ਪਹਿਲਾਂ ਕਿਸਾਨੀ ਲਈ ਕੈਨੇਡਾ ਦੀ ਕੁਰਬਾਨੀ ਦਿੱਤੀ, ਤੇ ਹੁਣ 22 ਸਾਲਾਂ ਦੀ ਉਮਰ 'ਚ.....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ

Jathinder Singh

ਸੰਗਰੂਰ: (ਲੰਕੇਸ਼ ਤ੍ਰਿਖਾ)ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ ਪਰ ਇਸ ਕਿਸਾਨੀ ਮੋਰਚੇ ਵਿਚ  ਬਹੁਤ ਸਾਰੇ ਕਿਸਾਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਅਜਿਹਾ ਹੀ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ 22 ਸਾਲਾਂ ਜਤਿੰਦਰ ਆਪਣੀ ਦਲੇਰੀ, ਆਪਣਾ ਹੌਂਸਲਾ  ਤੇ ਆਪਣੀ ਜ਼ਿੰਦਾ ਦਿੱਲੀ ਦੀ ਮਿਸਾਲ ਨੂੰ ਕਾਇਮ ਰੱਖਦਿਆਂ ਇਸ ਕਿਸਾਨੀ ਸੰਘਰਸ਼ ਲਈ ਕੁਰਬਾਨ ਹੋ ਗਿਆ। ਜੱਗ ਦੇ ਲਈ ਤਾਂ ਜਤਿੰਦਰ ਸ਼ਹੀਦ ਹੈ ਪਰ ਉਸ ਮਾਂ ਦੇ ਕੋਲੋਂ ਪੁੱਛ ਕੇ ਦੇਖੋ ਜਿਸ ਮਾਂ ਦੀ ਦੁਨੀਆ ਉਸਦੀ ਔਲਾਦ ਦੇ ਵਿਚ ਵਸਦੀ ਹੈ।

ਇਹ ਕਿਸਾਨੀ ਸੰਘਰਸ਼ ਤੇ ਉਸਦੀ ਦਾਸਤਾਨ ਦੇ ਵਿਚੋਂ ਇਕ ਚੀਖ ਸੁਣਾਈ ਦਿੰਦੀ ਹੈ। ਜਤਿੰਦਰ ਦੇ ਘਰ ਦੀ ਖਾਮੋਸ਼ ਫਿਜ਼ਾ, ਕੰਧਾਂ ਵਿਚਲੀ ਕੱਲੀ ਕੱਲੀ ਇੱਟ, ਤੇ ਘਰ ਅੰਦਰ ਪਸਰਿਆ ਮਾਤਮ ਜਤਿੰਦਰ ਦੇ ਵਕਤ ਤੋਂ ਪਹਿਲਾਂ ਤੁਰ ਜਾਣ ਦੇ ਦਰਦ ਨੂੰ ਇਤਿਹਾਸ ਦੇ ਵਿਚ ਦਰਜ ਕਰਵਾਉਂਦਾ ਹੈ। ਜਤਿੰਦਰ ਦੀ ਜ਼ਿੰਦਗੀ 2 ਮਹੀਨੇ ਪਹਿਲਾਂ ਬਿਲਕੁਲ ਬਦਲ ਚੁੱਕੀ ਸੀ ਕਿਓਂਕਿ ਜਤਿੰਦਰ ਦੀ ਜ਼ਿੰਦਗੀ ਦੇ ਵਿਚ ਦਸਤਕ ਦਿੱਤੀ ਸੀ ਜਤਿੰਦਰ ਦੀ ਹਮਸਫਰ ਗੁਰਵਿੰਦਰ ਕੌਰ ਨੇ।

ਸਪੋਕਸਮੈਨ ਦੇ ਪੱਤਰਕਾਰ  ਵੱਲੋਂ ਜਤਿੰਦਰ ਦੀ ਮਾਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਜਤਿੰਦਰ  ਦੀ ਮਾਂ  ਨੇ ਦੱਸਿਆ ਕਿ ਜਤਿੰਦਰ  ਅਕਸਰ ਕਹਿੰਦਾ ਹੁੰਦਾ ਸੀ  ਮੰਮੀ ਜੇ ਤੂੰ ਮਰ ਗਈ ਤਾਂ ਮੈਂ ਤੇਰੇ ਨਾਲ ਮਰੂੰਗਾ' ਮੈਂ ਵੀ ਪੁੱਛ ਲੈਂਦੀ ਕੇ ਤੂੰ ਕੀ ਕਰੇਂਗਾ ਤਾਂ ਕਹਿ ਦਿੰਦਾ ਕੇ ਮੈਂ ਸਪਰੇ ਪੀ ਕੇ ਮਰ ਜਾਵਾਂਗਾ! ਪਰ ਵਕਤ ਦੀ ਖੇਡ ਕੌਣ ਸਮਝ ਪਾਇਆ ਖੁਸ਼ਕਿਸਮਤ ਸੀ ਜਤਿੰਦਰ ਜੋ ਜਿਉਂਦੇ ਜੀ ਆਪਣੀ ਮਾਂ ਤੋਂ ਵਿਛੋੜੇ ਦਾ ਦੁੱਖ ਉਸਦੇ ਲੇਖਾਂ 'ਚ ਨਹੀਂ ਸੀ ਲਿਖਿਆ ਪਰ ਰੱਬ ਕਿਸ ਤਰ੍ਹਾਂ ਇਹਨਾਂ ਬੇ ਰਹਿਮ ਹੋ ਸਕਦਾ ਹੈ ਕਿ ਮਾਂ ਦੇ ਕੋਲੋਂ ਉਸਦਾ ਪੁੱਤਰ ਖੋ ਲਿਆ। ਜਤਿੰਦਰ ਦੀਆਂ ਨਿਸ਼ਾਨੀਆਂ ਦੇ ਸਹਾਰੇ ਜਤਿੰਦਰ ਦੇ ਮਾਤਾ ਜੀ ਰਾਹਤ ਲੱਭਣ ਦੀ ਕੋਸ਼ਿਸ਼ ਕਰ ਰਹੇ  ਹਨ।

ਜਤਿੰਦਰ ਦੀ ਸ਼ਰਟ ਜਿਸਦੇ ਵਿਚ ਮਾਂ ਨੇ ਗੰਢ ਬੰਨ ਕੇ ਜਤਿੰਦਰ ਦੀ ਸਿਵਿਆ ਦੀ ਰਾਖ ਨੂੰ ਰੱਖਿਆ ਹੈ। ਜਤਿੰਦਰ ਦੇ ਬੂਟਾਂ ਦਾ ਜੋੜਾ ਮਾਂ ਨੇ ਛਾਤੀ ਦੇ ਨਾਲ ਲਾ ਕੇ ਰੱਖਿਆ ਹੋਇਆ  ਹੈ ਜੋ ਉਸਨੇ ਜਾਂਦੇ ਹੋਏ ਪਾਏ ਸਨ। ਜਤਿੰਦਰ  ਦੇ ਮਾਤਾ ਨੇ ਦੱਸਿਆ ਕਿ ਜਤਿੰਦਰ  ਬਹੁਤ ਸਾਊ ਸੀ ਜੋ ਚੀਜ਼ ਮੰਗਦਾ ਸੀ ਉਹ ਹੀ ਹਾਜ਼ਰ ਹੋ ਜਾਂਦੀ ਸੀ। ਕੋਈ ਨਸ਼ਾ ਨਹੀਂ ਸੀ ਕਰਦਾ।  ਜਤਿੰਦਰ ਦੇ ਮਾਮਾ ਜੀ ਨੇ ਦੱਸਿਆ ਕਿ ਐਮਬੂਲੈਂਸ ਦੇ ਵਿਚ ਹਸਪਤਾਲ ਜਾ ਰਹੇ ਜਤਿੰਦਰ ਨੇ ਮੈਨੂੰ ਕਿਹਾ ਸੀ ਕਿ ਮਾਮਾ ਤੂੰ ਜਾਣਾ ਨਹੀਂ ਤੂੰ ਇਥੇ ਹੀ ਰਹੀ ਮੇਰੀ ਸੱਟ ਥੋੜੀ ਜਿਹੀ ਹੈ ਮੈਂ ਠੀਕ ਹੋ ਜਾਣਾ ਹੈ ਫੇਰ ਅਸੀਂ ਦਿੱਲੀ ਚਲਾਂਗੇ।

ਜਤਿੰਦਰ ਦੇ ਦੋਸਤ ਨੇ ਦੱਸਿਆ ਕਿ ਜਤਿੰਦਰ ਇੱਕ ਖੁਸ਼ਨੁਮਾ ਜ਼ਿੰਦਗੀ ਜਿਉਣ ਵਾਲਾ ਇੱਕ ਜ਼ਿੰਦਾ ਦਿਲ ਨੌਜਵਾਨ ਸੀ ਜੋ ਮਜ਼ਾਕ ਤੇ ਮਖੌਲ ਦੇ ਨਾਲ ਲੋਕਾਂ ਦਾ ਦਿਲ ਲਗਾ ਕੇ ਰੱਖਦਾ ਸੀ। ਜੋ ਅਕਸਰ ਕਹਿੰਦਾ ਰਹਿੰਦਾ ਸੀ ਕਿ  ਜੇ ਮੈਂ ਘਰ ਵਾਪਿਸ ਨਾ ਮੁੜਿਆ ਤਾਂ ਮੇਰਾ ਟ੍ਰੈਕਟਰ ਨਾ ਵੇਚਣਾ। ਮਜ਼ਾਕ ਦੇ ਵਿਚ ਜਤਿੰਦਰ ਦੇ ਮੂੰਹੋਂ ਨਿਕਲੇ ਇਹ ਬੋਲ ਕਿਸੇ ਨੂੰ ਨਹੀਂ ਪਤਾ ਸੀ ਕੇ ਸੱਚ ਸਾਬਿਤ ਹੋਣਗੇ। ਜਿਸ ਟ੍ਰੈਕਟਰ ਦੇ ਨਾਲ ਜਤਿੰਦਰ ਦਾ ਇਹਨਾਂ ਗੂੜਾ ਪਿਆਰ ਸੀ ਉਹੀ ਟ੍ਰੈਕਟਰ ਜਤਿੰਦਰ ਦੇ ਲਈ ਮੌਤ ਬਣਕੇ ਆਇਆ।

ਜਤਿੰਦਰ ਦੇ ਪਿਤਾ ਸੁਖਪਾਲ ਸਿੰਘ ਨੇ ਆਪਣਾ ਮੁੰਡਾ ਤਾਂ ਗਵਾ ਲਿਆ ਪਰ ਹਿੰਮਤ ਤੇ ਹੌਂਸਲਾ ਬਰਕਰਾਰ ਹੈ। ਜਤਿੰਦਰ ਦੀ ਮੌਤ ਨੇ ਪਿਤਾ ਨੂੰ ਝੰਜੋੜਿਆ ਤਾਂ ਜ਼ਰੂਰ ਹੋਵੇਗਾ ਪਰ ਤੋੜਿਆ ਨਹੀਂ। ਜਤਿੰਦਰ  ਦੇ ਪਿਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ  ਮੌਤ ਤਾਂ ਹੋਣੀ ਸੀ ਪਰ ਜਤਿੰਦਰ ਦੀ ਮੌਤ ਕਿਸਾਨੀ ਸੰਘਰਸ਼ ਵਿਚ ਹੋਈ ਹੈ ਉਹਨਾਂ ਕਿਹਾ ਕਿ ਅਸੀਂ  ਧਰਨੇ ਤੇ ਤਾਂ ਹੁਣ ਵੀ ਜਾਵਾਂਗੇ ਪਿੱਛੇ ਨਹੀਂ ਹਟਾਂਗੇ। 

ਇਨਕਲਾਬ ਦਾ ਜੋਸ਼ ਕਿਥੇ ਲਹੂ ਠੰਡਾ ਪੈਣ ਦਿੰਦਾ ਹੈ। ਜਤਿੰਦਰ ਜਿਸਨੂੰ ਵੀ ਦੇਖਦਾ ਉਸਨੂੰ ਕਹਿ ਦਿੰਦਾ ਕੇ ਚਲੋ ਦਿੱਲੀ ਚਲੀਏ। ਇਹ ਜਜ਼ਬਾ ਹੀ ਤਾਂ ਸੀ ਜਿਸਨੇ ਜਤਿੰਦਰ ਨੂੰ ਘਰ ਨਹੀਂ ਬੈਠਣ ਦਿੱਤਾ। ਕਿਸਾਨੀ ਰਗਾਂ ਚ ਦੌੜਦਾ ਉਹ ਇਸ਼ਕ ਹੈ ਜਿਸ ਨਾਲ ਵਿਛੋੜਾ ਮੁਮਕਿਨ ਨਹੀਂ, ਜਤਿੰਦਰ ਦੇ ਕੋਲ ਇਕ ਹੋਰ ਰਸਤਾ ਮੌਜੂਦ ਸੀ ਉਹ ਰਸਤਾ ਕੈਨੇਡਾ ਲੈਕੇ ਜਾਂਦਾ ਹੈ ਜਿਥੇ ਜਤਿੰਦਰ ਦਾ ਭਰਾ ਇੰਦਰ ਰੋਜ਼ੀ ਰੋਟੀ ਲਈ ਕੰਮ ਕਰਦਾ ਹੈ ਪਰ ਜਤਿੰਦਰ ਵਲੋਂ ਸਾਫ ਇਨਕਾਰ ਸੀ ਕੇ ਉਹ ਕੈਨੇਡਾ ਨਹੀਂ ਜਾਵੇਗਾ ਕਿਓਂਕਿ ਕਿਸਾਨੀ ਤੋਂ ਬਿਨਾ ਜਤਿੰਦਰ ਖੁਦ ਨੂੰ ਅਧੂਰਾ ਸਮਝਦਾ ਸੀ।

ਕੋਈ ਸ਼ਖਸ ਜਦੋਂ ਇਸ ਜਹਾਨ  ਨੂੰ ਅਲਵਿਦਾ  ਕਹਿੰਦਾ ਹੈ ਤਾਂ ਪਿੱਛੇ ਇੱਕ ਜਹਾਨ ਛੱਡ ਜਾਂਦਾ ਹੈ ਜੋ ਜਹਾਨ ਉਸ ਸ਼ਖਸ ਦੀ ਗੈਰ ਮੌਜੂਦਗੀ ਦੇ ਵਿਚ ਅਧੂਰਾ ਹੁੰਦਾ ਹੈ

                             ਜਿਹੜੇ ਰਾਹ ਚੁਣਦੇ ਕੁਰਬਾਨੀਆਂ ਦੇ ਉਹ ਯਾਦ ਉਮਰਾਂ ਲਈ ਕੀਤੇ ਜਾਂਦੇ ਨੇ
                            ਜਿਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਉਹ ਨਾ ਕਿਸੇ ਕੋਲੋਂ ਝੁਕਾਏ ਜਾਂਦੇ ਨੇ
                            ਮੌਤ ਨੂੰ ਬੁੱਕਲ 'ਚ ਭਰ ਲੈਂਦੇ ਜਿੰਨਾ ਨੂੰ ਖੌਫ ਸਤਾਉਂਦਾ ਨਾ
                            ਜਾਬਰਾਂ ਦੇ ਅਗੇ ਜਿਗਰਾ ਉਹਨਾਂ ਦਾ ਛੇਤੀ ਕੀਤੇ ਘਬਰਾਉਂਦਾ ਨਾ..

ਜਤਿੰਦਰ ਤੇਰੀ ਮੌਤ ਨੇ ਤੈਨੂੰ ਅਮਰ ਕਰ ਦਿੱਤਾ। ਤੂੰ ਮਿਸਾਲ ਕਾਇਮ ਕਰ ਗਿਆ।  ਇਹ ਸਫ਼ਰ ਸੰਘਰਸ਼ ਏ ਕੁਰਬਾਨੀਆਂ ਤਵਾਰੀਖ ਚ ਦਰਜ ਕਰਵਾਏਗਾ। ਜਤਿੰਦਰ ਤਾਂ ਖੈਰ ਇਨਕਲਾਬ ਦੀ ਖੁਸ਼ਬੂ ਬਣ ਕੇ ਫਿਜ਼ਾ ਦੇ ਵਿਚ  ਸ਼ਾਮਿਲ ਹੋ ਗਿਆ ਪਰ ਅਗਲੀ ਕਹਾਣੀ ਦੇ ਵਿਚ ਤੁਹਾਨੂੰ ਮਿਲਾਵਾਂਗੇ ਬਲਜਿੰਦਰ ਸਿੰਘ ਦੇ ਨਾਲ ਜੋ ਹੱਕ ਦੀ ਲੜਾਈ ਲੜਨ ਦੇ ਲਈ ਦਿੱਲੀ ਪਹੁੰਚਿਆ ਪਰ ਹਾਦਸੇ ਦੇ ਵਿਚ ਉਸ ਦਾ ਹੱਥ ਵੱਡਿਆ ਗਿਆ। 

ਬਲਜਿੰਦਰ ਨੂੰ ਜਦੋਂ  ਅਸੀਂ ਕਿਹਾ ਕੇ ਮਿੱਤਰਾ ਤੂੰ ਤਾਂ ਹੀਰੋ ਹੈ ਇਸ ਸੰਘਰਸ਼ ਦਾ ਹਸਦਾ ਹੋਇਆ ਕਹਿਣ ਲੱਗਾ ਕੇ ਹੀਰੋ ਮੈਂ ਨਹੀਂ ਜਤਿੰਦਰ ਤੇ ਧੰਨਾ ਸਿੰਘ ਹਨ ਜਿੰਨਾ ਦੀ ਜਾਣ ਚਲੀ ਗਈ। 

ਤੁਸੀਂ ਦੇਖ ਰਹੇ ਸੀ ਸੰਘਰਸ਼ ਏ ਕੁਰਬਾਨੀ.. ਐਂਕਰ ਦਾ ਨਾਮ ਹੈ ਲੰਕੇਸ਼ ਤ੍ਰਿਖਾ ਪ੍ਰੋਡਕਸ਼ਨ ਨੂੰ ਸੰਭਾਲ ਰਹੇ ਪ੍ਰੇਮ ਸਿੰਘ ਤੇ ਕੈਮਰੇ 'ਚ ਤਸਵੀਰਾਂ ਨੂੰ  ਕੈਦ ਕਰ ਰਹੇ ਸਨ ਦਲਵੀਰ।