ਦਾਦੂਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਦੇ ਕਸੀਦੇ ਪੜ੍ਹੇ

ਏਜੰਸੀ

ਖ਼ਬਰਾਂ, ਪੰਜਾਬ

ਦਾਦੂਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਦੇ ਕਸੀਦੇ ਪੜ੍ਹੇ

image

ਸਿੱਖਾਂ ਦੇ ਰਹਿੰਦੇ ਮਸਲਿਆਂ ਬਾਰੇ ਮੁਲਾਕਾਤ ਲਈ ਮੋਦੀ ਨੂੰ ਲਿਖਿਆ ਪੱਤਰ
 

ਚੰਡੀਗੜ੍ਹ, 25 ਦਸੰਬਰ (ਗੁਰਉਪਦੇਸ਼ ਭੁੱਲਰ): ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁਲ੍ਹ ਕੇ ਸ਼ਲਾਘਾ ਦੇ ਕਸੀਦੇ ਪੜ੍ਹਦਿਆਂ ਸਿੱਖਾਂ ਦੇ ਬਾਕੀ ਮਸਲੇ ਹੱਲ ਕਰਵਾਉਣ ਲਈ ਗੱਲਬਾਤ ਦਾ ਸਮਾਂ ਮੰਗਦਿਆਂ ਮੁਲਾਕਾਤ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। 
ਅੱਜ ਇਥੇ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਾਦੂਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਦੇ ਕਈ ਮਸਲੇ ਹੱਲ ਕਰਨ ਲਈ ਸ਼ਲਾਘਾਯੋਗ ਕੰਮ ਕੀਤੇ ਹਨ ਪਰ ਸਿੱਖਾਂ ਦੇ ਹੋਰ ਵੀ ਬਹੁਤ ਮਸਲੇ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਦਾਦੂਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਪ੍ਰਧਾਨ ਮੰਤਰੀ ਨੇ ਪਿਛਲੇ ਸਮੇਂ ਵਿਚ ਸਿੱਖ ਸੰਗਤਾਂ ਦੇ ਦਰਸ਼ਨ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ,ਕਾਲੀਆਂ ਸੂਚੀਆਂ ਖ਼ਤਮ ਕਰਨ, ਖੇਤੀ ਕਾਨੂੰਨ ਗੁਰਪੁਰਬ ਮੌਕੇ ਵਾਪਸ ਲੈਣ ਵਰਗੇ ਸ਼ਲਾਘਾਯੋਗ ਫ਼ੈਸਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਥੇ ਉਹ ਮੋਦੀ ਦਾ ਇਸ ਲਈ ਬਹੁਤ ਧਨਵਾਦ ਕਰਦੇ ਹਨ, ਉਥੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਦੇ ਇਨਸਾਫ਼ ਗੁਰਦਵਾਰਾ ਸ੍ਰੀ ਗਿਆਨ ਗੋਦੜੀ ਸਾਹਿਬ ਦੀ ਉਸਾਰੀ ਮੁੜ ਮੂਲ ਸਥਾਨ ਤੇ ਕਰਨ, ਦਿੱਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਂ ਉਪਰ ਰੱਖਣ, ਕਰਤਾਰਪੁਰ ਸਾਹਿਬ ਤੇ ਪਾਕਿਸਤਾਨ ਵਿਚਲੇ ਹੋਰ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਤਾਂ ਨਰਮ ਕਰਨ ਅਤੇ ਸਾਹਿਬਜ਼ਾਦਿਆਂ ਦੇ ਦਿਨ ਭਾਰਤ ਸਰਕਾਰ ਵਲੋਂ ਦੇਸ਼ ਪੱਧਰ ’ਤੇ ਮਨਾਉਣ ਦੀਆਂ ਮੰਗਾਂ ਮੰਨਣ ਦੀ ਅਪੀਲ ਕਰਦੇ ਹਨ ਅਤੇ ਇਨ੍ਹਾਂ ਹੀ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੁੰਦੇ ਹਨ।