ਦਿੱਲੀ-ਪੰਜਾਬ ਦੇ ਸਕੂਲਾਂ ਦੀ ਤੁਲਨਾ ਵਾਲੇ ਸੁਝਾਅ 'ਤੇ ਪ੍ਰਗਟ ਸਿੰਘ ਵਲੋਂ ਮਨੀਸ਼ ਸਿਸੋਦੀਆ ਨੂੰ ਚੁਣੌਤੀ

ਏਜੰਸੀ

ਖ਼ਬਰਾਂ, ਪੰਜਾਬ

ਕੀ 10 ਸਕੂਲਾਂ 'ਤੇ ਕਰੋੜਾਂ ਰੁਪਏ ਖ਼ਰਚ ਕਰਨੇ ਜਾਇਜ਼ ਹਨ? : ਪ੍ਰਗਟ ਸਿੰਘ 

Pargat Singh and Manish sisodia

ਚੰਡੀਗੜ੍ਹ : ਸਿੱਖਿਆ 'ਤੇ ਦਿੱਲੀ ਤੇ ਪੰਜਾਬ ਵਿਚਾਲੇ ਸ਼ਬਦੀ ਹਮਲੇ ਜਾਰੀ ਹਨ। ਪਰਗਟ ਸਿੰਘ ਨੇ ਮਨੀਸ਼ ਸਿਸੋਦੀਆ ਵਲੋਂ ਦਿਤੀ ਚੁਣੌਤੀ ਕਬੂਲ ਕਰਦਿਆਂ ਮਨੀਸ਼ ਸਿਸੋਦੀਆ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿਤੀ ਹੈ।

ਪ੍ਰਗਟ ਸਿੰਘ ਨੇ ਅੱਜ ਟਵੀਟ ਕਰਦਿਆਂ ਕਿਹਾ, ''ਮੈਂ ਦਿੱਲੀ ਦੇ ਸਿੱਖਿਆ ਮੰਤਰੀ ਮਾਨਯੋਗ ਮਨੀਸ਼ ਸਿਸੋਦੀਆ ਜੀ ਵਲੋਂ ਦਿਤੇ ਪੰਜਾਬ ਅਤੇ ਦਿੱਲੀ ਦੇ ਸਕੂਲਾਂ ਦੀ ਤੁਲਨਾ ਵਾਲੇ ਸੁਝਾਅ ਦਾ ਸੁਆਗਤ ਕਰਦਾ ਹਾਂ। ਪਰ ਅਸੀਂ 10 ਸਕੂਲਾਂ ਦੀ ਬਜਾਏ ਪੰਜਾਬ ਅਤੇ ਦਿੱਲੀ ਦੇ 250-250 ਸਕੂਲ ਲਵਾਂਗੇ। ਜਿਨ੍ਹਾਂ ਦੀ ਤੁਲਨਾ NPGI ਇੰਡੈਕਸ 'ਤੇ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਸਕੂਲਾਂ ਦੇ ਬੁਨਿਆਦੀ ਢਾਂਚੇ, ਸਮਾਰਟ ਕਲਾਸਰੂਮ, ਸਰਹੱਦੀ ਇਲਾਕਿਆਂ ਅਤੇ ਪਿੰਡ ਵਿਚ ਬਣੇ ਸਕੂਲਾਂ ਦੀ ਗਿਣਤੀ ਬਾਰੇ ਵੀ ਵਿਚਾਰ-ਵਟਾਂਦਰਾ ਕਰਾਂਗੇ। ਨਵੇਂ ਅਧਿਆਪਕਾਂ ਦੀ ਭਰਤੀ ਅਤੇ ਉਨ੍ਹਾਂ ਨੂੰ ਪੱਕੇ ਕਰਨ ਦੇ ਅੰਕੜੇ ਵੀ ਦੇਖੇ ਜਾਣਗੇ। ਪਿਛਲੇ 4.5 ਸਾਲਾਂ ਦੌਰਾਨ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖ਼ਲੇ ਦਾ ਅਨੁਪਾਤ ਵੀ ਦੇਖਿਆ ਜਾਵੇਗਾ।''

ਇਨਾਂ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਇਸ ਡਿਬੇਟ ਵਿਚ ਦੋਵਾਂ ਸੂਬਿਆਂ ਦੀ ਆਰਥਿਕ ਸਥਿਤੀ 'ਤੇ ਵੀ ਚਰਚਾ ਕੀਤੀ ਜਾਵੇਗੀ।  ਉਨ੍ਹਾਂ ਨੇ ਲਗਾਤਾਰ 7 ਟਵੀਟ ਕੀਤੇ ਅਤੇ ਕਿਹਾ, ''ਅਸੀਂ ਮਿਆਰੀ ਸਿੱਖਿਆ ਵਿਚ ਪੇਂਡੂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਾਂਗੇ। ਅਸੀਂ ਦਲਿਤ ਅਤੇ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਾਂਗੇ।

ਇਸ ਗੱਲ 'ਤੇ ਵੀ ਡਿਬੇਟ ਕਰਾਂਗੇ ਕਿ, ਕੀ 10 ਸਕੂਲਾਂ 'ਤੇ ਕਰੋੜਾਂ ਰੁਪਏ ਖ਼ਰਚ ਕਰਨੇ ਜਾਇਜ਼ ਹਨ ਜਾਂ ਫ਼ਿਰ ਸੂਬੇ ਦੇ ਸਕੂਲਾਂ ਨੂੰ ਲੋੜ ਅਨੁਸਾਰ ਗ੍ਰਾਂਟ ਦੇ ਕੇ ਲੱਖਾਂ ਵਿਦਿਆਰਥੀਆਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ ਜਾਇਜ਼ ਹਨ। ਬਹਿਸ ਵਿਚ ਸਬੰਧਤ ਸੂਬਿਆਂ ਦੀਆਂ ਆਰਥਿਕ ਸਥਿਤੀਆਂ ਅਤੇ ਗ੍ਰਾਂਟਾਂ ਦੀ ਵੰਡ ਵਿਚ ਕੇਂਦਰ ਦੁਆਰਾ ਵਿਤਕਰੇ ਦੀ ਤੁਲਨਾ ਵੀ ਕਰਾਂਗੇ।''