ਮੋਟੇਮਾਜਰਾ ਦੀ ਢਾਬ ਉਤੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ, ਪੰਦਰਾਂ ਦਿਨਾਂ 'ਚ ਪੰਛੀਆਂ ਨਾਲ ਭਰ ਜਾਵੇਗੀ ਪੂਰੀ ਢਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੇ ਰੋਜ਼ਾਨਾ ਦਰਜਨਾਂ ਪੰਛੀ ਪ੍ਰੇਮੀ ਵੀ ਪੰਛੀਆਂ ਨੂੰ ਵੇਖਣ ਲਈ ਆਉਣ ਲੱਗ ਜਾਣਗੇ।

Arrival of migratory birds begins at Motemajra's Dhab

ਬਨੂੜ (ਅਵਤਾਰ ਸਿੰਘ): ਪਿੰਡ ਮੋਟੇਮਾਜਰਾ ਦੀ 25 ਏਕੜ ਦੇ ਕਰੀਬ ਥਾਂ ਵਿਚ ਫੈਲੀ ਹੋਈ ਢਾਬ ਵਿਚ ਸਾਇਬੇਰੀਆ ਅਤੇ ਹੋਰ ਠੰਢੇ ਮੁਲਕਾਂ ਵਿਚੋਂ ਪ੍ਰਵਾਸੀ ਪੰਛੀਆਂ ਦੀ ਆਮਦ ਆਰੰਭ ਹੋ ਗਈ ਹੈ। ਕੱਲ੍ਹ ਢਾਬ ਦੇ ਪਾਣੀ ਉਤੇ ਵੱਖ-ਵੱਖ ਕਿਸਮਾਂ ਦੇ ਦਰਜਨਾਂ ਪੰਛੀ ਤਾਰੀਆਂ ਲਾਉਂਦੇ ਵੇਖੇ ਗਏ।

ਅੱਧ ਦਸੰਬਰ ਤਕ ਸਰਦੀ ਵੱਧਣ ਦੇ ਨਾਲ-ਨਾਲ ਇਥੇ ਪੰਛੀਆਂ ਦੀ ਗਿਣਤੀ ਵੀ ਵੱਡੀ ਰਫ਼ਤਾਰ ਨਾਲ ਵਧ ਜਾਵੇਗੀ ਅਤੇ ਇਥੇ ਰੋਜ਼ਾਨਾ ਦਰਜਨਾਂ ਪੰਛੀ ਪ੍ਰੇਮੀ ਵੀ ਪੰਛੀਆਂ ਨੂੰ ਵੇਖਣ ਲਈ ਆਉਣ ਲੱਗ ਜਾਣਗੇ। ਜਿਹੜੇ ਪੰਛੀ ਹੁਣ ਤਕ ਇਥੇ ਆ ਚੁੱਕੇ ਹਨ, ਉਨ੍ਹਾਂ ਵਿਚ ਨੀਲਾ ਮੱਗ, ਚਿੱਟੀ ਤੇ ਨੀਲੀ ਮੁਰਗਾਬੀ, ਜਲਮੁਰਗੀ, ਨੀਲਾ ਕਾਂ ਤੇ ਹੋਰ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਪ੍ਰਵਾਸੀ ਪੰਛੀ ਸ਼ਾਮਲ ਹਨ।

ਪਿੰਡ ਮੋਟੇਮਾਜਰਾ ਦੇ ਵਸਨੀਕਾਂ ਨੇ ਦਸਿਆ ਕਿ ਜ਼ਿਆਦਾਤਰ ਪੰਛੀ ਕੱਲ੍ਹ ਹੀ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪੰਛੀ ਪਹਿਲੀ ਦਸੰਬਰ ਤੋਂ ਬਾਅਦ ਆਉਂਦੇ ਹਨ, ਪਰ ਇਸ ਸਾਲ ਕੁੱਝ ਦਿਨ ਪਹਿਲਾਂ ਹੀ ਪੰਛੀਆਂ ਦੀ ਆਮਦ ਆਰੰਭ ਹੋ ਗਈ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਠੰਢ ਦੇ ਵਧਣ ਨਾਲ ਪੰਛੀਆਂ ਦੀ ਗਿਣਤੀ ਵਧਦੀ ਜਾਂਦੀ ਹੈ ਅਤੇ ਠੰਢ ਘਟਦਿਆਂ ਹੀ ਪੰਛੀ ਵਾਪਸ ਉਡਾਰੀ ਮਾਰ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਜਦੋਂ ਪੰਛੀਆਂ ਦੇ ਸ਼ਿਕਾਰ ਉਤੇ ਪਾਬੰਦੀ ਨਹੀਂ ਸੀ, ਉਦੋਂ ਮੋਟੇਮਾਜਰਾ ਦੀ ਢਾਬ ਉਤੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ, ਟਿੱਕਾ ਜੀ ਸੋਹਾਣਾ ਸਮੇਤ ਪ੍ਰਭਾਵਸ਼ਾਲੀ ਵਿਅਕਤੀ ਪੰਛੀਆਂ ਦਾ ਸ਼ਿਕਾਰ ਖੇਡਣ ਵੀ ਆਉਂਦੇ ਸਨ। 2010-11 ਵਿਚ ਜਦੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੋਟੇਮਾਜਰਾ ਦੀ ਢਾਬ ਨੂੰ ਸਰਕਾਰ ਵਲੋਂ ਵਿਕਸਤ ਕਰ ਕੇ ਪੰਛੀਆਂ ਦੀ ਰੱਖ ਬਣਾਉਣਾ ਚਾਹੁੰਦੇ ਸਨ, ਪਰ ਉਦੋਂ ਪੰਚਾਇਤ ਦੀ ਸਹਿਮਤੀ ਨਹੀਂ ਬਣ ਸਕੀ।