ਨਿਊਜ਼ੀਲੈਂਡ ਵਿਚ ਮਨਾਏ ਜਾ ਰਹੇ 'ਦੂਜੇ ਪੰਜਾਬੀ ਭਾਸ਼ਾ ਹਫ਼ਤੇ' ਮੌਕੇ ਬੱਚਿਆਂ 'ਚ ਉਤਸ਼ਾਹ
ਨਿਊਜ਼ੀਲੈਂਡ ਵਿਚ ਮਨਾਏ ਜਾ ਰਹੇ 'ਦੂਜੇ ਪੰਜਾਬੀ ਭਾਸ਼ਾ ਹਫ਼ਤੇ' ਮੌਕੇ ਬੱਚਿਆਂ 'ਚ ਉਤਸ਼ਾਹ
ਔਕਲੈਂਡ, 25 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) : ਪੰਜਾਬ ਸਰਕਾਰ ਵਲੋਂ ਅਪਣੇ ਸਿਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਟੀ ਦੇ ਭਾਸ਼ਾ ਵਿਭਾਗ ਵਲੋਂ ਜਿਥੇ ਨਵੰਬਰ ਮਹੀਨੇ ਨੂੰ 'ਪੰਜਾਬੀ ਮਹੀਨੇ' ਵਜੋਂ ਮਨਾਇਆ ਜਾ ਰਿਹਾ ਹੈ, ਉਥੇ ਨਿਊਜ਼ੀਲੈਂਡ ਵਿਚ 22 ਨਵੰਬਰ ਤੋਂ 28 ਨਵੰਬਰ ਤਕ 'ਦੂਜਾ ਪੰਜਾਬੀ ਭਾਸ਼ਾ ਹਫ਼ਤਾ' ਪੰਜਾਬੀ ਮੀਡੀਆ ਕਰਮੀਆਂ ਦੇ ਸਹਿਯੋਗ ਨਾਲ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਦੇਸ਼ ਦੇ ਸਿਖਿਆ ਵਿਭਾਗ ਅਤੇ ਏਥਨਿਕ ਵਿਭਾਗ ਤਕ ਸੰਪਰਕ ਕੀਤੇ ਗਏ ਹਨ ਅਤੇ ਹਰ ਸਾਲ ਪੱਕੀਆਂ ਤਰੀਕਾਂ ਦੀ ਪੈਰਵਾਈ ਕੀਤੀ ਜਾ ਰਹੀ ਹੈ | 'ਪੰਜਾਬੀ ਭਾਸ਼ਾ ਸਬੰਧੀ ਖੇਜ ਭਰਪੂਰ ਲੇਖਾਂ ਵਾਲਾ ਇਕ ਵਿਸ਼ੇਸ਼ ਸਪਲੀਮੈਂਟ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਡਾ. ਕਰਮਜੀਤ ਕੌਰ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ, ਕੰਵਲਜੀਤ ਸਿੰਘ ਬਖ਼ਸ਼ੀ ਸਾਬਕਾ ਸੰਸਦ ਮੈਂਬਰ ਦੇ ਸੰਦੇਸ਼ ਪ੍ਰਕਾਸ਼ਤ ਹਨ | ਲੇਖ ਲੜੀ ਵਿਚ ਡਾ. ਹਰਨੇਕ ਸਿੰਘ, ਹਰਜਿੰਦਰ ਸਿੰਘ ਬਸਿਆਲਾ, ਗੁਰਬਖਸ਼ ਸਿੰਘ ਅਮਰੀਕਾ, ਸਵ. ਡਾ. ਮਹੀਪ ਸਿੰਘ, ਐਮ. ਵੈਂਕਈਆ ਨਾਇਡੂ ਉਪ ਰਾਸ਼ਟਰਪਤੀ, ਬਿਕਰਮ ਸਿੰਘ ਮਝੈਲ, ਲੇਖਕ ਦੁਰਲੱਭ ਸਿੰਘ ਲੰਡਨ ਹੋਰਾਂ ਦੇ ਖੋਜ ਭਰਪੂਰ ਲੇਖ ਛਾਪੇ ਗਏ ਹਨ | 27 ਤਰੀਕ ਨੂੰ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਇਕ ਖ਼ਾਸ ਪ੍ਰੋਗਰਾਮ ਰਖਿਆ ਗਿਆ ਹੈ ਜਿਸ ਵਿਚ ਭਾਰਤ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸ਼ਾਮਲ ਹੋਣਗੇ ਅਤੇ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਜਾਵੇਗੀ | ਇਹ ਡਾਕ ਟਿਕਟ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਤਰਜ਼ਮਾਨੀ ਕਰਦੀ ਬਣਾਈ ਗਈ ਹੈ, ਜਿਸ ਵਿਚ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਰੰਗ ਅਤੇ ਭਾਸ਼ਾ ਨੂੰ ਦਰਸਾਇਆ ਗਿਆ ਹੈ | ਇਸ ਮੌਕੇ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਵੀ ਹੋਵੇਗੀ ਅਤੇ ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ |
ਇਸ ਪੰਜਾਬੀ ਭਾਸ਼ਾ ਹਫ਼ਤੇ ਨੂੰ ਲੈ ਕੇ ਇਥੇ ਵਸਦੇ ਪੰਜਾਬੀ ਬੱਚਿਆਂ ਵਿਚ ਕਾਫ਼ੀ ਉਤਸ਼ਾਹ ਹੈ | ਇੰਗਲਿਸ਼ ਸਕੂਲਾਂ ਦੇ ਬੱਚੇ ਪੰਜਾਬੀ ਦੇ ਵਿਚ ਅਪਣੇ ਸੁਨੇਹੇ ਰਿਕਾਰਡ ਕਰ ਕੇ ਭੇਜ ਰਹੇ ਹਨ ਜਿਨ੍ਹਾਂ ਨੂੰ ਵੱਖ-ਵੱਖ ਮੀਡੀਆ ਅਦਾਰਿਆਂ ਜਿਵੇਂ ਪੰਜਾਬੀ ਹੈਰਲਡ ਟੀ.ਵੀ. ਕੀਵੀ ਟੀ.ਵੀ., ਡੇਲੀ ਖ਼ਬਰ ਟੀ.ਵੀ., ਕੂਕ ਸਮਚਾਰ ਤੇ ਐਨ. ਜ਼ੈਡ. ਤਸਵੀਰ ਵਿਚ ਥਾਂ ਦਿਤੀ ਜਾ ਰਹੀ ਹੈ | 28 ਤਰੀਕ ਨੂੰ ਇਕ ਸਮਾਗਮ ਆਕਲੈਂਡ ਵਿਖੇ ਵੀ ਰਖਿਆ ਗਿਆ ਹੈ ਜੋ ਕੋਰੋਨਾ ਤਾਲਾਬੰਦੀ ਦੇ ਚਲਦਿਆਂ ਇਕ ਖੇਡ ਪਾਰਕ ਵਿਚ ਹੋਵੇਗਾ ਅਤੇ ਇਸ ਮੌਕੇ ਵੀ ਜਿਥੇ ਡਾਕ ਟਿਕਟ ਜਾਰੀ ਹੋਵੇਗੀ ਉਥੇ ਰੰਗਦਾਰ ਪੋਸਟਰ ਵੀ ਜਾਰੀ ਕੀਤੇ ਜਾਣਗੇ | ਬੱਚਿਆਂ ਨੂੰ ਇਨਾਮ ਵੀ ਇਸੇ ਦਿਨ ਕੱਢੇ ਜਾਣਗੇ | ਨਿਊਜ਼ੀਲੈਂਡ ਸਿੱਖ ਖੇਡ ਕਮੇਟੀ ਵਲੋਂ ਅਤੇ ਗੁਰੂ ਗਿਫ਼ਟ ਅਤੇ ਹੋਮ ਵੇਅਰ ਵਲੋਂ ਦਿਤੇ ਜਾਣਗੇ |