ਕੈਪਟਨ ਦੀ ਸਰਗਰਮੀ ਬਾਅਦ ਕਾਂਗਰਸ ਹਾਈਕਮਾਨ ਵਲੋਂ ਜਾਖੜ ਦੀ ਨਰਾਜ਼ਗੀ ਦੂਰ ਕਰਨ ਦੀਆਂ ਕੋਸ਼ਿਸ਼ਾਂ ਤੇਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰੀਸ਼ ਚੌਧਰੀ ਵੀ ਬੀਤੀ ਦੇਰ ਰਾਤ ਜਾਖੜ ਨੂੰ ਮਿਲੇ ਪਰ ਹਾਲੇ ਮਨਾਉਣ ਵਿਚ ਨਹੀਂ ਹੋਏ ਸਫ਼ਲ

Harish Choudhary, Sunil Jakhar

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾ ਕੇ ਸਰਗਰਮ ਹੋਣ ਬਾਅਦ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਹਿੰਦੂ ਵੋਟ ਬੈਂਕ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਹਿੰਦੂ ਭਾਈਚਾਰੇ ਨਾਲ ਸਬੰਧਤ ਪ੍ਰਮੁੱਖ ਨੇਤਾ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੁੱਖ ਮੰਤਰੀ ਦਾ ਅਹੁਦਾ ਹੱਥੋਂ ਜਾਣ ਬਾਅਦ ਲਗਾਤਾਰ ਨਰਾਜ਼ ਚਲ ਰਹੇ ਹਨ ਅਤੇ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਉਠਾ ਕੇ ਮੁੱਖ ਮੰਤਰੀ ਚੰਨੀ ਵਿਰੁਧ ਨਿਸ਼ਾਨੇ ਸਾਧ ਕੇ ਅਪਣੇ ਮਨ ਦੀ ਭੜਾਸ ਕੱਢਦੇ ਰਹਿੰਦੇ ਹਨ।

ਪਿਛਲੇ ਦਿਨਾਂ ਵਿਚ ਜਾਖੜ ਵਿਦੇਸ਼ ਦੌਰੇ ’ਤੇ ਸਨ ਅਤੇ ਬੀਤੇ ਦਿਨ ਉਨ੍ਹਾਂ ਦੀ ਵਾਪਸੀ ਬਾਅਦ ਬੀਤੀ ਦੇਰ ਰਾਤ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਉਨ੍ਹਾਂ ਦੀ ਨਰਾਜ਼ਗੀ ਦੂਰ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਗਏ ਸਨ ਪਰ ਜਾਖੜ ਨੂੰ ਮਨਾਉਣ ਵਿਚ ਸਫ਼ਲ ਨਹੀਂ ਹੋਏ। ਸੂਤਰਾਂ ਦੀ ਮੰਨੀਏ ਤਾਂ ਜਾਖੜ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਿਚ ਵੱਡਾ ਅਹੁਦਾ ਦੇਣ ਜਾਂ ਪੰਜਾਬ ਕਾਂਗਰਸ ਚੋਣ ਕਮੇਟੀ ਦਾ ਮੁਖੀ ਬਣਾਉਣ ਤਕ ਦੀ ਹਾਈਕਮਾਨ ਵਲੋਂ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਜਾਖੜ ਦੇ ਮਨ ਵਿਚੋਂ ਮੁੱਖ ਮੰਤਰੀ ਦਾ ਅਹੁਦਾ ਹੱਥੋਂ ਜਾਣ ਦਾ ਦਰਦ ਨਹੀਂ ਜਾ ਰਿਹਾ।

ਭਾਵੇਂ ਕਿ ਜਾਖੜ ਨੇ ਹਾਲੇ ਤਕ ਕੈਪਟਨ ਦੀ ਪਾਰਟੀ ਵਲ ਜਾਣ ਦਾ ਕੋਈ ਇਸ਼ਾਰਾ ਨਹੀਂਕੀਤਾ ਪਰ ਜਿਸ ਤਰ੍ਹਾਂ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਖੇਤੀ ਕਾਨੂੰਨ ਦੀ ਵਾਪਸੀ ਬਾਅਦ ਬਦਲੇ ਸਿਆਸੀ ਸਮੀਕਰਨਾਂ ਵਿਚ ਰੁਖ਼ ਬਦਲਿਆ ਹੈ ਤਾਂ ਜਾਖੜ ਨੂੰ ਲੈ ਕੇ ਵੀ ਕਾਂਗਰਸ ਚਿੰਤਾ ਵਿਚ ਹੈ ਕਿ ਕਿਤੇ ਉਹ ਵੀ ਕੋਈ ਹੋਰ ਕਦਮ ਨਾ ਲੈ ਲੈਣ। ਪੰਜਾਬ ਕਾਂਗਰਸ ਪ੍ਰਧਾਨ ਅਤੇ ਮੁੱਖ ਮੰਤਰੀ ਦੋਵੇਂ ਹੀ ਪਗੜੀਦਾਰੀ ਸਿੱਖ ਹਨ ਜਦਕਿ ਕੈਪਟਨ ਦੀ ਨਜ਼ਰ ਸ਼ਹਿਰੀ ਹਿੰਦੂ ਵੋਟ ਬੈਂਕ ’ਤੇ ਹੈ ਅਤੇ ਭਾਜਪਾ ਨਾਲ ਗਠਜੋੜ ਬਾਅਦ ਕਾਂਗਰਸ ਦਾ ਹਿੰਦੂ ਚਿਹਰੇ ਦੀ ਕਮੀ ਕਾਰਨ ਨੁਕਸਾਨ ਹੋ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਤੇ ਅੰਬਿਕਾ ਸੋਨੀ ਨੂੰ ਵੀ ਚੋਣਾਂ ਤੋਂ ਪਹਿਲਾਂ ਕੋਈ ਵੱਡੇ ਅਹੁਦੇ ਦੇ ਕੇ ਹਿੰਦੂ ਚਿਹਰੇ ਵਜੋਂ ਪਾਰਟੀ ਵਿਚ ਅੱਗੇ ਲਿਆਂਦਾ ਜਾ ਸਕਦਾ ਹੈ। ਪਰ ਇਸ ਵੇਲੇ ਜਾਖੜ ਨੂੰ ਮਨਾਉਣ ਵਲ ਕਾਂਗਰਸ ਹਾਈਕਮਾਨ ਦਾ ਸਾਰਾ ਧਿਆਨ ਲੱਗਾ ਹੋਇਆ ਹੈ।