ਪ੍ਰਧਾਨ ਮੰਤਰੀ ਖਿਲਾਫ਼ ਕੀਤੀਆਂ ਟਿੱਪਣੀਆਂ ਲਈ ਜਨਤਕ ਮੁਆਫ਼ੀ ਮੰਗੇ ਆਮ ਆਦਮੀ ਪਾਰਟੀ: ਸੁਨੀਲ ਜਾਖੜ
' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਹੋਏ ਸਮਾਗਮ ਵਿੱਚ ਕੀਤੀ ਸੀ ਸ਼ਿਰਕਤ'
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਆਮ ਆਦਮੀ ਪਾਰਟੀ ਦੇ ਮੰਤਰੀ ਅਮਨ ਅਰੋੜਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਿਹਾੜੇ ਸਬੰਧੀ ਪ੍ਰੈਸ ਕਾਨਫ਼ਰੰਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਾਰੇ ਦਿੱਤੇ ਗਏ ਬਿਆਨਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਇਸਦੀ ਸਖ਼ਤ ਨਿੰਦਾ ਕੀਤੀ ਹੈ। ਉਨਾਂ ਨੇ ਕਿਹਾ ਹੈ ਕਿ ਇਸ ਲਈ ਨਾ ਕੇਵਲ ਮੰਤਰੀ ਅਮਨ ਅਰੋੜਾ ਸਗੋਂ ਸਮੁੱਚੀ ਆਮ ਆਦਮੀ ਪਾਰਟੀ ਨੂੰ ਜਨਤਕ ਤੌਰ ਤੇ ਗਲਤ ਬਿਆਨੀ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਅਮਨ ਅਰੋੜਾ ਦਾ ਇਹ ਕਹਿਣਾ ਪੂਰੀ ਤਰ੍ਹਾਂ ਗ਼ਲਤ ਹੈ ਕਿ ਸੱਦੇ ਦੇ ਬਾਵਜੂਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਉਹਨਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਪ੍ਰਧਾਨ ਮੰਤਰੀ ਦੇ ਮਨ ਵਿੱਚ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਸਗੋਂ ਉਹਨਾਂ ਨੇ ਕੁਰੂਕਸ਼ੇਤਰ ਵਿਖੇ ਹੋਏ ਵੱਡੇ ਸਮਾਗਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਭਾਰਤ ਸਰਕਾਰ ਵੱਲੋਂ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਲਾਲ ਕਿਲ੍ਹੇ ਵਿਖੇ ਵੀ ਰਾਸ਼ਟਰੀ ਪੱਧਰ ਦਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਾਰਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰਮ ਨਿਰਪੱਖਤਾ ਅਤੇ ਮਨੁੱਖਤਾ ਦੀ ਰਾਖੀ ਲਈ ਕੀਤੇ ਬੇਮਿਸਾਲ ਬਲਿਦਾਨ ਬਾਰੇ ਜਾਗਰੂਕ ਕੀਤਾ ਗਿਆ। ਜਾਖੜ ਨੇ ਕਿਹਾ ਕਿ ਨਾ ਕੇਵਲ ਦੇਸ਼, ਸਗੋਂ ਵਿਦੇਸ਼ਾਂ ਤੱਕ ਵੀ ਪਹੁੰਚ ਵਾਲੇ ਕਈ ਸਮਾਗਮ ਭਾਰਤ ਸਰਕਾਰ ਵੱਲੋਂ ਕਰਵਾਏ ਗਏ। ਇਸ ਲਈ ਅਮਨ ਅਰੋੜਾ ਵੱਲੋਂ ਪ੍ਰਧਾਨ ਮੰਤਰੀ ਬਾਰੇ ਕੀਤੀ ਗਈ ਟਿੱਪਣੀ ਨਿਰਾਧਾਰ, ਬੇਬੁਨਿਆਦ ਅਤੇ ਸਿਆਸੀ ਲਾਭ ਲਈ ਦਿੱਤੀ ਗਈ ਹੈ। ਉਹਨਾਂ ਨੇ ਅਮਨ ਅਰੋੜਾ ਨੂੰ ਪ੍ਰਧਾਨ ਮੰਤਰੀ ਤੋਂ ਮਾਫ਼ੀ ਮੰਗਣ ਲਈ ਕਿਹਾ।
ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਭਾਜਪਾ ਦੀ ਸੂਬਾ ਇਕਾਈ ਵੱਲੋਂ ਵੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਨਤਮਸਤਕ ਹੋ ਕੇ ਅਰਦਾਸ ਕੀਤੀ ਸੀ।
ਬੀਜੇਪੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਐਸਜੀਪੀਸੀ ਵੱਲੋਂ ਕਰਵਾਏ ਸਮਾਗਮ ਵਿੱਚ ਵੀ ਆਪ ਸਰਕਾਰ ਦੇ ਆਗੂਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ, ਪਰ ਆਮ ਆਦਮੀ ਪਾਰਟੀ ਦੇ ਕਿਸੇ ਵੀ ਮੰਤਰੀ ਜਾਂ ਆਗੂ ਨੇ ਉਸ ਸਮਾਗਮ ਵਿੱਚ ਸ਼ਿਰਕਤ ਨਹੀਂ ਕੀਤੀ। “ਜੇ ਤੁਹਾਡੇ ਲਈ ਸੱਚਮੁੱਚ ਗੁਰੂ ਸਾਹਿਬਾਂ ਪ੍ਰਤੀ ਸ਼ਰਧਾ ਹੈ, ਤਾਂ ਫਿਰ ਤੁਸੀਂ ਐਸਜੀਪੀਸੀ ਦੇ ਇਸ ਮਹੱਤਵਪੂਰਣ ਸਮਾਗਮ ਵਿੱਚ ਕਿਉਂ ਨਹੀਂ ਪਹੁੰਚੇ?” — ਜਾਖੜ ਨੇ ਪੁੱਛਿਆ।
ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਦੀ ਇੱਕ ਹੋਰ ਮਿਸਾਲ ਉਹ ਹੈ ਜਦੋਂ 26 ਅਗਸਤ ਨੂੰ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਸੀ, ਪਰ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤਮਿਲਨਾਡੂ ਦੇ ਮੁੱਖ ਮੰਤਰੀ ਨਾਲ ਬ੍ਰੇਕਫਾਸਟ ਸਕੀਮ ਦੇਖਣ ਗਏ ਹੋਏ ਸਨ। ਉਹਨਾਂ ਨੇ ਕਿਹਾ ਕਿ ਹੁਣ ਉਹੀ ਆਗੂ ਇਸ ਸਮਾਗਮ ਦਾ ਸੱਦਾ ਤਮਿਲਨਾਡੂ ਦੇ ਮੁੱਖ ਮੰਤਰੀ ਨੂੰ ਵੀ ਦੇਕੇ ਆਏ ਸਨ, ਪਰ ਉਹ ਵੀ ਸਮਾਗਮ ਵਿੱਚ ਪਹੁੰਚੇ ਨਹੀਂ। “ਇਸ ਬਾਰੇ ਮੁੱਖ ਮੰਤਰੀ ਅਤੇ ਅਮਨ ਅਰੋੜਾ ਕੀ ਜਵਾਬ ਦੇਣਗੇ?” — ਜਾਖੜ ਨੇ ਸਵਾਲ ਉਠਾਇਆ।
ਸੂਬਾ ਪ੍ਰਧਾਨ ਨੇ ਆਖਿਆ ਕਿ ਸਾਰੇ ਰਾਜਾਂ ਦੇ ਮੁੱਖ ਮੰਤਰੀ ਇਹ ਜਾਣਦੇ ਸਨ ਕਿ ਅਜਿਹੇ ਸਮਾਗਮਾਂ ਪਿੱਛੇ ਸਿਆਸੀ ਉਦੇਸ਼ ਹਨ ਅਤੇ ਆਮ ਆਦਮੀ ਪਾਰਟੀ ਧਰਮ ਨੂੰ ਆਪਣੇ ਰਾਜਨੀਤੀਕ ਹਿੱਤਾਂ ਲਈ ਵਰਤ ਰਹੀ ਹੈ ਇਸੇ ਲਈ ਕਿਸੇ ਨੇ ਵੀ ਇਹਨਾਂ ਦੇ ਇਸ ਸਮਾਗਮ ਵਿੱਚ ਨਾ ਆਉਣਾ ਹੀ ਬਿਹਤਰ ਸਮਝਿਆ, ਕਿਉਂਕਿ ਕੋਈ ਵੀ ਜਿੰਮੇਵਾਰ ਆਗੂ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ।
ਜਾਖੜ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਨਿੱਜੀ ਸਿਆਸਤ ਚਮਕਾਉਣ ਲਈ ਵਿਧਾਨ ਸਭਾ ਸੈਸ਼ਨ ਅਤੇ ਆਪਣੀਆਂ ਫੋਟੋਆਂ ਵਾਲੇ ਬੈਨਰਾਂ ਤੇ ਕਰੋੜਾਂ ਰੁਪਏ ਖਰਚੇ, ਜਦਕਿ ਇਹ ਪੈਸਾ ਜੇਕਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਤੇ ਖਰਚਿਆ ਜਾਂਦਾ ਤਾਂ ਇਹ ਸੂਬੇ ਅਤੇ ਸੰਗਤ ਲਈ ਕਿਤੇ ਵੱਧ ਲਾਭਦਾਇਕ ਹੁੰਦਾ।
ਅੰਤ ਵਿੱਚ, ਸੁਨੀਲ ਜਾਖੜ ਨੇ ਕਿਹਾ ਕਿ ਧਾਰਮਿਕ ਮਸਲਿਆਂ ਨੂੰ ਸਿਆਸੀ ਫਾਇਦੇ ਲਈ ਵਰਤਣਾ ਬਿਲਕੁਲ ਗਲਤ ਹੈ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਆਸੀ ਚਰਚਾ ਦਾ ਕੇਂਦਰ ਬਣਾਉਣਾ, ਆਮ ਆਦਮੀ ਪਾਰਟੀ ਦੇ ਆਗੂਆਂ ਦੀ ਤੰਗ–ਸੋਚ ਅਤੇ ਗਲਤ ਨੀਅਤ ਨੂੰ ਦਰਸਾਉਂਦਾ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਸਦਾ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਿਦਾਨ ਦੀ ਪ੍ਰੇਰਣਾਦਾਇਕ ਵਿਰਾਸਤ ਨੂੰ ਸਨਮਾਨ ਦੇਣ ਲਈ ਵਚਨਬੱਧ ਰਹੀ ਹੈ।