ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ, ਵਰਕਰਾਂ-ਆਗੂਆਂ ਨੂੰ ਕਿਸਾਨਾਂ ਦੀ ਮਦਦ ਦੀ ਅਪੀਲ - ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਹਰਿਆਣਾ ਸਰਕਾਰ ਸੰਵਿਧਾਨ ਦਿਵਸ ਮੌਕੇ ਲੋਕਾਂ ਦੇ ਸੰਵਿਧਾਨਕ ਹੱਕਾਂ ਦਾ ਕਰ ਰਹੀ ਹੈ ਦਮਨ

Sunil Jakhar

ਚੰਡੀਗੜ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕਾਂਗਰਸ ਪਾਰਟੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਡੱਟ ਕੇ ਖੜੀ ਹੈ। ਉਨਾਂ ਨੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਕਿਤੇ ਵੀ ਅਤੇ ਜਿਵੇਂ ਕਿਵੇਂ ਵੀ ਕਿਸਾਨਾਂ ਦਾ ਸਹਿਯੋਗ ਕੀਤਾ ਜਾ ਸਕਦਾ ਹੋਵੇ, ਕੀਤਾ ਜਾਵੇ।

ਅੱਜ ਇੱਥੋਂ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸਾਰੇ ਤੇ ਸਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕ ਕੇ ਹਰਿਆਣਾ ਦੀ ਭਾਜਪਾ ਸਰਕਾਰ ਲੋਕਾਂ ਦੇ ਸੰਵਿਧਾਨਕ ਹੱਕਾਂ ਦਾ ਘਾਣ ਕਰ ਰਹੀ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਆਖਦੇ ਸਨ ਕਿ ਕਿਸਾਨ ਕਿਤੇ ਵੀ ਜਾ ਕੇ ਫਸਲ ਵੇਚ ਸਕਦੇ ਹਨ ਪਰ ਭਾਜਪਾ ਸਰਕਾਰ ਤਾਂ ਕਿਸਾਨਾਂ ਨੂੰ ਆਪਣੇ ਹੀ ਦੇਸ਼ ਦੀ ਰਾਜਧਾਨੀ ਤੱਕ ਵੀ ਨਹੀਂ ਜਾਣ ਦੇ ਰਹੀ ਹੈ।

ਉਨਾਂ ਨੇ ਕਿਹਾ ਕਿ ਕਿਸਾਨਾਂ ਸਾਂਤੀਪੂਰਨ ਤਰੀਕੇ ਨਾਲ 2 ਮਹੀਨੇ ਤੋਂ ਸੰਘਰਸ਼ ਕਰ ਰਹੇ ਸਨ ਤਾਂ ਫਿਰ ਸਾਂਤੀ ਨਾਲ ਦਿੱਲੀ ਜਾ ਰਹੇ ਕਿਸਾਨਾਂ ਨਾਲ ਅਣਮਨੁੱਖੀ ਵਿਹਾਰ ਕਰਕੇ ਭਾਜਪਾ ਸਰਕਾਰ ਉਨਾਂ ਨੂੰ ਭੜਕਾ ਰਹੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਜਦ ਪੂਰਾ ਮੁਲਕ ਸੰਵਿਧਾਨ ਦਿਵਸ ਮਨਾ ਰਿਹਾ ਹੈ ਤਾਂ ਉਸੇ ਦਿਨ ਭਾਜਪਾ ਸਰਕਾਰ ਲੋਕਾਂ ਦੀ ਆਪਣੇ ਹੱਕ ਮੰਗਣ ਲਈ ਸੰਘਰਸ਼ ਦੇ ਅਧਿਕਾਰ ਦਾ ਹਨਨ ਕਰ ਰਹੀ ਹੈ।

ਉਨਾਂ ਨੈ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਰਾਜਾਂ ਦੇ ਅਧਿਕਾਰ ਦੇ ਵਿਸ਼ੇ ਤੇ ਤਿੰਨ ਕਾਲੇ ਕਾਨੂੰਨ ਬਣਾ ਕੇ ਦੇਸ਼ ਦੇ ਸੰਘੀ ਢਾਂਚੇ ਦਾ ਘਾਣ ਕੀਤਾ ਸੀ ਅਤੇ ਹੁਣ ਫਿਰ ਕਿਸਾਨਾਂ ਦਾ ਦਮਨ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਤੇ ਕਿਸੇ ਵੀ ਵਿਵਾਦ ਦੀ ਸੂਰਤ ਵਿਚ ਕੋਰਟ ਜਾਣ ਦਾ ਸੰਵਿਧਾਨਕ ਹੱਕ ਵੀ ਉਨਾਂ ਤੋਂ ਖੋਹ ਲਿਆ ਹੈ।

ਜਾਖੜ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਕੇਂਦਰ ਸਰਕਾਰ ਦਿੱਲੀ ਵਿਚ ਬੁਰਾੜੀ ਵਰਗੀ ਕਿਸੇ ਥਾਂ ਤੇ ਕਿਸਾਨਾਂ ਨੂੰ ਆਪਣੇ ਰੋਸ਼ ਪ੍ਰਗਟ ਕਰਨ ਲਈ ਥਾਂ ਦਿੰਦੀ ਅਤੇ ਉਨਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਦੀਆਂ ਮੁਸਕਿਲਾਂ ਦਾ ਹੱਲ ਕੀਤਾ ਜਾਂਦਾ। ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ ਅਤੇ ਸੂਬਾ ਸਰਕਾਰ ਵੀ ਉਨਾਂ ਦੇ ਹੱਕਾਂ ਦੀ ਰਾਖੀ ਲਈ ਹਰ ਕਾਨੂੰਨੀ ਚਾਰਾਜੋਈ ਕਰ ਰਹੀ ਹੈ।