ਪੱਤਰਕਾਰ ਬਦਸਲੂਕੀ ਮਾਮਲੇ 'ਤੇ ਬੋਲੇ ਭਗਵੰਤ ਮਾਨ : ਮੈਨੂੰ ਨਹੀਂ ਪੈਂਦਾ ਕੋਈ ਫ਼ਰਕ

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਪਹਿਲਾਂ ਅਪਣਾ ਡੋਪ ਟੈਸਟ ਕਰਵਾਉਣ

file photo

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦੇ ਹਨ। ਉਨ੍ਹਾਂ ਨਾਲ ਅਨੇਕਾ ਵਿਵਾਦ ਜੁੜਦੇ ਰਹੇ ਹਨ, ਖ਼ਾਸ ਕਰ ਕੇ ਵਿਰੋਧੀ ਉਨ੍ਹਾਂ 'ਤੇ 'ਸ਼ਰਾਬੀ' ਹੋਣ ਦਾ ਇਲਜ਼ਾਮ ਲਾਉਂਦੇ ਰਹਿੰਦੇ ਹਨ। ਇਸ ਦੇ ਬਾਵਜੂਦ ਭਗਵੰਤ ਮਾਨ ਦੇ ਪ੍ਰਸੰਸਕਾ ਦੀ ਗਿਣਤੀ 'ਚ ਕੋਈ ਕਮੀ ਨਹੀਂ ਆਈ। ਉਹ ਸਮੇਂ ਸਮੇਂ ਸੰਸਦ ਅੰਦਰ ਲੋਕ ਮੁੱਦਿਆਂ ਨੂੰ ਉਠਾਉਂਦੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਵਿਰੋਧੀਆਂ ਵਲੋਂ ਕੀਤੇ ਜਾਂਦੇ ਵੱਡੇ ਸਿਆਸੀ ਹਮਲਿਆਂ ਦੇ ਬਾਵਜੂਦ ਉਨ੍ਹਾਂ ਦੀਆਂ ਬੇਬਾਕ ਟਿੱਪਣੀਆਂ ਜਾਰੀ ਹਨ।

ਤਾਜ਼ਾ ਮਾਮਲੇ 'ਚ ਪੱਤਰਕਾਰਾਂ ਨਾਲ ਖਹਿਬੜਣ ਦੇ ਮੁੱਦੇ ਨੂੰ ਲੈ ਕੇ ਵਿਰੋਧੀਆਂ ਨੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ ਹੋਇਆ ਹੈ। ਪੱਤਰਕਾਰਾਂ ਨਾਲ ਬਦਸਲੂਕੀ ਮਾਮਲੇ ਪੁਛੇ ਗਏ ਸਵਾਲ ਦੇ ਜਵਾਬ 'ਚ ਭਗਵੰਤ ਮਾਨ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਗੁੱਸਾ ਆ ਗਿਆ ਸੀ ਪਰ ਪੱਤਰਕਾਰ ਵਲੋਂ ਪੁੱਛੇ ਗਏ ਸਵਾਲ ਵੀ ਪੂਰੀ ਤਰ੍ਹਾਂ ਸਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਪੱਤਰਕਾਰ ਵਲੋਂ ਅਕਾਲੀ ਦਲ ਨੂੰ ਵਾਰ ਵਾਰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਨ ਕਾਰਨ ਹੀ ਉਸ ਨੂੰ ਗੁੱਸਾ ਆਇਆ ਸੀ।

ਅਕਾਲੀ ਦਲ ਵਲੋਂ ਉਨ੍ਹਾਂ ਵਿਰੁਧ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਜੋ ਮਰਜ਼ੀ ਕਹੀ ਜਾਵੇ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਡੋਪ ਟੈਸਟ ਬਾਰੇ ਅਕਾਲੀ ਦਲ ਦੇ ਹਮਲਿਆਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਪਣਾ ਡੋਪ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦਾ ਡੋਪ ਟੈਸਟ ਕਰਵਾਉਣ 'ਤੇ ਪਤਾ ਨਹੀਂ ਕੀ-ਕੀ ਨਿਕਲੇਗਾ।

ਨਸ਼ਿਆਂ ਦੇ ਮੁੱਦੇ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਤਾਂ ਪੰਜਾਬ ਦੀ ਪੂਰੀ ਜਵਾਨੀ ਨਸ਼ੇ 'ਤੇ ਲਾ ਦਿਤੀ ਹੈ, ਕਿਸ ਕਿਸ ਦਾ ਡੋਪ ਟੈਸਟ ਕਰਵਾਇਆ ਜਾਵੇਗਾ?

ਉਨ੍ਹਾਂ ਅਕਾਲੀ ਦਲ ਨੂੰ ਵੰਗਾਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਕਿੰਨੇ ਨੌਜਵਾਨ ਨਸ਼ਿਆਂ ਕਾਰਨ ਮਰੇ ਹਨ, ਕੀ ਇਸ ਦਾ ਡੋਪ ਟੈਸਟ ਕਰਵਾਇਆ ਜਾਵੇਗਾ? ਉਨ੍ਹਾਂ ਕਿਹਾ ਕਿ ਅਕਾਲੀ ਖੁਦ ਹੀ ਮਾਨਸਿਕ ਤੌਰ 'ਤੇ ਫਿੱਟ ਨਹੀਂ ਹਨ, ਕਿਉਂਕਿ ਆਮ ਆਦਮੀ ਪਾਰਟੀ ਨੇ ਹੀ ਇਨ੍ਹਾਂ ਨੂੰ ਪਹਿਲੀ ਵਾਰ ਤੀਜੇ ਨੰਬਰ 'ਤੇ ਪਹੁੰਚਾ ਦਿਤਾ ਹੈ, ਜਿਸ ਕਾਰਨ ਇਹ ਬੁਖਲਾ ਗਏ ਹਨ।