ਜਰਮਨੀ: CDU ਪਾਰਟੀ ਦੇ ਪ੍ਰਧਾਨਗੀ ਮੰਡਲ 'ਚ ਨਿਯੁਕਤੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣੇ ਗੁਰਦੀਪ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CDU ਪਾਰਟੀ ਦੇ ਪ੍ਰਧਾਨਗੀ ਮੰਡਲ ਵਿਚ ਨਿਯੁਕਤੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣੇ

Gurdeep Randhawa

 

ਬਰਲਿਨ: ਭਾਰਤੀ ਅਤੇ ਪੰਜਾਬੀ ਮੂਲ ਦੇ ਸਿੱਖ ਜਰਮਨ ਨਾਗਰਿਕ ਗੁਰਦੀਪ ਸਿੰਘ ਰੰਧਾਵਾ ਨੂੰ ਥੁਰਿੰਗੀਆ ਸਟੇਟ ਕਿ੍ਰਸਚੀਅਨ ਡੈਮੋਕ੍ਰੇਟਿਕ ਯੂਨੀਅਨ (ਸੀ.ਡੀ.ਯੂ.) ਪਾਰਟੀ ਦੇ ਪ੍ਰਧਾਨਗੀ ਮੰਡਲ ਵਿਚ ਨਿਯੁਕਤੀ ਹਾਸਲ ਹੋਈ ਹੈ। ਰੰਧਾਵਾ ਸੀ.ਡੀ.ਯੂ. ਦੇ ਸਰਗਰਮ ਮੈਂਬਰ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪਾਰਟੀ ਵਿਚ ਸੇਵਾ ਨਿਭਾ ਰਹੇ ਹਨ। ਸੀ.ਡੀ.ਯੂ. ਲੀਡਰਸ਼ਿਪ ਨੇ ਪਾਰਟੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਨੂੰ ਸਨਮਾਨ ਪ੍ਰਦਾਨ ਕੀਤਾ ਹੈ ਅਤੇ ਅਗੱਸਤ 2022 ਵਿਚ ਉਹ ਜਰਮਨੀ ਵਿਚ ਭਾਰਤੀ ਭਾਈਚਾਰੇ ਦੇ ਪਹਿਲੇ ਪ੍ਰਤੀਨਿਧ ਵਜੋਂ ਚੁਣੇ ਗਏ ਸਨ।

ਇਹ ਵੀ ਪਹਿਲੀ ਵਾਰ ਹੈ ਕਿ ਸੀ.ਡੀ.ਯੂ. ਦੁਆਰਾ ਕਿਸੇ ਭਾਰਤੀ ਨੂੰ ਜਰਮਨੀ ਵਿਚ ਕਿਸੇ ਸੂਬੇ ਦੇ ਪ੍ਰਧਾਨਗੀ ਮੰਡਲ ਵਿਚ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰੰਧਾਵਾ ਏਐਮਟੀ ਵਾਚਸਨਬਰਗ ਤੋਂ ਕੌਂਸਲਰ ਅਤੇ ਜ਼ਿਲ੍ਹਾ ਐਲ.ਐਲ.ਐਮ. ਤੋਂ ਸੀ.ਡੀ.ਯੂ. ਦੇ ਪ੍ਰਧਾਨਗੀ ਮੰਡਲ ਮੈਂਬਰ ਵਜੋਂ ਚੁਣੇ ਗਏ ਸਨ। ਜਰਮਨ ਵਸਦੇ ਭਾਰਤੀ ਭਾਈਚਾਰੇ ਨਾਲ ਉਹ ਨੇੜਿਉਂ ਜੁੜੇ ਰਹੇ ਹਨ ਅਤੇ ਭਾਈਚਾਰੇ ਨਾਲ ਸਬੰਧਤ ਅਹਿਮ ਮੁੱਦਿਆਂ ’ਤੇ ਸੀ.ਡੀ.ਯੂ. ਲੀਡਰਸ਼ਿਪ ਤਕ ਅਪਣੀ ਆਵਾਜ਼ ਪਹੁੰਚਾਉਂਦੇ ਰਹੇ ਹਨ। ਇਕ ਤਰ੍ਹਾਂ ਨਾਲ, ਇਹ ਗਤੀਵਿਧੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਥੁਰਿੰਗੀਆ ਵਿਚ ਸੀ.ਡੀ.ਯੂ. ਦੇ ਮਾਮਲਿਆਂ ਵਿਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੀ ਸਿੱਧੀ ਤੇ ਸਾਰਥਕ ਮੌਜੂਦਗੀ ਹੈ। ਰੰਧਾਵਾ ਦੀ ਨਿਯੁਕਤੀ ਦੇ ਤਾਜ਼ਾ ਘਟਨਾਕ੍ਰਮ ਨਾਲ, ਥੁਰਿੰਗੀਆ ਵਿਚ ਸੀ.ਡੀ.ਯੂ. ਲੀਡਰਸ਼ਿਪ ਨਾਲ ਜੁੜਨ ਸਦਕਾ ਭਾਰਤੀ ਭਾਈਚਾਰਾ ਹੋਰ ਮਜ਼ਬੂਤੀ ਨਾਲ ਉਭਰ ਕੇ ਆਵੇਗਾ।

ਨਿਯੁਕਤੀ ਤੋਂ ਬਾਅਦ ਇਕ ਸੰਖੇਪ ਸੰਦੇਸ਼ ਵਿਚ ਰੰਧਾਵਾ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਨਿਯੁਕਤੀ, ਭਾਰਤੀਆਂ ਵਲੋਂ ਸਾਲਾਂ ਦਰ ਸਾਲ ਜਰਮਨ ਦੀ ਆਰਥਕਤਾ ਅਤੇ ਸਮਾਜ ਨਿਰਮਾਣ ਵਿਚ ਨਿਭਾਈ ਉਸਾਰੂ ਭੂਮਿਕਾ ਨੂੰ ਮਿਲਿਆ ਸਨਮਾਨ ਹੈ। ਉਨ੍ਹਾਂ ਕਿਹਾ ਕਿ ਉਹ ਇਕ ਮਜ਼ਬੂਤ ਜਰਮਨ ਦੇ ਮੁਦਈ ਹਨ ਅਤੇ ਭਾਰਤ-ਜਰਮਨ ਦੇ ਆਪਸੀ ਮਜ਼ਬੂਤ ਸਬੰਧਾਂ ਵਿਚ ਯੋਗਦਾਨ ਪਾਉਣ ਲਈ, ਭਾਰਤੀ ਮੂਲ ਦੇ ਨੌਜਵਾਨ ਜਰਮਨ ਨਾਗਰਿਕਾਂ ਲਈ ਇਕ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ।