇਰ ਰਾਤ ਤਕ ਪੁੱਜ ਜਾਣਗੇ। ਉਹ ਭਲਕ ਦੇ ਸੰਵਿਧਾਨ ਦਿਵਸ ਨੂੰ ਸਮਰਪਿਤ ਇਕ ਦਿਨਾ ਸੈਸ਼ਨ ਵਿਚ ਸ਼ਾਮਲ ਹੋਣਗੇ। ਦਿੱਲੀ ਤੋਂ ਭਲਕ ਸਵੇਰੇ ਚੰਡੀਗੜ੍ਹ ਲਈ ਚਾਲੇ ਪਾ ਲੈਣਗੇ।
ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਭਰ ਦੇ ਰਾਜਾਂ ਵਿਚ ਸੰਵਿਧਾਨ ਦਿਨ ਨੂੰ ਮੁੱਖ ਰਖਦੇ ਹੋਏ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਸੱਦੇ ਗਏ ਹਨ। ਭਲਕ ਨੂੰ ਸੰਵਿਧਾਨ ਦਾ 75ਵਾਂ ਸਥਾਪਨਾ ਦਿਵਸ ਹੈ। ਇਸ ਯਾਦਗਾਰੀ ਸੈਸ਼ਨ ਬਾਰੇ ਪਹਿਲਾਂ ਬਣੇ ਪ੍ਰੋਗਰਾਮ ਮੁਤਾਬਕ ਕੈਪਟਨ ਦੀ ਗ਼ੈਰ ਹਾਜ਼ਰੀ ਵਿਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਹਾਊਸ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾਉਣੀ ਸੀ। ਸੈਸ਼ਨ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਵੇਗਾ।
ਗ਼ੈਰ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਪਰਤਣ ਦਾ ਇਹ ਵੀ ਕਾਰਨ ਹੈ ਕਿ ਕਾਂਗਰਸ ਦੇ ਵਿਧਾਇਕਾਂ ਵਲੋਂ ਪ੍ਰਸ਼ਾਸਨ ਵਿਰੁਧ ਜਨਤਕ ਤੌਰ 'ਤੇ ਬੋਲਣ ਦੀਆਂ ਕੰਨਸੋਆਂ ਲਗਾਤਾਰ ਉਨ੍ਹਾਂ ਦੇ ਦੂਰ ਬੈਠਿਆਂ ਕੰਨੀਂ ਪੈ ਰਹੀਆਂ ਹਨ। ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਵਲੋਂ ਅੱਜ ਹਲਕੇ ਦਾ ਵਿਕਾਸ ਨਾ ਸ਼ੁਰੂ ਹੋਣ ਦੇ ਰੋਸ ਵਜੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਣ ਦੀ ਧਮਕੀ ਦੇ ਕੇ ਨਵਾਂ ਕਜ਼ੀਆ ਸ਼ੁਰੂ ਕਰ ਦਿਤਾ ਹੈ।
ਪਤਾ ਲੱਗਾ ਹੈ ਕਿ ਸੰਸਦ ਮੈਂਬਰ ਤੇ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਲਗਾਤਾਰ ਪÎਟਿਆਲਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਧਾਇਕਾਂ ਨੂੰ ਮਨਾਉਣ ਵਿਚ ਲੱਗੇ ਹੋਏ ਹਨ। ਉਚ ਭਰੋਸੇਯੋਗ ਸੂਤਰ ਦਸਦੇ ਹਨ ਕਿ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਵੀ ਇਨ੍ਹਾਂ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਉਂਜ ਵੀ ਵਿਧਾਇਕਾਂ ਵਲੋਂ ਲਗਾਤਾਰ ਉਚ ਪ੍ਰਸ਼ਾਸਨ ਵਿਰੁਧ ਦਿਤੇ ਜਾ ਰਹੇ ਬਿਆਨ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਹਨ।
ਪਰ ਬਾਗ਼ੀਆਂ ਦੀ ਜ਼ੁਬਾਨ ਨੂੰ ਲਗਾਮ ਪਾਉਣ ਦੀ ਸਮਰੱਥਾ ਕੈਪਟਨ ਅਮਰਿੰਦਰ ਸਿੰਘ ਰਖਦੇ ਹਨ। ਉਨ੍ਹਾਂ ਦਾ ਦਬਕਾ ਹਾਲੇ ਵੀ ਕਾਂਗਰਸੀਆਂ ਨੂੰ ਚੁਪ ਕਰਵਾ ਸਕਦਾ। ਸਿਰਫ਼ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਸੈਸ਼ਨ ਵਿਚ ਸ਼ਾਮਲ ਹੋਣ ਜਾਂ ਨਾ ਹੋਣ ਬਾਰੇ ਭਲਕੇ ਹੀ ਪਤਾ ਲੱਗੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।