ਬਾਦਲਾਂ ਨੂੰ ਪੰਜਾਬ ਵਿਰੁਧ ਕੀਤੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ : ਚੰਨੀ

ਏਜੰਸੀ

ਖ਼ਬਰਾਂ, ਪੰਜਾਬ

ਬਾਦਲਾਂ ਨੂੰ ਪੰਜਾਬ ਵਿਰੁਧ ਕੀਤੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ : ਚੰਨੀ

image

ਦੋਵਾਂ ਆਗੂਆਂ ਦੇ ਸੱਤਾ ਵਿਚ ਆਉਣ ਨਾਲ ਵਰਕਰਾਂ ਦਾ ਮਾਣ-ਸਨਮਾਨ ਬਹਾਲ ਹੋਇਆ : ਵਿਧਾਇਕ ਦਰਸ਼ਨ ਸਿੰਘ ਬਰਾੜ

ਬਾਘਾ ਪੁਰਾਣਾ, 25 ਨਵੰਬਰ (ਸੰਦੀਪ ਬਾਘੇਵਾਲੀਆ) : ਸੂਬੇ ਦੀ ਅੰਨ੍ਹੀ ਲੁੱਟ-ਖਸੁੱਟ ਕਰਨ ਲਈ ਬਾਦਲ ਪ੍ਰਵਾਰ ਉਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਬਾਦਲਾਂ ਨੂੰ  ਪੰਜਾਬ ਅਤੇ ਇਥੋਂ ਦੇ ਲੋਕਾਂ ਵਿਰੁਧ ਕੀਤੇ ਗਏ ਬਜਰ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ |
ਇਥੇ ਸਥਾਨਕ ਅਨਾਜ ਮੰਡੀ ਵਿਖੇ ਮੁੱਖ ਮੰਤਰੀ ਨੇ ਇਕੱਠ ਨੂੰ  ਸੰਬੋਧਨ ਕੀਤਾ, ਜਿਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ | ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਵਿਰੁਧ ਹਰ ਮਾੜੇ ਕੰਮ ਵਿਚ ਬਾਦਲਾਂ ਦਾ ਹੱਥ ਹੈ | ਉਨ੍ਹਾਂ ਕਿਹਾ ਕਿ ਸੂਬੇ ਵਿਚ ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਹੋਰ ਅਜਿਹੇ ਕਾਰੋਬਾਰ ਬਾਦਲਾਂ ਦੇ ਦੁਸ਼ਾਸਨ ਦੌਰਾਨ ਵਧੇ-ਫੁਲੇ ਸਨ | ਉਨ੍ਹਾਂ ਕਿਹਾ ਕਿ ਇਸ ਮਾਫੀਏ ਨੇ ਪੰਜਾਬ ਦੇ ਸਰਮਾਏ ਦੀ ਅੰਨ੍ਹੀ ਲੁੱਟ ਕੀਤੀ | ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਾਦਲਾਂ ਦੀ ਸਰਪ੍ਰਸਤੀ ਹੇਠ ਇਸ ਮਾਫੀਏ ਨੇ ਪੰਜਾਬ ਨੂੰ  ਤਬਾਹ ਕਰ ਕੇ ਰੱਖ ਦਿਤਾ ਅਤੇ ਹੁਣ ਉਨ੍ਹਾਂ ਨੂੰ  ਅਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ ਅਤੇ ਉਹ ਦਿਨ ਹੁਣ ਬਹੁਤੀ ਦੂਰ ਨਹੀਂ ਹਨ |
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਉਨ੍ਹਾਂ ਨੇ ਬਾਦਲਾਂ ਦੀ ਸਰਪ੍ਰਸਤੀ ਵਾਲੇ ਮਾਫੀਏ ਵਿਰੁਧ ਲਗਾਮ ਕਸੀ ਤਾਂ ਬਾਦਲ ਅਪਣਾ ਬਚਾਅ ਕਰਨ ਲਈ ਇਧਰ-ਉਧਰ ਹੱਥ-ਪੈਰ ਮਾਰ ਰਹੇ ਹਨ | ਹਾਲਾਂਕਿ, ਉਨ੍ਹਾਂ ਕਿਹਾ ਕਿ ਬਾਦਲਾਂ ਦੇ ਗੁਨਾਹ ਮਾਫ਼ੀ ਦੇ ਲਾਇਕ ਨਹੀਂ ਅਤੇ ਵਧੀਕੀਆਂ ਅਤੇ ਗ਼ਲਤੀਆਂ ਲਈ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ | ਮੁੱਖ ਮੰਤਰੀ ਚੰਨੀ ਨੇ ਬਾਦਲਾਂ ਦੀ ਮਾਲਕੀ
ਵਾਲੇ ਕੇਬਲ ਮਾਫੀਏ ਵਿਰੁਧ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦੇਰੀ ਨਾਲ ਲਿਆ ਫ਼ੈਸਲਾ ਹੈ | ਮੁੱਖ ਮੰਤਰੀ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਤਿੱਖਾ ਹਮਲਾ ਕਰਦਿਆਂ, ਉਸ ਨੂੰ  ਅਫ਼ਵਾਹਾਂ ਫੈਲਾਉਣ ਵਾਲਾ ਸਿਆਸਤਦਾਨ ਦਸਿਆ ਜੋ ਪੰਜਾਬੀਆਂ ਨੂੰ  ਗੁੰਮਰਾਹ ਕਰ ਕੇ ਪੰਜਾਬ ਦੀ ਸੱਤਾ ਹਥਿਆਉਣ ਲਈ ਪੱਬਾਂ ਭਾਰ ਹੈ |
  ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕੇਜਰੀਵਾਲ ਤੇ ਉਸ ਦੀ ਜੁੰਡਲੀ ਨੂੰ  ਇਹ ਗੱਲ ਯਾਦ ਰਖਣੀ ਚਾਹੀਦੀ ਹੈ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀ ਹਮੇਸ਼ਾ ਅਪਣੀ ਧਰਤੀ ਅਤੇ ਲੋਕਾਂ ਨੂੰ  ਬੇਹਦ ਪਿਆਰ ਕਰਦੇ ਹਨ | ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਪੰਜਾਬੀਆਂ ਨੇ ਨਾ ਤਾਂ ਕਦੇ ਸੂਬੇ ਦੀ ਸੱਤਾ ਬਾਹਰੀ ਵਿਅਕਤੀ ਦੇ ਹੱਥ ਵਿਚ ਸੌਂਪੀਂ ਅਤੇ ਨਾ ਹੀ ਭਵਿਖ ਵਿਚ ਅਜਿਹਾ ਹੋਣ ਦੇਣਗੇ | ਦਿੱਲੀ ਦੇ ਮੁੱਖ ਮੰਤਰੀ ਨੂੰ  ਚੁਣੌਤੀ ਦਿੰਦਿਆਂ ਚੰਨੀ ਨੇ ਉਨ੍ਹਾਂ ਨੂੰ  ਸੂਬੇ ਦੀਆਂ ਦੋ ਰਵਾਇਤੀ ਖੇਡਾਂ 'ਗੁੱਲੀ ਡੰਡਾ' ਅਤੇ 'ਬਾਂਦਰ ਕਿੱਲੇ' ਵਿਚਲਾ ਫਰਕ ਦੱਸਣ ਲਈ ਆਖਿਆ |
  ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਨੂੰ  ਲੁੱਟਣ ਲਈ ਵੱਖ-ਵੱਖ ਪਾਰਟੀਆਂ ਦੇ ਧਨਾਢ ਸਿਆਸਤਦਾਨਾਂ ਦਾ ਆਪਸ ਵਿਚ ਨਾਪਾਕ ਗਠਜੋੜ ਬਣਾਇਆ ਹੋਇਆ ਸੀ ਜਿਸ ਵਿਚੋਂ ਆਮ ਵਿਅਕਤੀ ਪੂਰੀ ਤਰ੍ਹਾਂ ਮਨਫੀ ਸੀ | ਚੰਨੀ ਨੇ ਕਿਹਾ ਕਿ ਹੁਣ ਇਹ ਗਠਜੋੜ ਟੁੱਟ ਚੁਕਾ ਹੈ ਅਤੇ ਸੱਤਾ ਦੀ ਵਾਗਡੋਰ ਆਮ ਆਦਮੀ ਦੇ ਹੱਥ ਵਿਚ ਹੈ | ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ  ਸੂਬੇ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਮੈਂ ਸੂਬੇ ਦੇ ਲੋਕਾਂ ਨੂੰ  ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹਾਂ | ਚੰਨੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਦੇ ਹਿਤ ਵਿਚ ਹੋਰ ਵੀ ਕਈ ਮਹੱਤਵਪੂਰਨ ਫ਼ੈਸਲੇ ਲਏ ਜਾਣਗੇ | ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਦਾ ਸਵਾਗਤ ਕਰਦਿਆਂ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਇਹਨਾਂ ਆਗੂਆਂ ਵਲੋਂ ਇਸ ਹਲਕੇ ਦਾ ਦੌਰਾ ਕਰਨ ਲਈ ਉਨ੍ਹਾਂ ਕੋਲ ਧਨਵਾਦ ਕਰਨ ਵਾਸਤੇ ਸ਼ਬਦ ਨਹੀਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਆਗੂਆਂ ਦੇ ਸੱਤਾ ਵਿਚ ਆਉਣ ਨਾਲ ਵਰਕਰਾਂ ਦਾ ਮਾਣ-ਸਨਮਾਨ ਬਹਾਲ ਹੋਇਆ ਹੈ | ਮੁੱਖ ਮੰਤਰੀ ਚੰਨੀ ਅਤੇ ਨਜੋਤ ਸਿੰਘ ਸਿੱਧੂ ਦੋਵਾਂ ਨੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ |
  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਂਸਦ ਮੁਹੰਮਦ ਸਦੀਕ, ਵਿਧਾਇਕ ਦਰਸ਼ਨ ਸਿੰਘ ਬਰਾੜ, ਕੁਲਬੀਰ ਸਿੰਘ ਜ਼ੀਰਾ, ਸ੍ਰੀਮਤੀ ਸਤਿਕਾਰ ਕੌਰ ਅਤੇ ਰਾਣਾ ਗੁਰਮੀਤ ਸਿੰਘ ਸੋਢੀ, ਕਮਲਜੀਤ ਸਿੰਘ ਬਰਾੜ, ਚੇਅਰਮੈਨ ਜਗਸੀਰ ਸਿੰਘ ਗਿੱਲ, ਚੇਅਰਮੈਨ ਗੁਰਚਰਨ ਸਿੰਘ ਚੀਦਾ, ਸਵਰਜਨ ਸਿੰਘ ਸਰਪੰਚ ਥਰਾਜ, ਦਿਲਬਾਗ ਸਿੰਘ ਸਰਪੰਚ, ਜਗਸੀਰ ਸਿੰਘ ਸਰਪੰਚ, ਸੁੱਖਾ ਸਿੰਘ ਲੰਗੇਆਣਾ, ਮੇਜਰ ਸਿੰਘ ਸਰਪੰਚ ਰਾਜੇਆਣਾ, ਕੁਲਵਿੰਦਰ ਸਿੰਘ ਸਰਪੰਚ ਜੈਮਲ ਵਾਲਾ, ਯੂਥ ਆਗੂ ਸੀਪਾ ਰਾਜੇਆਣਾ, ਮੰਦਰ ਸਿੰਘ ਮੈਬਰ, ਅਵਤਾਰ ਸਿੰਘ ਮੈਬਰ, ਜਗਦੀਸ ਪਾਲ ਮੈਬਰ, ਸੂਬਾ ਸਿੰਘ, ਹਰਜਿੰਦਰ ਸਿੰਘ ਪ੍ਰਧਾਨ, ਨਿਰਮਲ ਸਿੰਘ, ਸੁਖਦੇਵ ਸਿੰਘ ਫੌਜੀ, ਜਸਵਿੰਦਰ ਸਿੰਘ ਕਾਕਾ ਮੈਬਰ, ਗੁਰਸੇਵਕ ਸਿੰਘ ਬਰਾੜ, ਗੁਰਿੰਦਰਪਾਲ ਸਿੰਘ, ਜਗਜੀਤ ਸਿੰਘ, ਸਿਮਰਜੀਤ ਸਿੰਘ ਗੋਲਡੀ ਮਾੜੀ, ਸੂਬੇਦਾਰ ਰੇਸਮ ਸਿੰਘ, ਸੁਖਜਿੰਦਰ ਸਿੰਘ ਮੈਬਰ ਆਦਿ  ਮੌਜੂਦ ਸਨ  |
25 ਬਾਘਾ ਪੁਰਾਣਾ 01
ਕੈਪਸ਼ਨ : ਬਾਘਾ ਪੁਰਾਣਾ ਵਿਖੇ ਮੰਚ 'ਤੇ ਮੌਜੂਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਹੋਰ |       (ਸੰਦੀਪ)
25 ਬਾਘਾ ਪੁਰਾਣਾ 02
ਕੈਪਸ਼ਨ : ਬਾਘਾ ਪੁਰਾਣਾ ਵਿਖੇ ਲੋਕਾਂ ਠਾਠਾ ਮਾਰਦਾ ਹੋਇਆ ਇਕੱਠ |   (ਸੰਦੀਪ)