ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿਚ ਪਾਰਲੀਮੈਂਟ 'ਚ 'ਆਪ' ਦੇ ਸਾਂਸਦਾਂ ਨੇ ਕੀਤੀ ਨਾਹਰੇਬਾਜ਼ੀ
ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿਚ ਪਾਰਲੀਮੈਂਟ 'ਚ 'ਆਪ' ਦੇ ਸਾਂਸਦਾਂ ਨੇ ਕੀਤੀ ਨਾਹਰੇਬਾਜ਼ੀ
ਲੋਕ ਨੁਮਾਇੰਦਿਆਂ ਦੀ ਗੱਲ ਵੀ ਨਾ ਸੁਣੀ
ਚੰਡੀਗੜ੍ਹ, 25 ਦਸੰਬਰ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅੱਜ ਕਿਸਾਨਾਂ ਦੀ ਆਵਾਜ਼ ਚੁਕਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਹਾਜ਼ਰੀ ਵਿਚ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਨਾਹਰੇਬਾਜ਼ੀ ਕੀਤੀ | ਇਸ ਸਬੰਧੀ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਅਪਣੇ ਜੁਮਲੇ ਬੋਲਣੇ ਸ਼ੁਰੂ ਕੀਤੇ ਤਾਂ 'ਆਪ' ਦੇ ਸੰਸਦ ਮੈਂਬਰਾਂ ਨੇ ਪਿਛਲੇ ਕਰੀਬ ਇਕ ਮਹੀਨੇ ਤੋਂ ਸਰਦ ਰਾਤਾਂ ਵਿਚ ਦਿੱਲੀ ਦੀ ਸਰਹੱਦ 'ਤੇ ਬੈਠੇ ਪੰਜਾਬ, ਹਰਿਆਣਾ, ਯੂ.ਪੀ ਸਮੇਤ ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਕਿਸਾਨਾਂ ਦੀ ਆਵਾਜ਼ ਮੋਦੀ ਤਕ ਪਹੁੰਚਾਉਣ ਦਾ ਯਤਨ ਕੀਤਾ, ਪ੍ਰੰਤੂ ਕਾਲੇ ਕਾਨੂੰਨਾਂ ਦੀ ਖ਼ਿਲਾਫ਼ਤ ਕਰ ਰਹੇ ਇਨ੍ਹਾਂ ਕਿਸਾਨਾਂ ਦੀ ਆਵਾਜ਼ ਉਠਾਉਣ ਵਾਲੇ ਸੰਸਦ ਮੈਂਬਰਾਂ ਨਾਲ ਬਿਨਾਂ ਬੋਲੇ ਹੀ ਮੋਦੀ ਉਥੋਂ ਖਿਸਕ ਗਏ | ਉਨ੍ਹਾਂ ਕਿਹਾ ਕਿ ਸੰਪੂਰਨ ਦੇਸ ਨੇ ਅੱਜ ਵੇਖ ਲਿਆ ਕਿ 56 ਇੰਚ ਦੀ ਛਾਤੀ ਦਾ ਦਾਅਵਾ ਕਰਨ ਵਾਲੇ ਮੋਦੀ ਆਮ ਆਦਮੀ ਪਾਰਟੀ ਦੇ ਦੋ ਸੰਸਦ ਮੈਂਬਰਾਂ ਦੇ ਕਿਸਾਨਾਂ ਸਬੰਧੀ ਸਵਾਲਾਂ ਤੋਂ ਤੋਂ ਡਰ ਕੇ ਚੁੱਪੀ ਧਾਰ ਗਏ | ਅਰੋੜਾ ਨੇ ਕਿਹਾ ਕਿ ਜਿਸ ਤਰਾਂ ਸ਼ਹੀਦ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਸੈਂਟਰਲ ਹਾਲ ਅਸੈਂਬਲੀ ਦਿੱਲੀ ਵਿਚ ਬੰਬ ਸੁੱਟ ਕੇ ਅਪਣੀ ਆਵਾਜ਼ ਗੁੰਗੀ-ਬੋਲੀ ਬਿ੍ਟਿਸ਼ ਹਕੂਮਤ ਤਕ ਪਹੁੰਚਾਈ ਸੀ, ਉਸੇ ਤਰ੍ਹਾਂ ਹੀ ਦੇਸ਼ ਦੀ ਮਿੱਟੀ ਦੇ ਸਪੂਤਾਂ ਨੇ ਅੱਜ ਅੰਨਦਾਤਾ ਦੀ ਆਵਾਜ਼ ਉਠਾਉਣ ਲਈ ਅਸੈਂਬਲੀ ਵਿਚ ਪ੍ਰਧਾਨ ਮੰਤਰੀ ਦੇ ਸਾਹਮਣੇ ਹੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਗੱਲ ਰੱਖੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹੁਣ ਕਿਸਾਨਾਂ ਨਾਲ ਪੱਤਰ-ਪੱਤਰ ਅਤੇ ਮੀਟਿੰਗ-ਮੀਟਿੰਗ ਖੇਡ ਕੇ
ਉਨ੍ਹਾਂ ਦੀਆਂ ਜਾਇਜ਼ ਮੰਗਾਂ ਤੋਂ ਭਟਕਾਉਣਾ ਚਾਹੁੰਦੀ ਹੈ, ਪ੍ਰੰਤੂ ਉਨ੍ਹਾਂ ਨੂੰ ਇਹ ਵਹਿਮ ਹੈ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਬਿਨਾਂ ਮਨਵਾਏ ਹੀ ਵਾਪਸ ਮੁੜ ਜਾਣਗੇ |